ਭਾਰਤੀ ਕਾਨੂੰਨ ਇਕੱਲੇ ਵਿਅਕਤੀ ਨੂੰ ਬੱਚਾ ਗੋਦ ਲੈਣ ਦੀ ਦਿੰਦਾ ਹੈ ਆਗਿਆ : ਸੁਪਰੀਮ ਕੋਰਟ

Thursday, May 11, 2023 - 10:25 AM (IST)

ਭਾਰਤੀ ਕਾਨੂੰਨ ਇਕੱਲੇ ਵਿਅਕਤੀ ਨੂੰ ਬੱਚਾ ਗੋਦ ਲੈਣ ਦੀ ਦਿੰਦਾ ਹੈ ਆਗਿਆ : ਸੁਪਰੀਮ ਕੋਰਟ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹ ਮਾਮਲੇ ਦੀ ਸੁਣਵਾਈ ਦੌਰਾਨ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਕਾਨੂੰਨ ਵਿਆਹੁਤਾ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਇਕੱਲੇ ਵਿਅਕਤੀ ਨੂੰ ਵੀ ਬੱਚਾ ਗੋਦ ਲੈਣ ਦੀ ਆਗਿਆ ਦਿੰਦਾ ਹੈ। ਰਾਸ਼ਟਰੀ ਬਾਲ ਅਧਿਕਾਰ ਹਿਫਾਜ਼ਤ ਕਮਿਸ਼ਨ (ਐੱਨ.ਸੀ.ਪੀ.ਸੀ.ਆਰ.) ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਸਬੰਧੀ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ ਕਿ ਲਿੰਗ ਦੀ ਧਾਰਨਾ ‘ਪਰਵਰਤਨਸ਼ੀਲ’ ਹੋ ਸਕਦੀ ਹੈ ਪਰ ਮਾਂ ਅਤੇ ਮਮਤਾ ਨਹੀਂ। ਕਮਿਸ਼ਨ ਨੇ ਵੱਖ-ਵੱਖ ਕਾਨੂੰਨਾਂ ’ਚ ਬੱਚੇ ਦੀ ਭਲਾਈ ਸਭ ਤੋਂ ਉੱਪਰ ਰੱਖੇ ਜਾਣ ਦਾ ਜ਼ਿਕਰ ਕਰਦੇ ਹੋਏ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨ ਬੈਂਚ ਨੂੰ ਦੱਸਿਆ ਕਿ ਇਹ ਕਈ ਫੈਸਲਿਆਂ ’ਚ ਕਿਹਾ ਗਿਆ ਹੈ ਕਿ ਬੱਚੇ ਨੂੰ ਗੋਦ ਲੈਣਾ ਮੌਲਿਕ ਅਧਿਕਾਰ ਨਹੀਂ ਹੈ।

ਇਸ ’ਤੇ ਬੈਂਚ ਨੇ ਕਿਹਾ ਕਿ ਇਹ ਤੱਥ ਸਹੀ ਹੈ ਕਿ ਇਕ ਬੱਚੇ ਦੀ ਭਲਾਈ ਸਭ ਤੋਂ ਉੱਪਰ ਹੈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਵੱਖ-ਵੱਖ ਕਾਰਨਾਂ ਕਰ ਕੇ ਗੋਦ ਲੈਣ ਦੀ ਆਗਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ,‘‘ਇੱਥੋਂ ਤੱਕ ਕਿ ਇਕ ਇਕੱਲਾ ਵਿਅਕਤੀ ਵੀ ਬੱਚਾ ਗੋਦ ਲੈ ਸਕਦਾ ਹੈ। ਅਜਿਹੇ ਮਰਦ ਜਾਂ ਔਰਤ, ਮੋਨੋਗੈਮਸ ਸਬੰਧ ’ਚ ਹੋ ਸਕਦੇ ਹਨ। ਜੇਕਰ ਤੁਸੀਂ ਸੰਤਾਨ ਪੈਦਾ ਕਰਨ ’ਚ ਸਮਰੱਥ ਹੋ, ਤਾਂ ਵੀ ਤੁਸੀਂ ਬੱਚਾ ਗੋਦ ਲੈ ਸਕਦੇ ਹੋ। ਜੈਵਿਕ ਸੰਤਾਨ ਪੈਦਾ ਕਰਨ ਦੀ ਕੋਈ ਲਾਜ਼ਮੀਅਤਾ ਨਹੀਂ ਹੈ।’’ ਬੈਂਚ ਨੇ ਕਿਹਾ ਕਿ ਕਾਨੂੰਨ ਮੰਨਦਾ ਹੈ ਕਿ ‘ਆਦਰਸ਼ ਪਰਿਵਾਰ’ ਦੇ ਆਪਣੇ ਜੈਵਿਕ ਸੰਤਾਨ ਹੋਣ ਤੋਂ ਇਲਾਵਾ ਵੀ ਕੁਝ ਸਥਿਤੀਆਂ ਹੋ ਸਕਦੀਆਂ ਹਨ।

ਜਸਟਿਸ ਚੰਦਰਚੂੜ ਨੂੰ ਸੁਣਵਾਈ ਤੋਂ ਹਟਾਉਣ ਦੀ ਪਟੀਸ਼ਨ ਖਾਰਿਜ

ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਸਬੰਧੀ ਪਟੀਸ਼ਨਾਂ ਦੀ ਸੁਣਵਾਈ ਤੋਂ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਹਟਾਏ ਜਾਣ ਦੀ ਅਰਜ਼ੀ ਬੁੱਧਵਾਰ ਨੂੰ ਖਾਰਜ ਕਰ ਦਿੱਤੀ। ਵੀਡੀਓ ਕਾਨਫਰੰਸ ਰਾਹੀਂ ਪੇਸ਼ ਅੰਸਨ ਥਾਮਸ ਨਾਮਕ ਇਕ ਵਿਅਕਤੀ ਨੇ ਸੀ.ਜੇ.ਆਈ. ਨੂੰ 13 ਮਾਰਚ ਅਤੇ 17 ਅਪ੍ਰੈਲ ਨੂੰ ਭੇਜੇ ਆਪਣੇ ਪੱਤਰਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਜਸਟਿਸ ਚੰਦਰਚੂੜ ਨੂੰ ਇਸ ਮਾਮਲੇ ਤੋਂ ਖੁਦ ਨੂੰ ਵੱਖ ਕਰ ਲੈਣਾ ਚਾਹੀਦਾ ਹੈ। ਚੀਫ਼ ਜਸਟਿਸ ਨੇ ਕਿਹਾ,‘‘ਧੰਨਵਾਦ, ਸ਼੍ਰੀਮਾਨ ਥਾਮਸ, ਅਰਜ਼ੀ ਖਾਰਿਜ ਕੀਤੀ ਜਾਂਦੀ ਹੈ।’’


author

DIsha

Content Editor

Related News