ਲੱਦਾਖ ''ਚ 20 ਜਵਾਨ ਦੇ ਸ਼ਹੀਦ ਹੋਣ ਤੋਂ ਬਾਅਦ ਜੰਮੂ ''ਚ ਚੀਨ ਵਿਰੁੱਧ ਪ੍ਰਦਰਸ਼ਨ
Wednesday, Jun 17, 2020 - 05:31 PM (IST)
ਜੰਮੂ (ਭਾਸ਼ਾ)— ਲੱਦਾਖ ਦੀ ਗਲਵਾਨ ਘਾਟੀ ਵਿਚ 20 ਭਾਰਤੀ ਜਵਾਨਾਂ ਸ਼ਹੀਦ ਹੋ ਜਾਣ ਤੋਂ ਬਾਅਦ ਜੰਮੂ 'ਚ ਕਈ ਥਾਂਵਾਂ 'ਤੇ ਚੀਨ ਵਿਰੁੱਧ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਚੀਨੀ ਉਤਪਾਦਾਂ ਦਾ ਬਾਈਕਾਟ ਕਰਨ, ਉਸ ਨਾਲ ਸੰਬੰਧ ਤੋੜਨ ਦੇ ਨਾਲ ਬਦਲਾ ਲੈਣ ਦੀ ਮੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਚੀਨ ਦਾ ਝੰਡਾ ਅਤੇ ਪੁਤਲਾ ਸਾੜਿਆ। ਉਨ੍ਹਾਂ ਨੇ ਚੀਨੀ ਉਤਪਾਦਾਂ ਨੂੰ ਵੀ ਅੱਗ ਦੇ ਹਵਾਲੇ ਕੀਤਾ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀ ਕਾਰਵਾਈ ਦਾ ਮੂੰਹ-ਤੋੜ ਜਵਾਬ ਦੇਣ ਦੀ ਮੰਗ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਭਾਰਤੀ ਫ਼ੌਜ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੋਮਵਾਰ ਦੀ ਰਾਤ ਨੂੰ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ ਵਿਚ ਇਕ ਕਰਨਲ ਸਮੇਤ 20 ਫ਼ੌਜੀ ਜਵਾਨ ਸ਼ਹੀਦ ਹੋ ਗਏ। ਚੀਨ ਵਿਰੁੱਧ ਇੱਥੇ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਜੰਮੂ ਦੇ ਨੇੜੇ ਅਖਨੂਰ ਤੋਂ ਹੋਈ, ਜਿੱਥੇ ਸਥਾਨਕ ਲੋਕਾਂ ਨੇ ਵੱਡੀ ਗਿਣਤੀ ਵਿਚ ਟਾਇਰ ਫੂਕੇ ਅਤੇ ਅੱਧੇ ਘੰਟੇ ਤੋਂ ਵਧੇਰੇ ਸਮੇਂ ਤੱਕ ਜੰਮੂ-ਪੁੰਛ ਹਾਈਵੇਅ ਨੂੰ ਜਾਮ ਰੱਖਿਆ। ਉਸ ਤੋਂ ਬਾਅਦ ਸ਼ਿਵ ਸੈਨਾ ਡੋਗਰਾ ਫਰੰਟ, ਵਿਸ਼ਵ ਹਿੰਦੂ ਪਰੀਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਸਮੇਤ ਕਈ ਸੰਗਠਨਾਂ ਦੇ ਬੈਨਰ ਹੇਠ ਹੋਰ ਸਮੂਹਾਂ ਨੇ ਸ਼ਹਿਰ ਵਿਚ ਕਰੀਬ ਇਕ ਦਰਜਨ ਥਾਂਵਾਂ 'ਤੇ ਪ੍ਰਦਰਸ਼ਨ ਕੀਤੇ।