‘ਭਾਰਤ-ਪਾਕਿ ਵਿਚਾਲੇ ਸਿਰਫ ਗੱਲਬਾਤ ਨਾਲ ਹੀ ਹੱਲ ਹੋ ਸਕਦੈ ਜੰਮੂ-ਕਸ਼ਮੀਰ ਦਾ ਮੁੱਦਾ’
Sunday, Feb 21, 2021 - 06:25 PM (IST)
ਸ਼੍ਰੀਨਗਰ— ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਮੁਖੀ ਮਹਿਬੂਬਾ ਮੁਫ਼ਤੀ ਨੇ ਐਤਵਾਰ ਯਾਨੀ ਕਿ ਅੱਜ ਕਿਹਾ ਕਿ ਨਾ ਤਾਂ ਜੰਗ ਅਤੇ ਨਾ ਹੀ ਬੰਦੂਕ ਕੋਈ ਹੱਲ ਹੈ। ਜੰਮੂ-ਕਸ਼ਮੀਰ ਮੁੱਦੇ ਦਾ ਹੱਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਰਫ਼ ਗੱਲਬਾਤ ਜ਼ਰੀਏ ਹੋ ਸਕਦਾ ਹੈ। ਮਹਿਬੂਬਾ ਨੇ ਕੁਪਵਾੜਾ ਜ਼ਿਲ੍ਹੇ ਦੇ ਜਿਰਹਾਮਾ ਇਲਾਕੇ ਦਾ ਦੌਰਾ ਕਰਨ ਮਗਰੋਂ ਕਿਹਾ ਕਿ ਕੇਂਦਰ ਸਰਕਾਰ ਨੂੰ ਗੱਲਬਾਤ ਪ੍ਰਕਿਰਿਆ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਮਹਿਬੂਬਾ ਮੁਫ਼ਤੀ ਸ਼ੁੱਕਰਵਾਰ ਨੂੰ ਅੱਤਵਾਦੀ ਹਮਲੇ ਵਿਚ ਮਾਰੇ ਗਏ ਇਕ ਪੁਲਸ ਮੁਲਾਜ਼ਮ ਦੇ ਪਰਿਵਾਰ ਨੂੰ ਮਿਲਣ ਲਈ ਉੱਥੇ ਗਈ ਸੀ।
ਮਹਿਬੂਬਾ ਮੁਫ਼ਤੀ ਨੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿਚ ਪਿਛਲੇ ਕਈ ਸਾਲਾਂ ਵਿਚ ਲੋਕਾਂ ਦੀ ਜਾਨ ਜਾਣ ਨੂੰ ਲੈ ਕੇ ਦੁੱਖ ਹੈ। ਇਹ ਬਹੁਤ ਹੀ ਬਦਕਿਸਮਤੀਪੂਰਨ ਹੈ ਕਿ ਕੇਂਦਰ ਸਰਕਾਰ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ, ਚੀਨ ਨਾਲ ਗੱਲਬਾਤ ਕਰ ਸਕਦਾ ਹੈ, ਤਾਂ ਪਾਕਿਸਤਾਨ ਨਾਲ ਵੀ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਸਾਡੇ ਖੇਤਰ ’ਚ ਦਾਖ਼ਲ ਹੋ ਗਿਆ ਅਤੇ ਸਾਡੀ ਫ਼ੌਜ ਦੇ 20 ਜਵਾਨਾਂ ਨੂੰ ਮਾਰ ਦਿੱਤਾ ਪਰ ਇਸ ਦੇ ਬਾਵਜੂਦ ਵੀ ਉਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਜੰਮੁੂ-ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਦਾ ਮੈਦਾਨ ਬਣ ਗਿਆ ਹੈ ਅਤੇ ਲੋਕ-ਪੁਲਸ ਮੁਲਾਜ਼ਮ, ਆਮ ਆਦਮੀ ਤੇ ਸੁਰੱਖਿਆ ਦਸਤੇ ਦੋਹਾਂ ਵਲੋਂ (ਸਰਹੱਦ) ’ਤੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁੱਦੇ ਦਾ ਹੱਲ ਜੰਗ ਨਹੀਂ ਹੈ। ਬੰਦੂਕ ਨਾਲ ਕੋਈ ਮੁੱਦਾ ਨਹੀਂ ਸੁਲਝਿਆ ਹੈ- ਚਾਹੇ ਉਹ ਅੱਤਵਾਦੀ ਹੋਵੇ ਜਾਂ ਸੁਰੱਖਿਆ ਫੋਰਸ। ਇਸ ਲਈ ਸਾਨੂੰ ਸੋਚਣਾ ਚਾਹੀਦਾ ਹੈ ਕਿ ਦੁਨੀਆ ਵਿਚ ਜਿਸ ਤਰ੍ਹਾਂ ਕੋਈ ਵੀ ਮੁੱਦਾ ਗੱਲਬਾਤ ਜ਼ਰੀਏ ਸੁਲਝਾਇਆ ਜਾਂਦਾ ਹੈ, ਉਸ ਤਰ੍ਹਾਂ ਨਾਲ ਪਾਕਿਸਤਾਨ ਨਾਲ ਵੀ ਅਤੇ ਜੰਮੂ-ਕਸ਼ਮੀਰ ਵਿਚ ਵੀ ਗੱਲਬਾਤ ਕਰਨ ਦੀ ਲੋੜ ਹੈ।