ਹਿੰਦ ਮਹਾਸਾਗਰ ਦੀਆਂ ਚੁਣੌਤੀਆਂ ਨਾਲ ਨਜਿੱਠਣ ’ਚ ਮਾਰੀਸ਼ਸ ਸਾਡਾ ਸੁਭਾਵਿਕ ਭਾਈਵਾਲ : ਮੋਦੀ

Friday, Mar 01, 2024 - 01:39 PM (IST)

ਹਿੰਦ ਮਹਾਸਾਗਰ ਦੀਆਂ ਚੁਣੌਤੀਆਂ ਨਾਲ ਨਜਿੱਠਣ ’ਚ ਮਾਰੀਸ਼ਸ ਸਾਡਾ ਸੁਭਾਵਿਕ ਭਾਈਵਾਲ : ਮੋਦੀ

ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਾਰੀਸ਼ਸ ’ਚ ਭਾਰਤ ਦੀ ਸਹਾਇਤਾ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦਾ ਡਿਜੀਟਲ ਤਰੀਕੇ ਨਾਲ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਹਿੰਦ ਮਹਾਸਾਗਰ ਖੇਤਰ ’ਚ ਰਵਾਇਤੀ ਅਤੇ ਗੈਰ-ਰਵਾਇਤੀ ਚੁਣੌਤੀਆਂ ਨਾਲ ਨਜਿੱਠਣ ਲਈ ਦੋਵੇਂ ਦੇਸ਼ ਸਮੁੰਦਰੀ ਖੇਤਰ ’ਚ ਸੁਭਾਵਿਕ ਤੌਰ ’ਤੇ ਭਾਈਵਾਲ ਹਨ।

ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮਾਰੀਸ਼ਸ ਭਾਰਤ ਦੀ ਜਨ ਔਸ਼ਧੀ ਯੋਜਨਾ ’ਚ ਸ਼ਾਮਲ ਹੋਣ ਵਾਲਾ ਪਹਿਲਾ ਦੇਸ਼ ਹੋਵੇਗਾ। ਇਸ ਯੋਜਨਾ ਤਹਿਤ ਸਸਤੀਆਂ ਦਰਾਂ ’ਤੇ ਮਿਆਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨੇ ਇਕ ਡਿਜੀਟਲ ਸਮਾਰੋਹ ’ਚ ਮਾਰੀਸ਼ਸ ਦੇ ਅਗਾਲੇਗਾ ਟਾਪੂ ’ਚ ਕਈ ਕਮਿਊਨਿਟੀ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਿਨ੍ਹਾਂ ਨੂੰ ਭਾਰਤ ਦੀ ਵਿੱਤੀ ਸਹਾਇਤਾ ਨਾਲ ਚਾਲੂ ਕੀਤਾ ਗਿਆ ਹੈ। ਪ੍ਰਾਜੈਕਟਾਂ ’ਚ ਇਕ ਹਵਾਈ ਪੱਟੀ ਅਤੇ ਇਕ ਜੈੱਟੀ ਸ਼ਾਮਲ ਹਨ। ਮੋਦੀ ਨੇ ਕਿਹਾ, ‘‘ਹਿੰਦ ਮਹਾਸਾਗਰ ਖੇਤਰ ’ਚ ਵੱਖ-ਵੱਖ ਰਵਾਇਤੀ ਅਤੇ ਗੈਰ-ਰਵਾਇਤੀ ਚੁਣੌਤੀਆਂ ਉਭਰ ਰਹੀਆਂ ਹਨ। ਇਹ ਚੁਣੌਤੀਆਂ ਸਾਡੀਆਂ ਆਰਥਿਕ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਭਾਰਤ ਅਤੇ ਮਾਰੀਸ਼ਸ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਸਮੁੰਦਰੀ ਖੇਤਰ ’ਚ ਸੁਭਾਵਿਕ ਤੌਰ ’ਤੇ ਭਾਈਵਾਲ ਹਨ।’’

ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਹਿੰਦ ਮਹਾਸਾਗਰ ਖੇਤਰ ’ਚ ਸੁਰੱਖਿਆ, ਖੁਸ਼ਹਾਲੀ ਅਤੇ ਸਥਿਰਤਾ ਯਕੀਨੀ ਬਣਾਉਣ ਦੀ ਦਿਸ਼ਾ ’ਚ ਸਰਗਰਮੀ ਨਾਲ ਕੰਮ ਕਰ ਰਹੇ ਹਾਂ।’’ ਉਨ੍ਹਾਂ ਦੀ ਇਹ ਟਿੱਪਣੀ ਹਿੰਦ ਮਹਾਸਾਗਰ ਖੇਤਰ ’ਚ ਚੀਨ ਦੀ ਵਧਦੀ ਫੌਜੀ ਦਖਲ-ਅੰਦਾਜ਼ੀ ਨੂੰ ਲੈ ਕੇ ਨਵੀਂ ਦਿੱਲੀ ’ਚ ਵਧਦੀਆਂ ਚਿੰਤਾਵਾਂ ਦਰਮਿਆਨ ਆਈ ਹੈ। ਮੋਦੀ ਨੇ ਕਿਹਾ ਕਿ ਭਾਰਤ ਅਤੇ ਮਾਰੀਸ਼ਸ ਵਿਚਾਲੇ ਵਿਕਾਸ ਭਾਈਵਾਲੀ ਦੋਹਾਂ ਦੇਸ਼ਾਂ ਵਿਚਾਲੇ ਸਿਆਸੀ ਸਬੰਧਾਂ ਦਾ ਇਕ ‘ਮਹੱਤਵਪੂਰਨ ਥੰਮ੍ਹ’ ਹੈ। ਉਨ੍ਹਾਂ ਕਿਹਾ, ‘‘ਸਾਡੀ ਵਿਕਾਸ ਭਾਈਵਾਲੀ ਮਾਰੀਸ਼ਸ ਦੀਆਂ ਤਰਜੀਹਾਂ ’ਤੇ ਆਧਾਰਿਤ ਹੈ।’’ ਇਨ੍ਹਾਂ ਪ੍ਰਾਜੈਕਟਾਂ ਨਾਲ ਮੁੱਖ ਭੂਮੀ ਮਾਰੀਸ਼ਸ ਅਤੇ ਅਗਾਲੇਗਾ ਵਿਚਾਲੇ ਬਿਹਤਰ ਸੰਪਰਕ ਦੀ ਮੰਗ ਪੂਰੀ ਹੋਵੇਗੀ, ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤੀ ਮਿਲੇਗੀ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਮਾਰੀਸ਼ਸ ’ਚ ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਸਿਸਟਮ ਅਤੇ ਰੂਪੇ ਕਾਰਡ ਸੇਵਾਵਾਂ ਦੀ ਸ਼ੁਰੂਆਤ ਤੋਂ ਕੁਝ ਹਫ਼ਤਿਆਂ ਬਾਅਦ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ।

ਮੱਧ ਪ੍ਰਦੇਸ਼ ’ਚ 17,551 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਡਿਜੀਟਲ ਮਾਧਿਅਮ ਰਾਹੀਂ ਮੱਧ ਪ੍ਰਦੇਸ਼ ’ਚ 17,551 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ-ਪੱਥਰ ਰੱਖਿਆ। ‘ਵਿਕਸਤ ਭਾਰਤ, ਵਿਕਸਤ ਮੱਧ ਪ੍ਰਦੇਸ਼’ ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਸਿੰਚਾਈ, ਬਿਜਲੀ, ਸੜਕ, ਰੇਲ, ਜਲ ਸਪਲਾਈ, ਕੋਲਾ ਅਤੇ ਉਦਯੋਗ ਵਰਗੇ ਪ੍ਰਮੁੱਖ ਖੇਤਰਾਂ ’ਚ ਕਈ ਪ੍ਰਾਜੈਕਟਾਂ ਦਾ ਨੀਂਹ-ਪੱਥਰ ਰੱਖਿਆ ਜਾਂ ਰਾਸ਼ਟਰ ਨੂੰ ਸਮਰਪਤ ਕੀਤਾ।

ਮੋਦੀ ਨੇ ਭਾਜਪਾ ਸ਼ਾਸਿਤ ਸੂਬਿਆਂ ’ਚ ‘ਸਾਈਬਰ ਤਹਿਸੀਲ’ ਪ੍ਰਾਜੈਕਟ ਦੀ ਵੀ ਸ਼ੁਰੂਆਤ ਕੀਤੀ ਅਤੇ ਉਜੈਨ ਸ਼ਹਿਰ ’ਚ ਭਾਰਤੀ ‘ਪੰਚਾਂਗ’ ਜਾਂ ਸਮਾਂ ਗਣਨਾ ਪ੍ਰਣਾਲੀ ’ਤੇ ਅਧਾਰਤ ਦੁਨੀਆ ਦੀ ਪਹਿਲੀ ‘ਵਿਕਰਮਾਦਿੱਤਆ ਵੈਦਿਕ ਘੜੀ’ ਦਾ ਉਦਘਾਟਨ ਕੀਤਾ।


author

Rakesh

Content Editor

Related News