'ਜੰਗ' ਦੀ ਸੰਭਾਵਨਾ ਦਰਮਿਆਨ ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤ
Thursday, May 01, 2025 - 10:59 AM (IST)

ਨਵੀਂ ਦਿੱਲੀ- ਪਹਿਲਗਾਮ ਅਤੱਵਾਦੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਹੈ। ਭਾਰਤ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਕਿਹਾ ਸੀ ਕਿ ਜੋ ਪਾਕਿਸਤਾਨੀ ਨਾਗਰਿਕ ਭਾਰਤ ਵਿਚ ਰਹਿ ਰਹੇ ਹਨ, ਉਹ ਭਾਰਤ ਛੱਡ ਕੇ ਆਪਣੇ ਮੁਲਕ ਵਾਪਸ ਚਲੇ ਜਾਣ। ਭਾਰਤ ਨੇ 29 ਅਪ੍ਰੈਲ ਤੱਕ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਦਾ ਹੁਕਮ ਦਿੱਤਾ ਸੀ। ਹੁਣ ਇਹ ਡੈੱਡਲਾਈਨ ਵਧਾ ਦਿੱਤੀ ਗਈ ਹੈ। ਹੁਣ ਅਗਲੇ ਹੁਕਮਾਂ ਤੱਕ ਪਾਕਿਸਤਾਨੀ ਨਾਗਰਿਕ ਵਾਪਸ ਜਾ ਸਕਣਗੇ।
ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜਿਹੜੇ ਪਾਕਿਸਤਾਨੀ ਨਾਗਰਿਕ ਭਾਰਤ ਵਿਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰ ਰਹੇ ਹਨ ਜਾਂ ਜਿਨ੍ਹਾਂ ਦੀ ਵੀਜ਼ਾ ਵਧਾਉਣ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ, ਉਨ੍ਹਾਂ ਨੂੰ ਤੁਰੰਤ ਦੇਸ਼ ਛੱਡਣਾ ਪਵੇਗਾ। ਪੁਲਸ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀ ਇਨ੍ਹਾਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਨ। ਅਧਿਕਾਰੀ ਹਰ ਜਗ੍ਹਾ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ ਤਾਂ ਜੋ ਕੋਈ ਵੀ ਬਿਨਾਂ ਇਜਾਜ਼ਤ ਦੇ ਭਾਰਤ ਵਿਚ ਨਾ ਰਹਿ ਸਕੇ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਕੁੜਤਣ ਪੈਦਾ ਹੋ ਗਈ ਹੈ। ਇਸ ਅੱਤਵਾਦੀ ਹਮਲੇ ਵਿਚ 26 ਬੇਕਸੂਰ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਵਿਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਦਾ ਹੁਕਮ ਦਿੱਤਾ ਸੀ। ਇਸ ਹੁਕਮ ਮਗਰੋਂ ਵੱਡੀ ਗਿਣਤੀ ਵਿਚ ਕਈ ਪਾਕਿਸਤਾਨੀ ਨਾਗਰਿਕਾ ਅਟਾਰੀ-ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਪਰਤ ਵੀ ਗਏ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿੱਚ ਔਰਤਾਂ, ਬਜ਼ੁਰਗ ਅਤੇ ਛੋਟੇ ਬੱਚੇ ਸ਼ਾਮਲ ਹਨ। ਜੋ ਅਜੇ ਨਹੀਂ ਪਰਤੇ ਹਨ, ਉਨ੍ਹਾਂ ਲਈ ਡੈੱਡਲਾਈਨ ਵਧਾ ਦਿੱਤੀ ਹੈ ਕਿ ਉਹ ਅਗਲੇ ਹੁਕਮਾਂ ਤੱਕ ਸਰਹੱਦ ਪਾਰ ਕਰ ਕੇ ਪਾਕਿਸਤਾਨ ਜਾ ਸਕਣਗੇ।