ਭਾਰਤ ਨੇ ਕੈਨੇਡਾ ਤੋਂ ਵੀਜ਼ਾ ਪ੍ਰੋਸੈਸਿੰਗ ’ਚ ਪਾਰਦਰਸ਼ਤਾ ਦੀ ਕੀਤੀ ਮੰਗ, ਭਾਰਤੀਆਂ ਨੂੰ ਧਮਕੀਆਂ ਦਾ ਮਾਮਲਾ ਵੀ ਉਠਿਆ

Sunday, Sep 08, 2024 - 05:13 PM (IST)

ਜਲੰਧਰ (ਇੰਟ.) : ਭਾਰਤ ਨੇ ਕੈਨੇਡਾ ’ਚ ਵੀਜ਼ਾ ਹਾਸਲ ਕਰਨ ’ਚ ਭਾਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਸਖ਼ਤ ਨੋਟਿਸ ਲਿਆ ਹੈ।

ਭਾਰਤ ਨੇ ਕੈਨੇਡਾ ਨੂੰ ਭਾਰਤੀਆਂ ਦੀ ਤਰਜੀਹ ਅਤੇ ਅਰਥਵਿਵਸਥਾ ’ਚ ਉਨ੍ਹਾਂ ਦੇ ਯੋਗਦਾਨ ਨੂੰ ਧਿਆਨ ’ਚ ਰੱਖਦੇ ਹੋਏ ਵੀਜ਼ਾ ਪ੍ਰਕਿਰਿਆ ’ਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣ ਲਈ ਕਿਹਾ ਹੈ। ਰਿਪੋਰਟ ਮੁਤਾਬਕ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ’ਚ ਕੈਨੇਡਾ ਦੀ 12ਵੀਂ ਵਪਾਰ ਨੀਤੀ ਸਮੀਖਿਆ ਚਰਚਾ ਦੌਰਾਨ ਭਾਰਤ ਨੇ ਇਹ ਮੁੱਦਾ ਉਠਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੀ ਮੌਤ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਲੈਣ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤੀਆਂ ਨੂੰ ਧਮਕੀਆਂ ਦੇਣ ਦਾ ਮਾਮਲਾ ਵੀ ਉਠਿਆ

ਭਾਰਤ ਨੇ ਕੈਨੇਡਾ ’ਚ ਭਾਰਤੀਆਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਕੈਨੇਡਾ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ’ਚ ਰਿਹਾਇਸ਼, ਧਮਕੀਆਂ ਦੀਆਂ ਘਟਨਾਵਾਂ ਅਤੇ ਸੁਰੱਖਿਆ ਆਦਿ ਸ਼ਾਮਲ ਹਨ।

ਬਰਾਮਦਗੀ ’ਤੇ ਹਾਈ ਡਿਊਟੀ ’ਤੇ ਪ੍ਰਗਟਾਈ ਚਿੰਤਾ

ਡਬਲਯੂ.ਟੀ.ਓ. ’ਚ ਭਾਰਤ ਨੇ ਕੈਨੇਡਾ ਵੱਲੋਂ ਕੱਪੜਿਆਂ, ਗਹਿਣਿਆਂ ਅਤੇ ਰਤਨਾਂ ਦੇ ਨਾਲ-ਨਾਲ ਚਮੜੇ ਅਤੇ ਜੁੱਤੀਆਂ ’ਤੇ ਲਗਾਈ ਹਾਈ ਡਿਊਟੀ ’ਤੇ ਵੀ ਚਿੰਤਾ ਪ੍ਰਗਟਾਈ ਹੈ। ਭਾਰਤ ਨੇ ਕੈਨੇਡਾ ਨੂੰ ਇਨ੍ਹਾਂ ’ਤੇ ਡਿਊਟੀ ਦਰਾਂ ਘਟਾਉਣ ਲਈ ਕਿਹਾ ਹੈ।

7 ਮਹੀਨਿਆਂ ’ਚ 3700 ਵਿਦੇਸ਼ੀਆਂ ਨੂੰ ਭੇਜਿਆ ਵਾਪਸ

ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ’ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਤੇਜ਼ੀ ਨਾਲ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਰਿਹਾ ਹੈ ਤੇ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜ ਰਿਹਾ ਹੈ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਨੁਸਾਰ 2024 ਦੇ ਪਹਿਲੇ ਸੱਤ ਮਹੀਨਿਆਂ ’ਚ ਔਸਤਨ 3,700 ਵਿਦੇਸ਼ੀਆਂ ਨੂੰ ਵਾਪਸ ਭੇਜਿਆ ਗਿਆ ਹੈ।


Harinder Kaur

Content Editor

Related News