‘ਇੰਡੀਆ’ ਗੱਠਜੋੜ ਸੰਵਿਧਾਨ ਦੇ ਵਿਰੁੱਧ ਤੇ ਅੱਤਵਾਦ ਦੇ ਹੱਕ ’ਚ : ਇਰਾਨੀ
Thursday, Nov 07, 2024 - 09:06 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਭਾਰਤੀ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਵੱਲੋਂ ਵਿਸ਼ੇਸ਼ ਦਰਜੇ ਬਾਰੇ ਪਾਸ ਕੀਤੇ ਮਤੇ ਨੂੰ ਸੰਸਦ, ਸੰਵਿਧਾਨ ਤੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਕਰਾਰ ਦਿੱਤਾ ਹੈ। ਨਾਲ ਹੀ ਨੈਸ਼ਨਲ ਕਾਨਫਰੰਸ ਸਮੇਤ ‘ਇੰਡੀਆ’ ਗੱਠਜੋੜ ’ਚ ਸ਼ਾਮਲ ਕਾਂਗਰਸ ’ਤੇ ਦੋਸ਼ ਲਾਇਆ ਹੈ ਕਿ ਉਹ ਸਭ ਅੱਤਵਾਦ ਦੇ ਹਮਾਇਤੀ ਹਨ।
ਭਾਜਪਾ ਦੀ ਸੀਨੀਅਰ ਆਗੂ ਸਮ੍ਰਿਤੀ ਇਰਾਨੀ ਨੇ ਵੀਰਵਾਰ ਪਾਰਟੀ ਦੇ ਕੇਂਦਰੀ ਦਫਤਰ ’ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਭਾਰਤ ਦੇ ਸੰਵਿਧਾਨ ਦਾ ਗਲਾ ਘੁੱਟਣ ਦਾ ਕੰਮ ਕੀਤਾ ਹੈ। ਨਾਲ ਹੀ ਸੂਬੇ ’ਚ ਸੰਵਿਧਾਨ ਦੀ ਧਾਰਾ 370 ਅਤੇ 35ਏ ਦੇ ਹਟਣ ਤੋਂ ਬਾਅਦ ਆਦਿਵਾਸੀਆਂ, ਦਲਿਤਾਂ ਅਤੇ ਔਰਤਾਂ ਨੂੰ ਮਿਲੇ ਸੰਵਿਧਾਨਕ ਅਧਿਕਾਰਾਂ ਨੂੰ ਖੋਹਣ ਦਾ ਇਰਾਦਾ ਪ੍ਰਗਟਾਇਆ ਹੈ। ਜਾਗ੍ਰਿਤ ਭਾਰਤ ਇਸ ਜੁਰਅੱਤ ਨੂੰ ਬਰਦਾਸ਼ਤ ਨਹੀਂ ਕਰੇਗਾ।
ਇਰਾਨੀ ਨੇ ਕਿਹਾ ਕਿ ਇਹ ਮਤਾ ਦਰਸਾਉਂਦਾ ਹੈ ਕਿ ਕਾਂਗਰਸ ਤੇ ‘ਇੰਡੀਆ’ ਗੱਠਜੋੜ ਵਾਲੇ ਚਲਾਕੀ ਨਾਲ ਅੱਤਵਾਦ ਦਾ ਸਮਰਥਨ ਕਰਦੇ ਹਨ। ਧਾਰਾ 370 ਅਤੇ 35ਏ ਨੂੰ ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ’ਚ ਮਨੁੱਖੀ ਮੌਤਾਂ ਦੀ ਗਿਣਤੀ ’ਚ 80 ਫੀਸਦੀ ਤੇ ਹਿੰਸਾ ਦੀਆਂ ਘਟਨਾਵਾਂ ’ਚ 70 ਫੀਸਦੀ ਦੀ ਕਮੀ ਆਈ ਹੈ। ਸੈਰ-ਸਪਾਟੇ ’ਚ ਤੇਜ਼ੀ ਆਈ ਹੈ। ਇਕ ਸਾਲ ’ਚ 2 ਕਰੋੜ 11 ਲੱਖ ਸੈਲਾਨੀ ਇੱਥੇ ਆਏ।