ਭਾਰਤ ’ਚ ਹੁੰਦੀਆਂ ਹਨ ਸਭ ਤੋਂ ਵੱਧ ‘ਸੈਲਫੀ ਡੈੱਥ’
Saturday, Oct 06, 2018 - 08:50 AM (IST)

ਨਵੀਂ ਦਿੱਲੀ –ਸੈਲਫੀ ਦਾ ਹਰ ਕੋਈ ਦੀਵਾਨਾ ਹੈ ਪਰ ਭਾਰਤ ਵਿਚ ਸ਼ੌਕ ਲਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਰਿਹਾ ਹੈ। ਬੀਤੇ ਦੋ ਸਾਲਾਂ ਵਿਚ ਦੁਨੀਆ ਭਰ ਵਿਚ 127 ਲੋਕ ਸੈਲਫੀ ਕਲਿਪ ਕਰਨ ਦੇ ਚੱਕਰ ਵਿਚ ਮਰ ਗਏ। ਇਨ੍ਹਾਂ ਵਿਚੋਂ ਸਭ ਤੋਂ ਵੱਧ 76 ਮੌਤਾਂ ਭਾਰਤ ਵਿਚ ਹੋਈਆਂ। ‘ਸੈਲਫੀ ਡੈਥ’ ਦੇ ਮਾਮਲੇ ਵਿਚ ਭਾਰਤ ਤੋਂ ਬਾਅਦ ਦੂਸਰਾ ਸਥਾਨ ਪਾਕਿਸਤਾਨ ਦਾ ਹੈ। ਦਿੱਲੀ ਦੀ ਸਰਕਾਰੀ ਯੂਨੀਵਰਸਿਟੀ ਆਈ. ਆਈ. ਆਈ. ਟੀ. ਅਤੇ ਅਮਰੀਕਾ ਦੀ ਕਾਰਨੇਜੀਆ ਮੇਲਨ ਯੂਨੀਵਰਸਿਟੀ ਨੇ ਇਸ ਬਾਰੇ ਸਾਂਝੀ ਖੋਜ ਕੀਤੀ। ਖੋਜ ਦਾ ਨਾਂ ‘ਮੀ, ਮਾਈ ਸੈਲਫ ਐਂਡ ਮਾਈ ਕਿਲਫੀ’ ਹੈ। ਇਸ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਦੇ ਅਨੁਸਾਰ ਸਾਲ 2014 ਤੋਂ ਲੈ ਕੇ ਸਤੰਬਰ 2016 ਤੱਕ ਭਾਰਤ ’ਚ 76, ਪਾਕਿਸਤਾਨ ਵਿਚ 9 ਅਤੇ ਅਮਰੀਕਾ ਵਿਚ ਕੁਲ 8 ਲੋਕਾਂ ਨੂੰ ਜਾਨ ਗੁਆਉਣੀ ਪਈ।
ਸੈਲਫੀ ਲੈਂਦੇ ਸਮੇਂ ਸਾਲ 2014 ਵਿਚ 15 ਮੌਤਾਂ ਹੋਈਆਂ ਸਨ। ਸਾਲ 2006 ਵਿਚ ਅੰਕੜਾ 39 ਤੱਕ ਪਹੁੰਚਿਆ। ਇਸ ਤੋਂ ਬਾਅਦ ਸਾਲ 2016 ਵਿਚ 73 ਲੋਕਾਂ ਦੀ ਮੌਤ ਸੈਲਫੀ ਦੇ ਕਾਰਨ ਹੋਈ। ਇਨ੍ਹਾਂ ਵਿਚ ਰੂਸ, ਫਿਲਪੀਨਜ਼ ਅਤੇ ਸਪੇਨ ਦੇ ਲੋਕ ਵੀ ਸ਼ਾਮਲ ਹਨ।
ਪਹਾੜਾਂ ’ਤੇ ਜ਼ਿਆਦਾ ਮੌਤਾਂ-
ਖੋਜਕਾਰੀਆਂ ਨੇ ਪਾਇਆ ਕਿ ਮਰਨ ਵਾਲੇ ਇਨ੍ਹਾਂ ਲੋਕਾਂ ਨੇ ਜ਼ਿਆਦਾਤਰ ਪਹਾੜੀਆਂ ਅਤੇ ਜ਼ਿਆਦਾ ਉਚਾਈਆਂ ਵਾਲੀਆਂ ਲੋਕੇਸ਼ਨਸ 'ਤੇ ਚੜ੍ਹ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਸੀ ਇਸ ਯਤਨ 'ਚ ਉਹ ਪੈਰ ਤਿਲਕਣ ਨਾਲ ਹੇਠਾਂ ਡਿੱਗ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਇਹ ਸਾਰੀਆਂ ਲੋਕੇਸ਼ਨ ਬੇਹੱਦ ਆਕਰਸ਼ਕ ਸਨ। ਇਸ ਤੋਂ ਇਲਾਵਾ ਨਦੀ ਅਤੇ ਸਮੁੰਦਰ 'ਚ ਸੈਲਫੀ ਕਲਿਕ ਕਰਨ ਨਾਲ ਵੀ ਜਾਨਾਂ ਗਈਆਂ। ਇਹੀ ਕਾਰਨ ਹੈ ਕਿ ਹਾਲ ਹੀ ਵਿਚ ਮੁੰਬਈ ਪੁਲਸ ਨੇ ਸ਼ਹਿਰ ਦੀਆਂ 16 ਖਤਰਨਾਕ ਥਾਵਾਂ ਨੂੰ ਨੋ ਸੈਲਫੀ ਜ਼ੋਨ ਐਲਾਨਿਆ ਹੈ।
ਮੋਬਾਇਲ ਨਿਰਮਾਤਾ ਕੰਪਨੀਆਂ ਵੀ ਦੇ ਰਹੀਆਂ ਹਨ ਉਤਸ਼ਾਹ-
ਮਨੋਚਿਕਿਤਸਕ ਸਲਮਾ ਪ੍ਰਭੂ ਕਹਿੰਦੀ ਹੈ ਕਿ ਇਹ ਪਾਗਲਪਨ ਸਿਰਫ ਨੌਜਵਾਨਾਂ ਵਿਚ ਹੀ ਨਹੀਂ ਹੈ, ਸਗੋਂ ਵੱਡਿਆਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ, ਜਿਸ ਵਿਚ ਉਨ੍ਹਾਂ ਦੀ ਮਦਦ ਸੈਲਫੀ ਸਟਿਕ ਕਰਦੀ ਹੈ। ਕਿਸੇ ਚੀਜ਼ ਨੂੰ ਕੈਪਚਰ ਕਰਨਾ ਅਤੇ ਫਿਰ ਉਸਨੂੰ ਸੋਸ਼ਲ ਸਾਈਟ 'ਤੇ ਅਪਲੋਡ ਕਰਨਾ ਇਕ ਸ਼ੌਂਕ ਬਣ ਗਿਆ ਹੈ।
ਉਨ੍ਹਾਂ 'ਤੇ ਆਏ ਲਾਈਕਸ, ਕੁਮੈਂਟਸ ਉਨ੍ਹਾਂ ਦੇ ਲਈ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ ਜੋ ਉਨ੍ਹਾਂ ਦੀ ਆਤਮ ਸੰਤੁਸ਼ਟੀ ਨੂੰ ਮਜ਼ਬੂਤ ਕਰਦੇ ਹਨ। ਮੋਬਾਇਲ ਨਿਰਮਾਤਾ ਕੰਪਨੀਆਂ ਵੀ ਇਸ ਵਿਚ ਪਿੱਛੇ ਨਹੀਂ ਹਨ। ਉਹ ਪ੍ਰੋਫੈਕਟ ਸੈਲਫੀ ਦੀ ਯੂ. ਐੱਸ. ਪੀ. ਦੇ ਨਾਲ ਆਪਣੇ ਫੋਨ ਨੂੰ ਵੇਚ ਰਹੀਆਂ ਹਨ।
ਘੱਟ ਉਮਰ ਦੇ ਨੌਜਵਾਨ ਬਣ ਰਹੇ ਹਨ ਸ਼ਿਕਾਰ-
ਕੁਲ 127 ਮਰਨ ਵਾਲੇ ਲੋਕਾਂ ਵਿਚੋਂ 41 ਅਜਿਹੇ ਸਨ, ਜਿਨ੍ਹਾਂ ਦੀ ਉਮਰ 20 ਸਾਲ ਤੋਂ ਵੀ ਘੱਟ ਸੀ, ਜਦਕਿ 45 ਅਜਿਹੇ ਸਨ, ਜਿਨ੍ਹਾਂ ਦੀ ਉਮਰ 20 ਤੋ 24 ਸਾਲ ਦੇ ਵਿਚਾਲੇ ਸੀ। 17 ਹੀ ਲੋਕ ਅਜਿਹੇ ਸਨ, ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੱਧ ਸੀ। ਕੁਲ ਹਾਦਸਿਆਂ 'ਚੋਂ ਅੱਧੇ (41.7 ਫੀਸਦੀ) ਭਾਰਤ ਵਿਚ ਵਾਪਰੇ। ਇਨ੍ਹਾਂ ਵਿਚੋਂ 87 ਫੀਸਦੀ ਮਾਮਲਿਆਂ ’ਚ ਪਾਣੀ ਦੇ ਕਾਰਨ ਜਾਨਾਂ ਗਈਆਂ।
ਸੋਸ਼ਲ ਮੀਡੀਆ ’ਤੇ ਸੈਲਫੀ ਤਸਵੀਰਾਂ ਦੀ ਧੂੰਮ-
ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਸਾਈਟਸ 'ਤੇ ਆਪਣੀ ਸੈਲਫੀ ਪਾਉਂਦੇ ਹਨ। ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਵਰਗੀਆਂ ਕਿੰਨੀਆਂ ਹੀ ਸਾਈਟਸ ਹਨ, ਜਿਥੇ ਲੋਕਾਂ ਦੀ ਸੈਲਫੀ ਦੀਆਂ ਧੁੰਮਾਂ ਮਚੀਆਂ ਰਹਿੰਦੀਆਂ ਹਨ। ਮਾਰਚ 2014 ਤੋਂ ਸਤੰਬਰ 2016 ਵਿਚਾਲੇ 18 ਮਹੀਨਿਆਂ 'ਚ ਟਵਿੱਟਰ ’ਤੇ ਪਾਈਆਂ ਗਈਆਂ ਸੈਲਫੀਆਂ 'ਤੇ ਸਰਚ ਕੀਤੀ ਗਈ। ਰਿਪੋਰਟ ਮੁਤਾਬਕ ਇਸ ਦੌਰਾਨ ਕੁਲ 1.38 ਲੱਖ ਤੋਂ ਵੱਧ ਟਵੀਟ ਕੀਤੇ ਗਏ, ਜੋ ਕਰੀਬ 78,236 ਟਵਿੱਟਰ ਯੂਜ਼ਰਸ ਨੇ ਕੀਤੇ।