ਮੇਰਠ ਦੇ ਅਸਮਾਨ ’ਚ ਪਹਿਲੀ ਵਾਰ ਗਰਜੇ ‘ਸੂਰਿਆ ਕਿਰਨ’ ਦੇ ਜਹਾਜ਼, ਇਕ ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਏਅਰ ਸ਼ੋਅ
Monday, Sep 21, 2026 - 03:56 PM (IST)
ਨਵੀਂ ਦਿੱਲੀ (ਏਜੰਸੀ)- ਭਾਰਤੀ ਹਵਾਈ ਫੌਜ ਦੀ ‘ਸੂਰਿਆ ਕਿਰਨ’ ਏਅਰੋਬੈਟਿਕ ਟੀਮ ਨੇ ਮੇਰਠ ’ਚ ਪਹਿਲੀ ਵਾਰ ਹਵਾਈ ਕਰਤੱਬਾਂ ਦਾ ਐਤਵਾਰ ਪ੍ਰਦਰਸ਼ਨ ਕੀਤਾ। 2 ਦਿਨਾਂ ਦੇ ਏਅਰ ਸ਼ੋਅ ਨੂੰ ਇਕ ਲੱਖ ਤੋਂ ਵੱਧ ਲੋਕਾਂ ਨੇ ਵੇਖਿਆ।
ਇਨ੍ਹਾਂ ’ਚ ਵਿਦਿਆਰਥੀ, ਐੱਨ. ਸੀ. ਸੀ. ਕੈਡੇਟ ਤੇ ਐੱਨ. ਐੱਸ. ਐੱਸ. ਵਲੰਟੀਅਰ ਵੀ ਸ਼ਾਮਲ ਹੋਏ। ‘ਸੂਰਿਆ ਕਿਰਨ’ ਟੀਮ ਨੇ ਲਾਲ ਤੇ ਚਿੱਟੇ ਹਾਕ-132 ਕਿਸਮ ਦੇ 9 ਜਹਾਜ਼ਾਂ ਦੀ ਵਰਤੋਂ ਕਰਦੇ ਹੋਏ ਲੂਪਸ, ਬੈਰਲ ਰੋਲ, ਉਲਟੀਆਂ ਉਡਾਣਾਂ ਅਤੇ ਡੀ. ਐੱਨ. ਏ. ਵਰਗੇ ਸਟੰਟ ਕੀਤੇ। ਜਹਾਜ਼ਾਂ ਦਰਮਿਅਾਨ ਦੂਰੀ 5 ਮੀਟਰ ਤੋਂ ਵੀ ਘੱਟ ਸੀ। ਜਹਾਜ਼ਾਂ ਨੇ ਭਗਵਾ, ਚਿੱਟਾ ਤੇ ਹਰਾ ਧੂੰਆਂ ਛੱਡਿਆ ਜਿਸ ਨਾਲ ਅਸਮਾਨ ’ਚ ਤਿਰੰਗੇ ਦਾ ਦ੍ਰਿਸ਼ ਬਣ ਗਿਅਾ।
ਟੀਮ ਦੇ 3 ਮੈਂਬਰ, ਜਿਨ੍ਹਾਂ ’ਚ ਸਟੰਟ ਕਰ ਰਹੇ 2 ਪਾਇਲਟ ਵੀ ਸ਼ਾਮਲ ਹਨ, ਮੇਰਠ ਦੇ ਹਨ। ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ 20 ਸਤੰਬਰ ਨੂੰ ਏਅਰ ਸ਼ੋਅ ਵੇਖਿਆ। ਉਨ੍ਹਾਂ ਇਸ ਨੂੰ ਅਨੁਸ਼ਾਸਨ, ਸ਼ੁੱਧਤਾ, ਟੀਮ ਵਰਕ ਤੇ ਪੇਸ਼ੇਵਰ ਸਮਰੱਥਾ ਦਾ ਪ੍ਰਦਰਸ਼ਨ ਦੱਸਿਆ।
ਉਨ੍ਹਾਂ ਕਿਹਾ ਕਿ ‘ਸੂਰਿਆ ਕਿਰਨ’ ਨੇ ਆਪਣੇ 30 ਸਾਲਾਂ ਦੇ ਸਫ਼ਰ ਦੌਰਾਨ ਭਾਰਤ ਤੇ ਵਿਦੇਸ਼ਾਂ ’ਚ 800 ਤੋਂ ਵੱਧ ਏਅਰ ਸ਼ੋਅ ’ਚ ਹਿੱਸਾ ਲਿਆ ਹੈ। ‘ਸੂਰਿਆ ਕਿਰਨ’ ਏਅਰੋਬੈਟਿਕ ਟੀਮ ਦੀ ਸਥਾਪਨਾ 1996 ’ਚ ਕੀਤੀ ਗਈ ਸੀ। ਇਹ ਏਸ਼ੀਆ ਦੀ ਇਕਲੌਤੀ ਏਅਰੋਬੈਟਿਕ ਟੀਮ ਹੈ ਜਿਸ ਕੋਲ 9 ਜਹਾਜ਼ ਹਨ।
