ਭਾਰਤ ਵਲੋਂ ਚੀਨ ਲਈ ਟੂਰਿਸਟ ਈ-ਵੀਜ਼ਾ ਦਾ ਐਲਾਨ
Saturday, Oct 12, 2019 - 11:16 PM (IST)
ਮਹਾਬਲੀਪੁਰਮ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਗੈਰ-ਰਸਮੀ ਗੱਲਬਾਤ ਕੀਤੀ ਤੇ ਦੋਵਾਂ ਮੁਲਕਾਂ ਵਿਚਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਿਸੇ ਤਰ੍ਹਾਂ ਦੀਆਂ ਹੋਰ ਗੈਰ-ਰਸਮੀ ਵਾਰਤਾਵਾਂ ਜਾਰੀ ਰੱਖਣ ਬਾਰੇ ਸਹਿਮਤੀ ਪ੍ਰਗਟ ਕੀਤੀ।ਭਾਰਤ ਨੇ ਚੀਨ ਦੇ ਸ਼ਹਿਰੀਆਂ ਲਈ ਬਹੁ-ਦਾਖਲੇ ਬਾਰੇ 5 ਸਾਲ ਲਈ ਸੈਲਾਨੀ ਈ-ਵੀਜ਼ਾ ਦੇਣ ਦਾ ਐਲਾਨ ਕੀਤਾ। ਇਹ ਐਲਾਨ ਬੀਜਿੰਗ ਵਿਚ ਸਥਿਤ ਭਾਰਤੀ ਸਫਾਰਤਖਾਨੇ ਨੇ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੇ ਸ਼ਹਿਰੀਆਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਿਸ਼ਾਨੇ ਨਾਲ ਚੀਨ ਦੇ ਸ਼ਹਿਰੀਆਂ ਲਈ ਈ-ਵੀਜ਼ਾ ਵਿਚ ਰਿਆਇਤ ਦਿੱਤੀ ਜਾਵੇਗੀ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਚੀਨੀ ਸੈਲਾਨੀ ਭਾਰਤ ਦਾ ਦੌਰਾ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅਕਤੂਬਰ ਤੋਂ ਚੀਨੀ ਸ਼ਹਿਰੀਆਂ ਲਈ ਬਹੁ-ਦਾਖਲਾ ਤੇ ਸੈਲਾਨੀ ਈ-ਵੀਜ਼ਾ ਲਈ ਦਰਖਾਸਤਾਂ ਦੇ ਸਕਣਗੇ ਜਿਸ ਦੀ ਮਿਆਦ 5 ਸਾਲ ਦੀ ਹੋਵੇਗੀ। 5 ਸਾਲ ਲਈ ਸੈਲਾਨੀ ਈ-ਵੀਜ਼ਾ ਲਈ 80 ਡਾਲਰ ਫੀਸ ਅਦਾ ਕਰਨੀ ਹੋਵੇਗੀ।ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਇਥੇ ਵਫਦ ਪੱਧਰ ’ਤੇ ਮੀਟਿੰਗ ਹੋਈ ਜਿਸ ਵਿਚ ਦੋਵਾਂ ਲੀਡਰਾਂ ਨੇ ਦੋਹਾਂ ਮੁਲਕਾਂ ਵਿਚਕਾਰ ਦੁਵੱਲੇ ਸਬੰਧਾਂ ਵਿਚ ਇਜ਼ਾਫਾ ਕਰਨ ’ਤੇ ਜ਼ੋਰ ਦਿੱਤਾ। ਦੋਵਾਂ ਦੇਸ਼ਾਂ ਵਿਚਕਾਰ ਵਫਦ ਪੱਧਰ ਦੀ ਮੀਟਿੰਗ ਦਾ ਆਰੰਭ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਚੀਨ ਦਰਮਿਆਨ ਰਿਸ਼ਤਿਆਂ ਦਾ ਚੇਨਈ ਗਵਾਹ ਬਣਿਆ ਹੈ ਅਤੇ ਇਸ ਮੀਟਿੰਗ ਨਾਲ ਦੋਵਾਂ ਦੇਸ਼ਾਂ ਦਰਮਿਆਨ ਇਕ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ।