ਭਾਰਤ ਦਾ ਚੀਨ ਨੂੰ ਮੂੰਹ ਤੋੜ ਜਵਾਬ, ਚੀਨੀ ਨਾਗਰਿਕਾਂ ਨੂੰ ਜਾਰੀ ਸੈਲਾਨੀ ਵੀਜ਼ੇ ਕੀਤੇ ਮੁਅੱਤਲ
Monday, Apr 25, 2022 - 10:14 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਚੀਨੀ ਨਾਗਰਿਕਾਂ ਨੂੰ ਜਾਰੀ ਕੀਤੇ ਟੂਰਿਸਟ ਵੀਜ਼ੇ ਮੁਅੱਤਲ ਕਰ ਦਿੱਤੇ ਹਨ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈ.ਏ.ਟੀ.ਏ.) ਨੇ 20 ਅਪ੍ਰੈਲ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੀਆਂ ਯੂਨੀਵਰਸਿਟੀਆਂ 'ਚ ਰਜਿਸਟਰਡ ਕਰੀਬ 22,000 ਭਾਰਤੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਭਾਰਤ ਚੀਨ ਕੋਲ ਉਠਾਉਂਦਾ ਰਿਹਾ ਹੈ, ਇਹ ਵਿਦਿਆਰਥੀ ਉੱਥੇ ਜਾ ਕੇ ਕਲਾਸਾਂ ਲੈਣ ਤੋਂ ਅਸਮਰੱਥ ਹਨ। ਚੀਨ ਨੇ ਹਾਲੇ ਤੱਕ ਇਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਸਾਲ 2020 'ਚ ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਭਾਰਤ ਪਰਤਣਾ ਪਿਆ ਸੀ। ਭਾਰਤ ਬਾਰੇ 20 ਅਪ੍ਰੈਲ ਨੂੰ ਜਾਰੀ ਇਕ ਆਦੇਸ਼ 'ਚ ਆਈ.ਏ.ਟੀ.ਏ. ਨੇ ਕਿਹਾ,"ਚੀਨ (ਪੀਪਲਜ਼ ਰਿਪਬਲਿਕ) ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸੈਰ-ਸਪਾਟਾ ਵੀਜ਼ੇ ਹੁਣ ਵੈਧ ਨਹੀਂ ਹਨ।" ਇਸ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਯਾਤਰੀਆਂ ਨੂੰ ਭਾਰਤ 'ਚ ਪ੍ਰਵੇਸ਼ ਕਰਨ ਦੀ ਮਨਜ਼ੂਰੀ ਨਹੀਂ ਹੈ: ਭੂਟਾਨ ਦੇ ਨਾਗਰਿਕ, ਮਾਲਦੀਵ ਅਤੇ ਨੇਪਾਲ ਦੇ ਨਾਗਰਿਕ, ਭਾਰਤ ਵਲੋਂ ਜਾਰੀ ਰਿਹਾਇਸ਼ੀ ਪਰਮਿਟ ਵਾਲੇ ਯਾਤਰੀਆਂ, ਭਾਰਤ ਵਲੋਂ ਜਾਰੀ ਵੀਜ਼ਾ ਜਾਂ ਈ-ਵੀਜ਼ਾ ਵਾਲੇ ਯਾਤਰੀ, ਓ.ਸੀ.ਆਈ. ਕਾਰਡ ਅਤੇ ਬੁਕਲੇਟ ਵਾਲੇ ਯਾਤਰੀ, ਭਾਰਤੀ ਮੂਲ ਦੇ ਵਿਅਕਤੀ (ਪੀ.ਆਈ.ਓ.) ਕਾਰਡ ਵਾਲੇ ਯਾਤਰੀ ਅਤੇ ਡਿਪਲੋਮੈਟਿਕ ਪਾਸਪੋਰਟ ਵਾਲੇ ਯਾਤਰੀ।
ਇਹ ਵੀ ਪੜ੍ਹੋ : ਦੇਸ਼ 'ਚ ਹਰ ਦਿਨ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਹੋ ਰਿਹੈ ਡਿਜੀਟਲ ਲੈਣ-ਦੇਣ : PM ਮੋਦੀ
ਆਈ.ਏ.ਟੀ.ਏ. ਨੇ ਇਹ ਵੀ ਕਿਹਾ ਕਿ 10 ਸਾਲ ਦੀ ਵੈਧਤਾ ਵਾਲੇ ਟੂਰਿਸਟ ਵੀਜ਼ੇ ਹੁਣ ਵੈਧ ਨਹੀਂ ਹਨ। ਆਈ.ਏ.ਟੀ.ਏ. ਲਗਭਗ 290 ਮੈਂਬਰਾਂ ਵਾਲੀ ਇਕ ਗਲੋਬਲ ਏਅਰਲਾਈਨ ਸੰਸਥਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ 17 ਮਾਰਚ ਨੂੰ ਕਿਹਾ ਕਿ ਭਾਰਤ ਨੇ ਬੀਜਿੰਗ ਤੋਂ ਇਸ ਮਾਮਲੇ 'ਚ 'ਦੋਸਤੀ ਵਾਲਾ ਰੁਖ' ਅਪਣਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਸਖ਼ਤ ਪਾਬੰਦੀਆਂ ਜਾਰੀ ਰਹਿਣ ਨਾਲ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਸਿੱਖਿਅਕ ਕਰੀਅਰ ਖ਼ਤਰੇ 'ਚ ਪੈ ਰਿਹਾ ਹੈ। ਬਾਗਚੀ ਨੇ ਕਿਹਾ ਕਿ ਚੀਨੀ ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਨੇ 8 ਫਰਵਰੀ ਨੂੰ ਕਿਹਾ ਸੀ ਕਿ ਚੀਨ ਇਸ ਮਾਮਲੇ ਨੂੰ ਤਾਲਮੇਲ ਨਾਲ ਦੇਖ ਰਿਹਾ ਹੈ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਚੀਨ ਪਰਤਣ ਦੀ ਮਨਜ਼ੂਰੀ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਬਾਗਚੀ ਨੇ ਕਿਹਾ ਕਿ ਪਰ ਮੈਂ ਸਪੱਸ਼ਟ ਕਰ ਦੇਵਾਂ ਕਿ ਅੱਜ ਤੱਕ, ਚੀਨੀ ਪੱਖ ਨੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਬਾਰੇ ਕੋਈ ਸਪੱਸ਼ਟ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਅਸੀਂ ਚੀਨੀ ਪੱਖ ਤੋਂ ਆਪਣੇ ਵਿਦਿਆਰਥੀਆਂ ਦੇ ਹਿੱਤ 'ਚ ਇਕ ਅਨੁਕੂਲ ਰੁਖ ਅਪਣਾਉਣ ਦੀ ਅਪੀਲ ਕਰਨਾ ਜਾਰੀ ਰੱਖਾਂਗੇ। ਇਹ ਕਹਿੰਦੇ ਰਹਾਂਗੇ ਕਿ ਉਹ ਜਲਦ ਤੋਂ ਜਲਦ ਭਾਰਤੀਆਂ ਵਿਦਿਆਰਥੀਆਂ ਨੂੰ ਚੀਨ ਪਰਤਣ ਦੀ ਸਹੂਲਤ ਪ੍ਰਦਾਨ ਕਰੇਗੀ, ਜਿਸ ਨਾਲ ਉਨ੍ਹਾਂ ਦੀ ਆਪਣੀ ਪੜ੍ਹਾਈ ਜਾਰੀ ਰਹਿ ਸਕੇ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ