ਭਾਰਤ-ਕੈਨੇਡਾ ਦੇ ਤਲਖ ਰਿਸ਼ਤਿਆਂ ਦਾ ਪਰਵਾਸੀਆਂ 'ਤੇ ਕਿੰਨਾ ਅਸਰ? ਜਾਣੋ ਪੂਰੀ ਡਿਟੇਲ

Thursday, Oct 17, 2024 - 09:29 PM (IST)

ਟੋਰਾਂਟੋ : ਕੈਨੇਡਾ ਤੇ ਭਾਰਤ ਵਿਚਾਲੇ ਚੱਲ ਰਹੀਆਂ ਤਲਖੀਆਂ ਦੇ ਦਰਮਿਆਨ ਕੈਨੇਡਾ ਵਿਚ ਵੱਸਣ ਵਾਲੇ ਉਨ੍ਹਾਂ ਭਾਰਤੀਆਂ ਲਈ ਚਿੰਤਾ ਵਧੀ ਹੋਈ ਹੈ ਜਿਹੜੇ ਤਿਓਹਾਰੀ ਤੇ ਵਿਆਹ ਦੇ ਸੀਜ਼ਨ ਦੌਰਾਨ ਭਾਰਤ ਆਉਣਾ ਚਾਹੁੰਦੇ ਹਨ। ਕੈਨੇਡਾ ਵੱਲੋਂ ਭਾਰਤੀ ਦੂਤਾਵਾਸ ਦੇ ਛੇ ਅਧਿਕਾਰੀਆਂ ਨੂੰ ਕੱਢੇ ਜਾਣ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਹੁਣ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਦਾ ਵੀਜ਼ਾ ਕਿਵੇਂ ਮਿਲੇਗਾ। ਜਗਬਾਣੀ ਤੁਹਾਨੂੰ ਇਹ ਦੱਸਣ ਜਾ ਰਿਹਾ ਹੈ ਕਿ ਇਸ ਮਸਲੇ 'ਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਛੇ ਕੱਢੇ ਜਾਣ ਤੋਂ ਬਾਅਦ ਵੀ ਓਟਾਵਾ, ਟੋਰਾਂਟੋ ਤੇ ਵੈਨਕੂਵਰ ਵਿਚ ਭਾਰਤੀ ਸਫਾਰਤਖਾਨੇ ਕੰਮ ਕਰ ਰਹੇ ਹਨ ਤੇ ਇਨ੍ਹਾਂ ਸਫਾਰਤਖਾਨਿਆਂ ਵਿਚ 30 ਅਧਿਕਾਰੀ ਅਜੇ ਵੀ ਤਾਇਨਾਤ ਹਨ। ਜੋ ਵੀਜ਼ਾ ਸਬੰਧੀ ਅਰਜ਼ੀਆਂ ਦੀ ਪ੍ਰੋਸੈਸਿੰਗ ਕਰਨਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਸਰਕਾਰ ਨੇ ਅਜੇ ਤੱਕ ਕੈਨੇਡਾ 'ਤੇ ਕਿਸੇ ਵੀ ਤਰ੍ਹਾਂ ਦੀ ਵੀਜ਼ਾ ਪਾਬੰਦੀ ਦਾ ਜ਼ਿਕਰ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : ਕੈਨੇਡੀਅਨ PM ਟਰੂਡੋ ਦੇ 'ਕਬੂਲਨਾਮੇ' ਮਗਰੋਂ ਭਾਰਤ ਸਰਕਾਰ ਦਾ ਵੱਡਾ ਬਿਆਨ

ਕੈਨੇਡਾ 'ਚ ਕਿੰਨਾ ਹੈ ਭਾਰਤੀ ਪਰਵਾਸੀ
ਭਾਰਤ ਦੇ ਵਿਦੇਸ਼ ਮੰਤਰਾਲਾ ਅਨੁਸਾਰ ਲਗਭਗ 4,27,000 ਭਾਰਤੀ ਵਿਦਿਆਰਥੀ ਕੈਨੇਡਾ 'ਚ ਪੜ੍ਹਾਈ ਕਰ ਰਹੇ ਹਨ। ਹੋਰਾਂ ਦੇਸ਼ਾਂ ਦੀ ਤੁਲਨਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕੈਨੇਡਾ 'ਚ ਸਭ ਤੋਂ ਵੱਧ ਹੈ। ਦਰਅਸਲ ਪਿਛਲੇ ਤਿੰਨ ਸਾਲਾਂ 'ਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੀ ਨਹੀਂ ਹੈ, ਬਲਕਿ ਸਰਕਾਰੀ ਅੰਕਰੇ ਦੱਸਦੇ ਹਨ ਕਿ ਇਸ 'ਚ ਵਾਧਾ ਹੋਇਆ ਹੈ। ਕੈਨੇਡਾ 'ਚ ਲਗਭਗ 30 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ, ਜਿਸ ਨਾਲ ਇਹ ਪਰਵਾਸੀ ਭਾਰਤੀਆਂ ਲਈ ਇੱਕ ਵੱਡਾ ਟਿਕਾਣਾ ਬਣ ਗਿਆ ਹੈ।

ਭਾਰਤ 'ਚ ਨਿਵੇਸ਼
ਆਰਥਿਕ ਸਬੰਧਾਂ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਪੈਨਸ਼ਨ ਫੰਡਾਂ ਨੇ ਭਾਰਤ 'ਚ ਵੱਡੇ ਪੈਮਾਨੇ 'ਤੇ ਨਿਵੇਸ਼ ਕੀਤਾ ਹੈ। ਅੰਕੜੇ ਦੱਸਦੇ ਹਨ ਕਿ ਪੈਨਸ਼ਨ ਫੰਡਾਂ ਨਾਲ ਭਾਰਤ 'ਚ ਲਗਭਗ 75 ਅਰਬ ਕੈਨੇਡੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਭਾਰਤ 'ਚ 600 ਤੋਂ ਵੱਧ ਕੈਨੇਡੀਅਨ ਕੰਪਨੀਆਂ ਕੰਮ ਕਰ ਰਹੀਆਂ ਹਨ, ਜਦੋਂਕਿ 1,000 ਤੋਂ ਵੱਧ ਕੰਪਨੀਆਂ ਭਾਰਤੀ ਬਾਜ਼ਾਰਾਂ ਵਿੱਚ ਵਪਾਰ ਕਰਦੀਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ 2023 'ਚ ਭਾਰਤ ਤੇ ਕੈਨੇਡਾ ਵਿਚਾਲੇ ਵਪਾਰ ’ਚ ਪਿਛਲੇ ਸਾਲ ਦੀ ਤੁਲਨਾ 'ਚ ਲਗਭਗ 19 ਫ਼ੀਸਦੀ ਵਾਧਾ ਦੇਖਿਆ ਗਿਆ। ਇਸ ਤੋਂ ਇਲਾਵਾ ਕੈਨੇਡਾ ਤੋਂ ਭਾਰਤ ਦੇ ਬਰਾਮਦ ਦੀ ਦਰ ਵਿੱਚ ਵੀ ਨੌਂ ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :  ਟਰੂਡੋ ਨੇ ਭਾਰਤ 'ਤੇ ਮੁੜ ਲਾਏ ਗੰਭੀਰ ਦੋਸ਼, ਕਿਹਾ- ਖ਼ਤਰੇ 'ਚ ਕੈਨੇਡਾ ਦੀ ਪ੍ਰਭੂਸੱਤਾ

ਕੈਨੇਡਾ ਨੇ ਕੱਢੇ 6 ਭਾਰਤੀ ਡਿਪਲੋਮੈਟ
ਕੈਨੇਡਾ ਨੇ ਤਾਜ਼ਾ ਕੂਟਨੀਤਿਕ ਵਿਵਾਦ ਦੀ ਸ਼ੁਰੂਆਤ ਵਿਚ ਛੇ ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ, ਜਿਨ੍ਹਾਂ ਵਿਚ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਨਾਂ ਵੀ ਸੀ। ਇਸ ਦੌਰਾਨ ਉਨ੍ਹਾਂ ਨੂੰ 19 ਅਕਤੂਬਰ ਰਾਤ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ। ਇਸੇ ਤਰ੍ਹਾਂ ਹੀ ਭਾਰਤ ਨੇ ਵੀ ਕੈਨੇਡਾ ਦੇ ਡਿਪਲੋਮੈਟਾਂ ਨੂੰ ਹੁਕਮ ਸੁਣਾਏ। ਇਸ ਸਭ ਤੋਂ ਬਾਅਦ ਵੀ ਭਾਰਤ ਤੇ ਕੈਨੇਡਾ ਵਿਚਾਲੇ ਵਿਵਾਦ ਠੰਢਾ ਨਹੀਂ ਪਿਆ। ਇਕ ਪਾਸੇ ਜਿਥੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਸਬੰਧਾਂ ਦੀ ਗੱਲ ਆਖੀ ਉਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਮੰਨਿਆ ਕਿ ਉਨ੍ਹਾਂ ਨੇ ਭਾਰਤ ਨੂੰ ਅਜੇ ਤੱਕ ਹਰਦੀਪ ਸਿੰਘ ਨਿੱਝਰ ਮਾਮਲੇ ਦੇ ਸਬੂਤ ਨਹੀਂ ਦਿੱਤੇ ਹਨ।

ਇਹ ਵੀ ਪੜ੍ਹੋ : ਟਰੂਡੋ ਦੇ 'ਖਾਲਿਸਤਾਨੀ ਪਿਆਰ' ਕਾਰਨ ਕੈਨੇਡਾ 'ਚ ਹਿੰਦੂਆਂ 'ਤੇ ਮੰਡਰਾ ਰਿਹਾ ਖਤਰਾ : ਚੰਦਰ ਆਰਿਆ

ਕੈਨੇਡਾ 'ਚ ਕੁੱਲ ਕਿੰਨੇ ਡਿਪਲੋਮੈਟਿਕ ਮੈਂਬਰ
ਸਾਡੇ ਲਈ ਸਭ ਤੋਂ ਪਹਿਲਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਭਾਰਤ ਦੇ ਕਿੰਨੇ ਡਿਪਲੋਮੈਟਿਕ ਮੈਂਬਰ ਕੈਨੇਡਾ ਵਿਚ ਮੌਜੂਦ ਹਨ। ਦੱਸ ਦਈਏ ਕਿ ਕੈਨੇਡਾ ਵਿਚ ਭਾਰਤ ਦੇ ਕੁੱਲ ਤਿੰਨ ਹਾਈ ਕਮਿਸ਼ਨ ਦਫਤਰ ਮੌਜੂਦ ਹਨ ਜਿਵੇਂ ਓਟਾਵਾ, ਟੋਰਾਂਟੋ ਤੇ ਵੈਨਕੂਵਰ। ਓਟਾਵਾ ਦੇ ਹਾਈ ਕਮਿਸ਼ਨ ਦਫਤਰ ਵਿਚ ਭਾਰਤ ਦੇ 11 ਡਿਪਲੋਮੈਟ ਹਨ, ਜਿਨ੍ਹਾਂ ਵਿਚੋਂ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਭਾਰਤ ਵਾਪਸ ਜਾਣ ਲਈ ਆਖਿਆ ਗਿਆ ਹੈ। ਇਸ ਤੋਂ ਇਲਾਵਾ ਟੋਰਾਂਟੋ ਦੇ ਭਾਰਤੀ ਹਾਈ ਕਮਿਸ਼ਨ ਦਫਤਰ ਵਿਚ ਭਾਰਤ ਦੇ 14 ਮੈਂਬਰ ਮੌਜੂਦ ਹਨ ਤੇ ਵੈਨਕੂਵਰ ਦੇ ਹਾਈ ਕਮਿਸ਼ਨ ਦਫਤਰ ਵਿਚ 11 ਮੈਂਬਰ ਮੌਜੂਦ ਹਨ। ਇਸ ਤਰ੍ਹਾਂ ਨਾਲ ਭਾਰਤ ਦੇ ਕੁੱਲ 36 ਡਿਪਲੋਮੈਟ ਕੈਨੇਡਾ ਵਿਚ ਮੌਜੂਦ ਹਨ, ਜਿਨ੍ਹਾਂ ਵਿਚੋਂ 6 ਨੂੰ ਭਾਰਤ ਜਾਣ ਲਈ ਕਿਹਾ ਗਿਆ ਹੈ। 

ਇਹ ਵੀ ਪੜ੍ਹੋ : ਟਰੂਡੋ ਦੀ ਬਰਬਾਦੀ ਦਾ ਕਾਰਨ ਇਹ ਪ੍ਰਮੁੱਖ ਫੈਸਲੇ! ਨਾ ਕੁਰਸੀ ਬਚੇਗੀ, ਨਾ ਸਾਖ

ਵੀਜ਼ਾ ਸਬੰਧੀ ਅਧਿਕਾਰੀ ਅਜੇ ਵੀ ਮੌਜੂਦ
ਕੈਨੇਡਾ ਤੋਂ ਅਜੇ ਸਿਰਫ 6 ਅਧਿਕਾਰੀ ਹੀ ਵਾਪਸ ਆ ਰਹੇ ਹਨ ਜਦਕਿ 30 ਭਾਰਤੀ ਅਧਿਕਾਰੀ ਅਜੇ ਵੀ ਕੈਨੇਡਾ ਵਿਚ ਮੌਜੂਦ ਹਨ। ਜਿਨ੍ਹਾਂ ਵਿਚ ਵੀਜ਼ਾ ਸਬੰਧੀ ਅਧਿਕਾਰੀ ਵੀ ਹਨ। ਇਸ ਦੌਰਾਨ ਕੈਨੇਡਾ ਜਾਂ ਭਾਰਤ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਵੀਜ਼ਾ ਪਾਬੰਦੀ ਦਾ ਬਿਆਨ ਜਾਰੀ ਨਹੀਂ ਕੀਤਾ ਗਿਆ। ਅਜਿਹੇ ਵਿਚ ਇਸ ਵੇਲੇ ਪ੍ਰਵਾਸੀਆਂ ਜਾਂ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਚਿੰਤਾ ਕਰਨ ਦੀ ਲੋੜ ਨਹੀਂ ਹੈ।
 


Baljit Singh

Content Editor

Related News