ਕਰਾਚੀ ਹਮਲੇ ਪਿੱਛੇ ਭਾਰਤ ਦਾ ਹੈ ਹੱਥ : ਇਮਰਾਨ ਖਾਨ
Wednesday, Jul 01, 2020 - 12:48 AM (IST)
ਇਸਲਾਮਾਬਾਦ - ਖੁਦ ਆਪਣੀ ਜ਼ਮੀਨ 'ਤੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੇ ਕਰਾਚੀ ਦੇ ਸਟਾਕ ਐਕਸਚੇਂਜ਼ ਵਿਚ ਸੋਮਵਾਰ ਨੂੰ ਹੋਏ ਹਮਲੇ ਦੇ ਪਿੱਛੇ ਭਾਰਤ ਦਾ ਹੱਥ ਦੱਸਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਦੇਸ਼ ਦੀ ਸੰਸਦ ਵਿਚ ਭਾਰਤ 'ਤੇ ਉਸ ਨੂੰ ਅਸਥਿਰ ਕਰਨ ਦਾ ਦੋਸ਼ ਲਗਾਇਆ ਹੈ। ਇਕ ਦਿਨ ਪਹਿਲਾਂ ਸੋਮਵਾਰ ਨੂੰ ਕਰਾਚੀ ਵਿਚ ਹੋਏ ਹਮਲੇ ਵਿਚ ਕਰੀਬ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦੇਸ਼ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਬਿਆਨਾਂ ਨੂੰ ਭਾਰਤ ਨੇ ਬੇਤੁਕਾ ਦੱਸਿਆ ਸੀ।
ਪਾਕਿਸਤਾਨ ਨੂੰ ਅਸਥਿਰ ਕਰਨਾ ਚਾਹੁੰਦੈ ਭਾਰਤ
ਇਮਰਾਨ ਨੇ ਸੰਸਦ ਵਿਚ ਆਖਿਆ ਹੈ ਕਿ ਵੱਡੀ ਪਲਾਨਿੰਗ ਨਾਲ ਭਾਰਤ ਨੇ ਪਾਕਿਸਤਾਨ ਨੂੰ ਅਸਥਿਰ ਕਰਨ ਦਾ ਪਲਾਨ ਬਣਾਇਆ ਸੀ। ਇਹ ਬਹੁਤ ਸਾਰਾ ਅਸਲਾ ਲੈ ਕੇ ਆਏ ਸਨ, ਇਨਾਂ ਦਾ ਸਿਰਫ ਇਕ ਟੀਚਾ ਸੀ ਸਟਾਕ ਐਕਸਚੇਂਜ਼ ਵਿਚ ਮੇਜ਼ਬਾਨੀ ਕਰਕੇ, ਮੁੰਬਈ ਦੀ ਤਰ੍ਹਾਂ ਬਹੁਤ ਵੱਡੀ ਦਹਿਸ਼ਤਗਰਦੀ ਹੋਈ ਸੀ। ਇਮਰਾਨ ਨੇ ਅੱਗੇ ਆਖਿਆ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਮਲੇ ਦੇ ਪਿੱਛੇ ਭਾਰਤ ਹੈ। ਉਨ੍ਹਾਂ ਆਖਿਆ ਕਿ ਦੋ ਮਹੀਨੇ ਤੋਂ ਮੇਰੀ ਕੈਬਨਿਟ ਨੂੰ ਪਤਾ ਸੀ, ਮੈਂ ਆਪਣੇ ਮੰਤਰੀਆਂ ਨੂੰ ਕਿਹਾ ਸੀ। ਸਾਡੀਆਂ ਏਜੰਸੀਆਂ ਹਾਈ ਅਲਰਟ 'ਤੇ ਸਨ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਵੀ ਲਾਇਆ ਸੀ ਦੋਸ਼
ਇਸ ਤੋਂ ਪਹਿਲਾਂ ਕੁਰੈਸ਼ੀ ਨੇ ਸਥਾਨਕ ਮੀਡੀਆ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਪਹਿਲਾਂ ਹੀ ਇਸ ਗੱਲ ਦੀ ਚਿਤਾਵਨੀ ਦਿੱਤੀ ਸੀ ਕਿ ਭਾਰਤ ਪਾਕਿਸਤਾਨ ਵਿਚ ਆਪਣੇ ਸਲੀਪਰ ਸੈੱਲ ਐਕਟੀਵੇਟ ਕਰ ਰਿਹਾ ਹੈ। ਕੁਰੈਸ਼ੀ ਨੇ ਦੋਸ਼ ਲਾਇਆ ਕਿ ਹਮਲੇ ਦੀ ਜ਼ਿੰਮੇਵਾਰੀ ਲੈਣ ਦੀ ਗੱਲ ਕਰਨ ਵਾਲੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ. ਐਲ. ਏ.) ਦਾ ਸਬੰਧ ਭਾਰਤ ਨਾਲ ਹੈ। ਉਨ੍ਹਾਂ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹੇ ਜਾਣ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਪਾਕਿਸਤਾਨ ਸ਼ਾਂਤੀ ਦੀ ਗੱਲ ਕਰਦਾ ਹੈ ਅਤੇ ਭਾਰਤ ਦਾ ਜੰਮੂ ਕਸ਼ਮੀਰ ਵਿਚ ਮਨੁੱਖੀ ਅਧਿਕਾਰ ਉਲੰਘਣ ਦਾ ਸੱਚ ਦੁਨੀਆ ਸਾਹਮਣੇ ਆ ਰਿਹਾ ਹੈ।