ਭਾਰਤ ਨੇ ਕੈਨੇਡਾ ਨੂੰ ਖਾਲਿਸਤਾਨੀ ਰਾਇਸ਼ੁਮਾਰੀ ਨੂੰ ਰੋਕਣ ਲਈ ਕਿਹਾ, ਟਰੂਡੋ ਸਰਕਾਰ ਨੂੰ ਭੇਜਿਆ ਇਤਰਾਜ਼ ਪੱਤਰ

Monday, Oct 10, 2022 - 10:42 AM (IST)

ਇੰਟਰਨੈਸ਼ਨਲ ਡੈਸਕ(ਬਿਊਰੋ)- ਕੈਨੇਡਾ ’ਚ 6 ਨਵੰਬਰ ਨੂੰ ਹੋਣ ਵਾਲੀ ਖਾਲਿਸਤਾਨੀ ਰਾਇਸ਼ੁਮਾਰੀ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਨੇ ਜਸਟਿਨ ਟਰੂਡੋ ਸਰਕਾਰ ਨੂੰ ਇਤਰਾਜ਼ ਪੱਤਰ ਭੇਜਿਆ ਹੈ। ਭਾਰਤ ਨੇ ਕੈਨੇਡਾ ਨੂੰ ਰਾਇਸ਼ੁਮਾਰੀ ਨੂੰ ਰੋਕਣ ਲਈ ਕਿਹਾ ਹੈ।ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਨੂੰ ਕਿਹਾ ਹੈ ਕਿ ਇਹ ਰਾਇਸ਼ੁਮਾਰੀ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਚੁਣੌਤੀ ਦਿੰਦੀ ਹੈ। ਭਾਰਤ ਵੱਲੋਂ ਸਿੱਖ ਕੱਟੜਪੰਥੀ ਜੀ. ਐੱਸ. ਪੰਨੂ ਵੱਲੋਂ ਚਲਾਏ ਜਾ ਰਹੇ ਐੱਸ. ਐੱਫ. ਜੇ. ਦਾ ਮੁੱਦਾ ਕੈਨੇਡੀਅਨ ਸਰਕਾਰ ਅਤੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਕੋਲ ਉਠਾਉਣ ਦੇ ਬਾਵਜੂਦ ਟਰੂਡੋ ਸਰਕਾਰ ਨੇ ਇਕ ਮਿਆਰੀ ਲਾਈਨ ਤਿਆਰ ਕੀਤੀ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਵਿਅਕਤੀਆਂ ਨੂੰ ਕਾਨੂੰਨ ਦੀ ਉਲੰਘਣਾ ਕੀਤੇ ਬਿਨਾਂ ਇਕੱਠੇ ਹੋਣ ਅਤੇ ਸ਼ਾਂਤੀਪੂਰਵਕ ਰਹਿਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ।

ਸੁਰੱਖਿਆ ਏਜੰਸੀਆਂ ਵੀ ਕਰ ਚੁੱਕੀਆਂ ਨੇ ਚੌਕਸ

ਭਾਰਤੀ ਸੁਰੱਖਿਆ ਏਜੰਸੀਆਂ ਨੇ ਆਪਣੇ ਕੈਨੇਡੀਅਨ ਹਮਰੁਤਬਾ ਨੂੰ ਦੱਸ ਦਿੱਤਾ ਹੈ ਕਿ ਉਹ ਪੰਨੂ ਵਰਗੇ ਸਿੱਖ ਕੱਟੜਪੰਥੀਆਂ ਨੂੰ ਖਾਲਿਸਤਾਨ ਦੇ ਨਾਂ ’ਤੇ ਸਿੱਖ ਨੌਜਵਾਨਾਂ ਅਤੇ ਭਾਈਚਾਰੇ ਨੂੰ ਕੱਟੜਪੰਥੀ ਬਣਾਉਣ ਤੋਂ ਨਾ ਰੋਕ ਕੇ ਅੱਗ ਨਾਲ ਖੇਡ ਰਹੇ ਹਨ। ਤੱਥ ਇਹ ਹੈ ਕਿ ਸੀਨੀਅਰ ਭਾਰਤੀ ਅਧਿਕਾਰੀਆਂ ਨੇ ਆਪਣੇ ਕੈਨੇਡੀਅਨ ਹਮਰੁਤਬਾ ਨੂੰ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਜੇ ਟਰੂਡੋ ਸਰਕਾਰ ਨੇ ਕੱਟੜਪੰਥੀਆਂ ਨੂੰ ਨੌਜਵਾਨਾਂ ਦਾ ਬਰੇਨਵਾਸ਼ ਕਰਨ ਅਤੇ ਗੁਰਦੁਆਰਿਆਂ ’ਤੇ ਕਬਜ਼ਾ ਕਰਨ ਤੋਂ ਨਾ ਰੋਕਿਆ ਤਾਂ ਕੈਨੇਡਾ ਵਿਚ ਗਰਮ ਖਿਆਲੀ ਖਾਲਿਸਤਾਨ ਬਣਾ ਸਕਦੇ ਹਨ।ਹਾਲ ਹੀ ਵਿਚ ਕੱਟੜਪੰਥੀਆਂ ਨੇ ਓਂਟਾਰੀਓ ਦੇ ਬਰੈਂਪਟਨ ਵਿਚ ਸਵਾਮੀਨਾਰਾਇਣ ਮੰਦਰ ਵਰਗੇ ਭਾਰਤੀ ਮੰਦਰਾਂ ਦੀ ਭੰਨ-ਤੋੜ ਕੀਤੀ ਹੈ। ਜਦ ਕਿ ਕੈਨੇਡੀਅਨ ਪੁਲਸ ਅਜੇ ਵੀ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਨਹੀਂ ਕਰ ਰਹੀ ਹੈ।

ਪੜ੍ਹੋ ਇਹ ਅਹਿਮ  ਖ਼ਬਰ-ਖੁਸ਼ਖ਼ਬਰੀ: ਜਰਮਨੀ ਨੇ ਭਾਰਤੀਆਂ ਲਈ 'ਵੀਜ਼ਾ' ਸਬੰਧੀ ਦਿੱਤੀ ਵੱਡੀ ਰਾਹਤ, ਵਿਦਿਆਰਥੀਆਂ ਨੂੰ ਹੋਵੇਗਾ ਫ਼ਾਇਦਾ

ਵੋਟ ਬੈਂਕ ਦੀ ਰਾਜਨੀਤੀ ਤੋਂ ਪ੍ਰੇਰਿਤ ਹੈ ਰਾਇਸ਼ੁਮਾਰੀ

ਓਂਟਾਰੀਓ ਦੇ ਇਕ ਸ਼ਹਿਰ ਵਿਚ 6 ਨਵੰਬਰ ਨੂੰ ਹੋਣ ਵਾਲੀ ਤਥਾਕਥਿਤ ਰਾਇਸ਼ੁਮਾਰੀ ਹੋ ਰਹੀ ਹੈ। ਪਹਿਲੀ ਰਾਇਸ਼ੁਮਾਰੀ 16 ਸਤੰਬਰ, 2022 ਨੂੰ ਓਨਟਾਰੀਓ ਦੇ ਟ੍ਰੈਂਪਟਨ ਵਿਚ ਹੋਈ ਸੀ। ਭਾਰਤ ਨੇ ਸਿੱਖ ਕੱਟੜਪੰਥੀ ਜੀ. ਐੱਸ. ਪੰਨੂ ਵੱਲੋਂ ਚਲਾਏ ਜਾ ਰਹੇ ਐੱਸ.ਐੱਫ.ਜੇ. ਦਾ ਮੁੱਦਾ ਕੈਨੇਡੀਅਨ ਸਰਕਾਰ ਅਤੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਕੋਲ ਉਠਾਇਆ ਸੀ। ਇਸ ਦੇ ਬਾਵਜੂਦ ਕੈਨੇਡਾ ਵਿਚ ਖਾਲਿਸਤਾਨ ਲਈ ਰਾਇਸ਼ੁਮਾਰੀ ਕਰਵਾਈ ਗਈ। ਇਸ ਮਾਮਲੇ ਨਾਲ ਸਬੰਧਤ ਮਾਹਿਰਾਂ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਨੇ ਇਸ ਮਾਮਲੇ ਸਬੰਧੀ ਭਾਰਤ ਵਿਰੋਧੀ ਤਾਕਤਾਂ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ ਅਤੇ ਆਪਣੇ ਵੋਟ ਬੈਂਕ ਦੀ ਰਾਜਨੀਤੀ ਨੂੰ ਚਮਕਾਇਆ ਹੈ। ਤੱਥ ਇਹ ਹਨ ਕਿ ਅਖੌਤੀ ਰਾਇਸ਼ੁਮਾਰੀ ਨੂੰ ਕੱਟੜਪੰਥੀਆਂ ਵੱਲੋਂ ਭਾਰਤ ਵਿਚ ਸਿੱਖ ਕੌਮ ਨਾਲ ਹੋ ਰਹੇ ਅੱਤਿਆਚਾਰਾਂ ਦੇ ਨਾਂ ’ਤੇ ਅਮਰੀਕਾ, ਯੂ. ਕੇ. ਅਤੇ ਜਰਮਨੀ ਤੋਂ ਪੈਸਾ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News