HMPV ਕੋਈ ਨਵਾਂ ਵਾਇਰਸ ਨਹੀਂ, ਸਾਵਧਾਨੀ ਵਰਤੋ : ਮਾਹਿਰ
Monday, Jan 13, 2025 - 11:00 AM (IST)
ਨਵੀਂ ਦਿੱਲੀ- ਭਾਰਤ ’ਚ ‘ਹਿਊਮਨ ਮੈਟਾ-ਪਨਿਊਮੋ ਵਾਇਰਸ’ (ਐੱਚ. ਐੱਮ. ਪੀ. ਵੀ.) ਦੇ ਮਾਮਲਿਆਂ ਦੇ ਉਭਰਨ ’ਤੇ ਵਧਦੀਆਂ ਚਿੰਤਾਵਾਂ ਦਰਮਿਆਨ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਇਹ ਵਾਇਰਸ ਨਵਾਂ ਨਹੀਂ ਹੈ। ਲੋਕਾਂ ਨੂੰ ਮੁੱਢਲੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਐੱਚ.ਐੱਮ.ਪੀ.ਵੀ. ਸਾਹ ਦੀ ਇਨਫੈਕਸ਼ਨ ਦਾ ਕਾਰਨ ਬਣਦਾ ਹੈ। ਚੀਨ ’ਚ ਇਸ ਦੇ ਫੈਲਣ ਤੋਂ ਬਾਅਦ ਭਾਰਤ ’ਚ ਧਿਆਨ ਦਿੱਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ’ਚ ਇਸ ਦੇ ਮਾਮਲਿਆਂ ’ਚ ਕੋਈ ਖਾਸ ਵਾਧਾ ਨਹੀਂ ਹੋਇਆ। ਇਹ ਸਰਦੀਆਂ ਅਤੇ ਬਸੰਤ ਰੁੱਤ ਦੇ ਸ਼ੁਰੂ ’ਚ ਆਮ ਤੌਰ ’ਤੇ ਹਵਾ ਰਾਹੀਂ ਫੈਲਦਾ ਹੈ। ਇਹ ਹਰ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਉਜਾਲਾ ਸਿਗਨਸ ਗਰੁੱਪ ਆਫ਼ ਹਾਸਪੀਟਲਜ਼ ਦੇ ਮੈਡੀਕਲ ਡਾਇਰੈਕਟਰ ਡਾ. ਆਬਿਦ ਅਮੀਨ ਭੱਟ ਨੇ ਕਿਹਾ ਕਿ 'ਐੱਚ. ਐੱਮ. ਪੀ. ਵੀ. ਕੋਈ ਨਵਾਂ ਵਾਇਰਸ ਨਹੀਂ ਹੈ। ਇਸ ਦੀ ਪਛਾਣ ਪਹਿਲੀ ਵਾਰ 2001 ’ਚ ਹੋਈ ਸੀ। ਇਹ ਵਾਇਰਸ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਪਰ ਘਬਰਾਉਣ ਦੀ ਕੋਈ ਲੋੜ ਨਹੀਂ। ਪਾਰਸ ਹੈਲਥ ਉਦੇਪੁਰ ਦੇ ਇੰਟਰਨਲ ਮੈਡੀਸਨ ਦੇ ਡਾਇਰੈਕਟਰ ਡਾ. ਮਧੂ ਨਾਹਰ ਰਾਏ ਨੇ ਸਾਵਧਾਨੀਆਂ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਵਾਰ-ਵਾਰ ਹੱਥ ਧੋਣ, ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ ਅਤੇ ਇਕ-ਦੂਜੇ ਤੋਂ ਦੂਰ ਰਹਿਣ ਨਾਲ ਇਸ ਦੀ ਇਨਫੈਕਸ਼ਨ ਦਾ ਡਰ ਘੱਟ ਸਕਦਾ ਹੈ। ਇਸ ਨੂੰ ਘਟਾਉਣ ਦੇ ਕਈ ਹੋਰ ਤਰੀਕੇ ਵੀ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਖੁਰਾਕ, ਲੋੜੀਂਦੀ ਨੀਂਦ ਤੇ ਸਰੀਰਕ ਕਸਰਤ ਰਾਹੀਂ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਐੱਚ. ਐੱਮ. ਪੀ. ਵੀ. ਪ੍ਰਤੀ ਭਾਰਤ ਦੀ ਮਜ਼ਬੂਤ ਤਿਆਰੀ ਵਿਆਪਕ ਬੁਨਿਆਦੀ ਢਾਂਚੇ ਅਤੇ ਕੋਵਿਡ-19 ਮਹਾਮਾਰੀ ਦੌਰਾਨ ਪ੍ਰਾਪਤ ਤਜਰਬੇ 'ਤੇ ਅਧਾਰਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8