ਭਾਰਤ ''ਚ ਅਗਲੇ ਕੁਝ ਮਹੀਨਿਆਂ ''ਚ ਆਵੇਗਾ ''ਪ੍ਰਲੈ'' ਵਰਗਾ ਮੌਸਮ, 180 ਤੋਂ ਵੱਧ ਵਿਗਿਆਨੀਆਂ ਦੀ ਚਿਤਾਵਨੀ
Saturday, Sep 19, 2026 - 10:43 PM (IST)
ਨਵੀਂ ਦਿੱਲੀ : 180 ਤੋਂ ਵੀ ਵੱਧ ਵਿਗਿਆਨੀਆਂ ਨੇ ਸਾਲ 2026-27 ਵਿੱਚ ਇੱਕ ਸ਼ਕਤੀਸ਼ਾਲੀ 'ਅਲ-ਨੀਨੋ' (El Niño) ਦੇ ਆਉਣ ਦੀ ਗੰਭੀਰ ਚਿਤਾਵਨੀ ਦਿੱਤੀ ਹੈ। ਵਿਗਿਆਨੀਆਂ ਅਨੁਸਾਰ ਇਸ ਵਾਰ ਪ੍ਰਸ਼ਾਂਤ ਮਹਾਸਾਗਰ ਵਿੱਚ ਸਮੁੰਦਰ ਦਾ ਤਾਪਮਾਨ ਅਸਧਾਰਨ ਰੂਪ ਵਿੱਚ ਵਧ ਰਿਹਾ ਹੈ, ਜਿਸ ਕਰਕੇ ਆਉਣ ਵਾਲੇ ਮਹੀਨਿਆਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਖੋਜਕਰਤਾਵਾਂ ਨੂੰ ਖਦਸ਼ਾ ਹੈ ਕਿ ਨਵੰਬਰ 2026 ਤੋਂ ਲੈ ਕੇ ਅਗਲੇ ਸਾਲ ਤੱਕ ਭਾਰਤ ਦੇ ਕਈ ਹਿੱਸਿਆਂ ਵਿੱਚ ਆਮ ਨਾਲੋਂ ਵਧੇਰੇ ਗਰਮੀ ਅਤੇ ਸੁੱਕਾ ਮੌਸਮ ਦੇਖਣ ਨੂੰ ਮਿਲ ਸਕਦਾ ਹੈ।
ਬਾਰਿਸ਼ ਘੱਟ ਹੋਣ ਕਾਰਨ ਪਾਣੀ ਦੀ ਕਮੀ ਵਧ ਸਕਦੀ ਹੈ, ਜਿਸ ਦਾ ਸਿੱਧਾ ਅਸਰ ਖੇਤੀਬਾੜੀ, ਜੰਗਲਾਂ ਅਤੇ ਪਸ਼ੂ ਪਾਲਣ 'ਤੇ ਪਵੇਗਾ। ਕਿਸਾਨਾਂ, ਮਾਹੀਗੀਰਾਂ ਅਤੇ ਪਸ਼ੂ ਪਾਲਕਾਂ ਲਈ ਆਉਣ ਵਾਲਾ ਸਮਾਂ ਚੁਣੌਤੀਪੂਰਨ ਹੋ ਸਕਦਾ ਹੈ; ਖਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਘਾਹ ਦੀ ਘਾਟ ਕਾਰਨ ਚਾਰੇ ਦਾ ਸੰਕਟ ਪੈਦਾ ਹੋ ਸਕਦਾ ਹੈ। ਲਗਾਤਾਰ ਗਰਮੀ ਅਤੇ ਪਾਣੀ ਦੀ ਘਾਟ ਕਾਰਨ ਜੰਗਲਾਂ ਵਿੱਚ ਅੱਗ ਲੱਗਣ ਦਾ ਖ਼ਤਰਾ ਵਧ ਜਾਵੇਗਾ, ਜਿਸ ਨਾਲ ਰੁੱਖਾਂ-ਪੌਦਿਆਂ ਤੋਂ ਇਲਾਵਾ ਪੰਛੀਆਂ ਅਤੇ ਹੋਰ ਜੰਗਲੀ ਜੀਵਾਂ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿੱਚ ਅਚਾਨਕ ਬਦਲਾਅ ਆਉਣ ਨਾਲ ਜਾਨਵਰਾਂ ਦੇ ਭੋਜਨ, ਪ੍ਰਜਨਨ ਚੱਕਰ ਅਤੇ ਰਹਿਣ ਦੀ ਥਾਂ 'ਤੇ ਅਸਰ ਪਵੇਗਾ, ਜਿਸ ਨਾਲ ਪੂਰੀ ਭੋਜਨ ਲੜੀ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ।
ਜ਼ਮੀਨ ਦੇ ਨਾਲ-ਨਾਲ ਸਮੁੰਦਰੀ ਖੇਤਰਾਂ ਵਿੱਚ ਵੀ ਤਾਪਮਾਨ ਵਧਣ ਨਾਲ ਮਰੀਨ ਹੀਟਵੇਵ (ਸਮੁੰਦਰੀ ਲੂ) ਆ ਸਕਦੀ ਹੈ। ਸਮੁੰਦਰ ਦਾ ਪਾਣੀ ਜ਼ਿਆਦਾ ਗਰਮ ਹੋਣ ਕਾਰਨ ਕੋਰਲ ਰੀਫ ਵੱਡੇ ਪੱਧਰ 'ਤੇ ਬਲੀਚਿੰਗ ਦਾ ਸ਼ਿਕਾਰ ਹੋ ਕੇ ਨਸ਼ਟ ਹੋ ਸਕਦੇ ਹਨ।
ਵਿਗਿਆਨੀਆਂ ਨੇ ਜ਼ੋਰ ਦਿੱਤਾ ਹੈ ਕਿ ਨੁਕਸਾਨ ਹੋਣ ਤੋਂ ਬਾਅਦ ਅਧਿਐਨ ਕਰਨ ਦੀ ਬਜਾਏ ਪਹਿਲਾਂ ਤੋਂ ਹੀ ਤਿਆਰੀ ਕੀਤੀ ਜਾਵੇ। ਇਸ ਲਈ:
- ਸਥਾਨਕ ਪੱਧਰ 'ਤੇ ਛੋਟੇ ਮੌਸਮ ਕੇਂਦਰ ਬਣਾਏ ਜਾਣ।
- ਤਾਪਮਾਨ ਅਤੇ ਨਮੀ ਦਾ ਨਿਯਮਿਤ ਰਿਕਾਰਡ ਰੱਖਿਆ ਜਾਵੇ।
- ਵੱਖ-ਵੱਖ ਸੂਬਿਆਂ ਅਤੇ ਖੇਤਰਾਂ ਦੇ ਵਿਗਿਆਨੀਆਂ ਵਿਚਕਾਰ ਸਹਿਯੋਗ ਵਧਾਇਆ ਜਾਵੇ।
- ਪੁਰਾਣੇ ਸੈਟੇਲਾਈਟ ਅੰਕੜਿਆਂ ਦੀ ਵਰਤੋਂ ਕਰਕੇ ਵੱਖ-ਵੱਖ ਈਕੋਸਿਸਟਮਾਂ ਦੇ ਕਾਰਜਾਂ ਨੂੰ ਸਮਝਿਆ ਜਾਵੇ।
