ਭਾਰਤ ਦੇਵੇਗਾ ਇਜਾਜ਼ਤ ਤਾਂ ਪਤਨੀ ਨੂੰ ਮਿਲ ਸਕਦਾ ਹੈ ਜਾਧਵ, ਪਾਕਿ ਕਰ ਰਿਹੈ ਜਵਾਬ ਦਾ ਇੰਤਜ਼ਾਰ
Friday, Nov 17, 2017 - 12:00 PM (IST)

ਇਸਲਾਮਾਬਾਦ(ਬਿਊਰੋ)— ਪਾਕਿਸਤਾਨ ਨੇ ਕਿਹਾ ਕਿ ਸਜ਼ਾਏ-ਮੌਤ ਦਾ ਇੰਤਜ਼ਾਰ ਕਰ ਰਹੇ ਭਰਤੀ ਕੈਦੀ ਕੁਲਭੂਸ਼ਣ ਜਾਧਵ ਦੀ ਮਨੁੱਖੀ ਆਧਾਰ 'ਤੇ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਦੇ ਆਯੋਜਨ ਦੀ ਆਪਣੀ ਪੇਸ਼ਕਸ਼ 'ਤੇ ਭਾਰਤ ਦੇ ਜਵਾਬ ਦਾ ਇੰਜ਼ਾਰ ਕਰ ਰਿਹਾ ਹੈ। ਪਾਕਿਸਤਾਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਪਤਨੀ ਨਾਲ 46 ਸਾਲ ਦੇ ਜਾਧਵ ਦੀ ਮੁਲਾਕਾਤ ਦੀ ਇਜਾਜ਼ਤ ਦੇਵੇਗਾ। ਪਾਕਿਸਤਾਨ ਨੇ ਇਹ ਪੇਸ਼ਕਸ਼ ਮਨੁੱਖੀ ਆਧਾਰ 'ਤੇ ਜਾਧਵ ਦੀ ਮਾਂ ਨੂੰ ਵੀਜ਼ਾ ਦੇਣ ਦੀ ਭਾਰਤ ਦੀ ਅਪੀਲ ਦੇ ਕਈ ਮਹੀਨਿਆਂ ਬਾਅਦ ਦਿੱਤੀ ਸੀ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਇਥੇ ਆਪਣੀ ਹਫਤਾਵਾਰ ਬ੍ਰੀਫਿੰਗ ਵਿਚ ਕਿਹਾ ਕਿ ਉਨ੍ਹਾਂ ਦਾ ਦੇਸ਼ ਇਸ ਪੇਸ਼ਕਸ਼ 'ਤੇ ਭਾਰਤ ਦੇ ਜਵਾਬ ਦਾ ਇੰਤਜ਼ਾਰ ਕਰ ਰਿਹਾ ਹੈ। ਭਾਰਤੀ ਜਲ-ਸੈਨਾ ਦੇ ਸਾਬਕਾ ਅਧਿਕਾਰੀ ਜਾਧਵ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਵਿਚ ਅਪ੍ਰੈਲ ਵਿਚ ਸਜ਼ਾਏ-ਮੌਤ ਸੁਣਾਈ ਸੀ। ਕੌਮਾਂਤਰੀ ਅਦਾਲਤ ਨੇ ਭਾਰਤ ਦੀ ਅਪੀਲ 'ਤੇ ਮਈ ਵਿਚ ਇਸ 'ਤੇ ਰੋਕ ਲਗਾ ਦਿੱਤੀ।
ਪਾਕਿਸਤਾਨ ਨੇ ਇਸ ਆਧਾਰ 'ਤੇ ਜਾਧਵ ਤੱਕ ਭਾਰਤੀ ਕੂਟਨੀਤਕ ਪਹੁੰਚ ਦੇਣ ਤੋਂ ਵਾਰ-ਵਾਰ ਇਨਕਾਰ ਕੀਤਾ ਕਿ ਜਾਸੂਸੀ ਨਾਲ ਜੁੜੇ ਮਾਮਲਿਆਂ ਵਿਚ ਇਹ ਲਾਗੂ ਨਹੀਂ ਹੁੰਦਾ। ਕੁੱਝ ਮੀਡੀਆ ਰਿਪੋਰਟਾਂ ਵਿਚ ਪਾਕਿਸਤਾਨ ਦੀ ਇਸ ਪੇਸ਼ਕਸ਼ ਨੂੰ ਅਮਰੀਕਾ ਦੀ ਖਾਮੋਸ਼ ਕੋਸ਼ਿਸ਼ਾਂ ਨਾਲ ਜੋੜਿਆ ਹੈ। ਪਾਕਿਸਤਾਨ ਨੇ ਜ਼ੋਰ ਦਿੱਤਾ ਹੈ ਕਿ ਉਸ ਦੀ ਪੇਸ਼ਕਸ਼ ਪੂਰੀ ਤਰ੍ਹਾਂ ਮਨੁੱਖੀ ਆਧਾਰ 'ਤੇ ਕੀਤੀ ਗਈ ਹੈ। ਜਾਧਵ ਨੇ ਸਜ਼ਾਏ-ਮੌਤ ਖਤਮ ਕਰਨ ਲਈ ਪਾਕਿਸਤਾਲ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਸਾਹਮਣੇ ਮੁਆਫੀ ਪਟੀਸ਼ਨ ਦਰਜ ਕੀਤੀ ਹੈ। ਇਹ ਅਜੇ ਤੱਕ ਲੰਬਿਤ ਹੈ।
ਪਿਛਲੇ ਮਹੀਨੇ ਪਾਕਿਸਤਾਨੀ ਸੈਨਾ ਨੇ ਕਿਹਾ ਸੀ ਕਿ ਉਹ ਜਾਧਵ ਦੀ ਮੁਆਫੀ ਪਟੀਸ਼ਨ 'ਤੇ ਕੋਈ ਫੈਸਲਾ ਕਰਨ ਦੀ ਕਗਾਰ 'ਤੇ ਹਨ। ਪਾਕਿਸਤਾਨ ਦਾਅਵਾ ਕਰਦਾ ਹੈ ਕਿ ਉਸ ਦੇ ਸੁਰੱਖਿਆਂ ਬਲਾਂ ਨੇ ਜਾਧਵ ਨੂੰ ਪਿਛਲੇ ਸਾਲ 3 ਮਾਰਚ ਨੂੰ ਬਲੂਚਿਸਤਾਨ ਸੂਬੇ ਵਿਚ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਸ ਨੇ ਕਥਿਤ ਰੂਤ ਤੋਂ ਈਰਾਨ ਤੋਂ ਉਥੇ ਪ੍ਰਵੇਸ਼ ਕੀਤਾ ਸੀ ਪਰ ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ, ਜਿਥੇ ਉਹ ਭਾਰਤੀ ਜਲ-ਸੈਨਾ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਵਪਾਰ ਕਰਦਾ ਸੀ।