ਇਸਰੋ ਦੀ ਪੁਲਾੜ ’ਚ ਨਵੀਂ ਪੁਲਾਂਘ, 2022 ਦੇ ਪਹਿਲੇ ਲਾਂਚਿੰਗ ਮਿਸ਼ਨ ਨੂੰ ਸਫ਼ਲਤਾਪੂਰਵਕ ਕੀਤਾ ਪੂਰਾ
Monday, Feb 14, 2022 - 10:15 AM (IST)
ਸ਼੍ਰੀਹਰੀਕੋਟਾ (ਭਾਸ਼ਾ)— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 2022 ਦੇ ਆਪਣੇ ਪਹਿਲੇ ਲਾਂਚਿੰਗ ਮਿਸ਼ਨ ਤਹਿਤ ਧਰੂਵੀ ਸੈਟੇਲਾਈਟ ਲਾਂਚ ਵਹੀਕਲ (ਪੀ. ਐੱਸ. ਐੱਲ. ਵੀ-52) ਜ਼ਰੀਏ ਧਰਤੀ ’ਤੇ ਨਜ਼ਰ ਰੱਖਣ ਵਾਲੇ ਸੈਟੇਲਾਈਟ ਈ. ਓ. ਐੱਸ-04 ਅਤੇ ਦੋ ਛੋਟੇ ਸੈਟੇਲਾਈਟਾਂ ਨੂੰ ਸੋਮਵਾਰ ਨੂੰ ਸਫ਼ਲਤਾਪੂਰਵਕ ਲਾਂਚ ਕਰ ਦਿੱਤਾ ਗਿਆ ਹੈ। ਇਸਰੋ ਨੇ ਇਸ ਨੂੰ ਹੈਰਾਨੀਜਨਕ ਉਪਲੱਬਧੀ ਦੱਸਿਆ ਹੈ। ਪੁਲਾੜ ਏਜੰਸੀ ਦੇ ਲਾਂਚਿੰਗ ਵਹੀਕਲ ਪੀ. ਐੱਸ. ਐੱਲ. ਵੀ-52 ਨੇ 25 ਘੰਟਿਆਂ ਦੀ ਉਲਟੀ ਗਿਣਤੀ ਤੋਂ ਬਾਅਦ ਸਵੇਰੇ 5.59 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚਪੈਡ ਤੋਂ ਉਡਾਣ ਭਰੀ। ਇਹ 2022 ਦਾ ਪਹਿਲਾ ਲਾਂਚ ਮਿਸ਼ਨ ਹੈ। ਲਾਂਚ ਅਥਾਰਟੀ ਬੋਰਡ ਨੇ ਐਤਵਾਰ ਨੂੰ ਸਵੇਰੇ 4.29 ਵਜੇ ਲਾਂਚ ਲਈ 25 ਘੰਟੇ ਅਤੇ 30 ਮਿੰਟ ਦੀ ਉਲਟੀ ਗਿਣਤੀ ਸ਼ੁਰੂ ਕੀਤੀ।
ਈ. ਓ. ਐੱਸ-04 ਦੇ ਨਾਲ ਦੋ ਹੋਰ ਸੈਟੇਲਾਈਟ ਵੀ ਲਾਂਚ ਕੀਤੇ ਗਏ ਹਨ, ਜੋ ਧਰਤੀ ਤੋਂ ਲੱਗਭਗ 529 ਕਿਲੋਮੀਟਰ ਉੱਪਰ ਸੂਰਜ-ਸਮਕਾਲੀ ਪੰਧ ’ਚ ਰੱਖੇ ਗਏ ਹਨ। ਲਾਂਚਿੰਗ ਡਾਇਰੈਕਟਰ ਵਲੋਂ ਤਿੰਨੋਂ ਸੈਟੇਲਾਈਟਾਂ ਨੂੰ ਸਫ਼ਲਤਾਪੂਰਵਕ ਆਰਬਿਟ ’ਚ ਰੱਖਣ ਦਾ ਐਲਾਨ ਕਰਨ ਤੋਂ ਬਾਅਦ ਮਿਸ਼ਨ ਕੰਟਰੋਲ ਰੂਮ ’ਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਕਿਹਾ ਪੀ. ਐੱਸ. ਐੱਲ. ਵੀ-52/ਈ. ਓ. ਐੱਸ.04 ਦਾ ਮਿਸ਼ਨ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਸੰਜੋਗ ਨਾਲ ਅੱਜ ਦਾ ਲਾਂਚਿੰਗ ਮਿਸ਼ਨ ਸੋਮਨਾਥ ਦੇ ਹਾਲ ਹੀ ਵਿਚ ਪੁਲਾੜ ਵਿਭਾਗ ਦੇ ਸਕੱਤਰ ਅਤੇ ਪੁਲਾੜ ਕਮਿਸ਼ਨ ਦੇ ਪ੍ਰਧਾਨ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਪਹਿਲਾ ਮਿਸ਼ਨ ਵੀ ਹੈ। ਇਹ ਪੁਲਾੜ ਵਹੀਕਲ ਦੇਸ਼ ਦੀ ਸੇਵਾ ਕਰਨ ਲਈ ਸਾਡੇ ਲਈ ਵੱਡੀਆਂ ਸੰਪਤੀਆਂ ’ਚੋਂ ਇਕ ਹੋਵੇਗਾ। ਇਸ ਦਾ ਵਜ਼ਨ 1,710 ਕਿਲੋਗ੍ਰਾਮ ਹੈ। ਇਸਰੋ ਦਾ ਇਹ 23ਵਾਂ ਮਿਸ਼ਨ ਹੈ।
ਈ. ਓ. ਐੱਸ-04 ਇਕ ‘ਰਡਾਰ ਇਮੇਜਿੰਗ ਸੈਟੇਲਾਈਟ’ ਹੈ, ਜਿਸ ਨੂੰ ਖੇਤੀ, ਜੰਗਲਾਤ, ਬੂਟੇ ਲਾਉਣਾ, ਮਿੱਟੀ ਦੀ ਨਮੀ ਅਤੇ ਜਲ ਵਿਗਿਆਨ ਅਤੇ ਹੜ੍ਹ ਮੈਪਿੰਗ ਵਰਗੀਆਂ ਐਪਲੀਕੇਸ਼ਨਾਂ ਅਤੇ ਸਾਰੇ ਮੌਸਮ ਸਥਿਤੀਆਂ ’ਚ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਪੀ. ਐੱਸ. ਐੱਲ. ਵੀ-ਸੀ52 ਆਪਣੇ ਨਾਲ ਦੋ ਛੋਟੇ ਸੈਟੇਲਾਈਟਾਂ ਵੀ ਲੈ ਕੇ ਗਿਆ ਹੈ, ਜਿਨ੍ਹਾਂ ’ਚ ਕੋਲੋਰਾਡੋ ਯੂਨੀਵਰਸਿਟੀ, ਬੋਲਡਰ ਦੀ ਵਾਯੂਮੰਡਲ ਅਤੇ ਪੁਲਾੜ ਭੌਤਿਕ ਵਿਗਿਆਨ ਪ੍ਰਯੋਗਸ਼ਾਲਾ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ। ਭਾਰਤੀ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਸੰਸਥਾ ਦਾ ਸੈਟੇਲਾਈਟ ਇਨਸਪਾਇਰਸੈਟ-1 ਵੀ ਸ਼ਾਮਲ ਹੈ। ਇਸ ਵਿਚ ਐੱਨ. ਟੀ. ਯੂ, ਸਿੰਗਾਪੁਰ ਅਤੇ ਐੱਨ. ਸੀ. ਯੂ, ਤਾਈਵਾਨ ਦਾ ਵੀ ਯੋਗਦਾਨ ਰਿਹਾ ਹੈ।
ਇਸ ਮਿਸ਼ਨ ਦਾ ਉਦੇਸ਼-
ਇਸ ਮਿਸ਼ਨ ਦਾ ਉਦੇਸ਼ ਆਇਨਮੰਡਲ ਦੀ ਗਤੀ ਵਿਗਿਆਨ ਅਤੇ ਸੂਰਜ ਦੇ ਕੋਰੋਨਲ ਥਰਮਲ ਪ੍ਰਕਿਰਿਆਵਾਂ ਦੀ ਸਮਝ ’ਚ ਸੁਧਾਰ ਕਰਨਾ ਹੈ। ਉੱਥੇ ਹੀ ਦੂਜਾ ਸੈਟੇਲਾਈਟ ਇਸਰੋ ਦਾ ਇਕ ਤਕਨਾਲੋਜੀ ਪ੍ਰਦਰਸ਼ਕ ਸੈਟੇਲਾਈਟ ਹੈ। ਇਸ ਦੇ ਯੰਤਰ ਦੇ ਰੂਪ ਵਿਚ ਇਕ ਥਰਮਲ ਇਮੇਜਿੰਗ ਕੈਮਰਾ ਹੋਣ ਨਾਲ ਸੈਟੇਲਾਈਟ ਜ਼ਮੀਨ ਦੀ ਸਤ੍ਹਾ ਦੇ ਤਾਪਮਾਨ, ਝੀਲਾਂ ਦੇ ਪਾਣੀ ਦੀ ਸਤ੍ਹਾ ਦੇ ਤਾਪਮਾਨ, ਫਸਲਾਂ ਅਤੇ ਜੰਗਲ ਅਤੇ ਦਿਨ-ਰਾਤ ਦੇ ਮੁਲਾਂਕਣ ’ਚ ਮਦਦ ਪ੍ਰਦਾਨ ਕਰੇਗਾ।