ਭਾਰਤ ਨੇ ਜੰਮੂ ਖੇਤਰ ''ਚ ਡਰੋਨ ਗਤੀਵਿਧੀਆਂ ''ਤੇ ਪਾਕਿਸਤਾਨ ਦੇ ਸਾਹਮਣੇ ਪ੍ਰਗਟਾਇਆ ਵਿਰੋਧ
Sunday, Jul 25, 2021 - 10:20 AM (IST)
ਜੰਮੂ (ਉਦੇ, ਮੁਕੇਸ਼)- ਭਾਰਤ ਨੇ ਜੰਮੂ ਖੇਤਰ 'ਚ ਵਧਦੀਆਂ ਡਰੋਨ ਗਤੀਵਿਧੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਪਾਕਿਸਤਾਨ ਰੇਂਜਰਾਂ ਵਿਚਾਲੇ ਸੈਕਟਰ ਕਮਾਂਡਰ ਪੱਧਰ ਦੀ ਬੈਠਕ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਦੇ ਸਾਹਮਣੇ ਤਿੱਖਾ ਵਿਰੋਧ ਪ੍ਰਗਟਾਇਆ। ਬੀ.ਐੱਸ.ਐੱਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਬੈਠਕ ਪਾਕਿਸਤਾਨ ਰੇਂਜਰਾਂ ਦੀ ਅਪੀਲ 'ਤੇ ਕੌਮਾਂਤਰੀ ਸਰਹੱਦ 'ਤੇ ਸਚੁਤੇਗੜ੍ਹ ਖੇਤਰ 'ਚ ਹੋਈ, ਜਿਸ 'ਚ ਮਾਮਲਿਆਂ ਦੇ ਹੱਲ ਲਈ ਫੀਲਡ ਕਮਾਂਡਰਾਂ ਵਿਚਾਲੇ ਜ਼ਰੂਰੀ ਸੰਪਰਕ ਨੂੰ ਮੁੜ ਕ੍ਰਿਆਸ਼ੀਲ ਕਰਨ ਦਾ ਫ਼ੈਸਲਾ ਹੋਇਆ। ਉਨ੍ਹਾਂ ਕਿਹਾ ਕਿ ਦੋਹਾਂ ਫ਼ੋਰਸਾਂ ਦੇ ਕਮਾਂਡਰਾਂ ਨੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਬੀ.ਐੱਸ.ਐੱਫ. ਵਫ਼ਦ ਨੇ ਪਾਕਿਸਤਾਨ ਵਲੋਂ ਡਰੋਨ ਗਤੀਵਿਧੀਆਂ, ਅੱਤਵਾਦੀ ਗਤੀਵਿਧੀਆਂ ਅਤੇ ਸਰਹੱਦ ਪਾਰ ਤੋਂ ਪੁੱਟੀਆਂ ਜਾਣ ਵਾਲੀਆਂ ਸੁਰੰਗਾਂ ਅਤੇ ਸਰਹੱਦੀ ਪ੍ਰਬੰਧਨ ਨਾਲ ਸੰਬੰਧਤ ਹੋਰ ਮੁੱਦਿਆਂ 'ਤੇ ਖਾਸ ਜ਼ੋਰ ਦਿੱਤਾ। ਡੀ.ਆਈ.ਜੀ. ਸੁਰਜੀਤ ਸਿੰਘ ਸੇਖੋਂ ਨੇ ਅੱਤਵਾਦੀ ਸਰਗਰਮੀਆਂ ਅਤੇ ਸੁਰੰਗਾਂ ਦੇ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ।
ਇਹ ਵੀ ਪੜ੍ਹੋ : ਹਥਿਆਰ ਲਾਈਸੈਂਸ ਮਾਮਲਾ : ਜੰਮੂ-ਕਸ਼ਮੀਰ, ਦਿੱਲੀ ’ਚ 40 ਥਾਵਾਂ ’ਤੇ CBI ਦੇ ਛਾਪੇ
ਪਾਕਿਸਤਾਨੀ ਰੇਂਜਰਾਂ ਵਲੋਂ ਬੇਨਤੀ ਕੀਤੇ ਜਾਣ ਪਿੱਛੋਂ ਸ਼ਨੀਵਾਰ ਨੂੰ ਕੌਮਾਂਤਰੀ ਸਰਹੱਦ ਦੇ ਸੁਚੇਤਗੜ੍ਹ ਖੇਤਰ ’ਚ ਬੀ.ਐੱਸ.ਐੱਫ. ਅਤੇ ਪਾਕਿਸਤਾਨੀ ਰੇਂਜਰਾਂ ਦੀ ਬੈਠਕ ਆਯੋਜਿਤ ਹੋਈ। ਭਾਰਤ ਵਲੋਂ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਸੁਰਜੀਤ ਸਿੰਘ ਸੇਖੋਂ ਅਤੇ ਪਾਕਿਸਤਾਨ ਰੇਂਜਰ ਦੇ ਸਿਆਲਕੋਟ ਸੈਕਟਰ ਦੇ ਕਮਾਂਡਰ ਬ੍ਰਿਗੇਡੀਅਰ ਮੁਰਾਦ ਹੁਸੈਨ ਦੀ ਅਗਵਾਈ ’ਚ ਆਏ ਵਫਦ ਦਰਮਿਆਨ ਬੈਠਕ ਹੋਈ। ਇਹ ਪਹਿਲੀ ਸੈਕਟਰ ਕਮਾਂਡਰ ਪੱਧਰ ਦੀ ਬੈਠਕ ਹੈ ਜਦੋਂ ਦੋਹਾਂ ਦੇਸ਼ਾਂ ਦੀ ਫੌਜ ਜੋ ਸਰਹੱਦ ਦੀ ਰਾਖੀ ਕਰਦੀ ਹੈ, ਨੇ ਡੀ.ਜੀ.ਐੱਮ.ਓ. ਪੱਧਰ ’ਤੇ ਸੀਜ਼ਫਾਇਰ ਐਗਰੀਮੈਂਟ ਕੀਤਾ ਹੈ। ਬੈਠਕ ’ਚ ਦੋਹਾਂ ਪਾਸਿਆਂ ਦੇ ਕਮਾਂਡਰਾਂ ਨੇ ਸਰਹੱਦ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਦੋਹਾਂ ਪਾਸਿਆਂ ਦੇ ਫੀਲਡ ਕਮਾਂਡਰ ਜਦੋਂ ਵੀ ਲੋੜ ਹੋਵੇਗੀ, ਆਪਣੇ ਮੁੱਦੇ ਹੱਲ ਕਰਨਗੇ। ਬੈਠਕ ਬਹੁਤ ਹੀ ਸੁਖਾਵੇਂ ਅਤੇ ਫੈਸਲਾਕੁੰਨ ਮਾਹੌਲ ’ਚ ਆਯੋਜਿਤ ਹੋਈ। ਦੋਹਾਂ ਦੇਸ਼ਾਂ ਨੇ ਡੀ.ਜੀ. ਪੱਧਰ ’ਤੇ ਹੋਣ ਵਾਲੇ ਫੈਸਲੇ ਨੂੰ ਅਮਲ ’ਚ ਲਿਆਉਣ ’ਤੇ ਸਹਿਮਤੀ ਪ੍ਰਗਟਾਈ ਅਤੇ ਸਰਹੱਦ ’ਤੇ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਦਾ ਸੰਕਲਪ ਲਿਆ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਚਿਤਾਵਨੀ- ‘ਕਿਸਾਨ ਸਬਕ ਸਿਖਾਉਣਾ ਵੀ ਜਾਣਦਾ ਹੈ’