ਮੀਟ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਦੌਰਾਨ ਵੱਡਾ ਖੁਲਾਸਾ
Wednesday, Nov 13, 2024 - 11:19 PM (IST)

ਲਖਨਊ- ਆਮਦਨ ਕਰ ਵਿਭਾਗ ਵੱਲੋਂ ਮੀਟ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਪਿੱਛੋਂ ਕੀਤੀ ਗਈ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ।
ਆਮਦਨ ਕਰ ਵਿਭਾਗ ਨੇ ਉੱਚ ਅਧਿਕਾਰੀਆਂ ਨੂੰ ਭੇਜੀ ਆਪਣੀ ਗੁਪਤ ਰਿਪੋਰਟ ’ਚ ਕਿਹਾ ਹੈ ਕਿ ਜਾਂਚ ਦੌਰਾਨ ਇਹ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਕੰਪਨੀਆਂ ਨੇ 1200 ਕਰੋੜ ਰੁਪਏ ਦੀ ਨਕਦੀ ਕਿੱਥੇ ਖਰਚ ਕੀਤੀ ਹੈ।
ਇੰਨਾ ਹੀ ਨਹੀਂ, ਇਹ ਕੰਪਨੀਆਂ ਕਸ਼ਮੀਰ ਦੀਆਂ ਨਿੱਜੀ ਸੁਰੱਖਿਆ ਏਜੰਸੀਆਂ ਦੀਆਂ ਸੇਵਾਵਾਂ ਲੈ ਰਹੀਆਂ ਹਨ, ਜਿਨ੍ਹਾਂ ਦੀ ਭੂਮਿਕਾ ਸ਼ੱਕੀ ਹੈ। ਇਹ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦਾ ਹੈ, ਇਸ ਲਈ ਉੱਚ ਪੱਧਰੀ ਜਾਂਚ ਕਰਵਾਉਣੀ ਜ਼ਰੂਰੀ ਹੈ।
ਦਸੰਬਰ 2022 ’ਚ ਆਮਦਨ ਕਰ ਵਿਭਾਗ ਨੇ ਬਰੇਲੀ ਦੇ ਮਾਰੀਆ ਗਰੁੱਪ, ਰਹਿਬਰ ਗਰੁੱਪ, ਅਲ-ਸੁਮਾਮਾ ਗਰੁੱਪ, ਲਖਨਊ ਤੇ ਉਨਾਵ ਦੇ ਰੁਸਤਮ ਗਰੁੱਪ ਅਤੇ ਆਗਰਾ ਦੇ ਐੱਚ. ਐੱਮ. ਏ. ਗਰੁੱਪ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।
ਮਿਲੇ ਦਸਤਾਵੇਜ਼ਾਂ ਦੀ ਕਰੀਬ ਇਕ ਸਾਲ ਤੱਕ ਡੂੰਘਾਈ ਨਾਲ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਸੰਭਲ ਦੇ ਪ੍ਰਵੀਨ ਰਸਤੋਗੀ ਨੇ ਮਨੀ ਲਾਂਡਰਿੰਗ ਰਾਹੀਂ ਮੀਟ ਕੰਪਨੀਆਂ ਨੂੰ 524 ਕਰੋੜ ਰੁਪਏ ਦਿੱਤੇ ਸਨ।
ਰਹਿਬਰ ਗਰੁੱਪ ਦੀ 68 ਕਰੋੜ ਰੁਪਏ ਦੀ ਕਾਲੀ ਕਮਾਈ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਰੁਸਤਮ ਗਰੁੱਪ ਵੱਲੋਂ 535 ਕਰੋੜ ਤੇ ਮਾਰੀਆ ਗਰੁੱਪ ਵੱਲੋਂ 102 ਕਰੋੜ ਰੁਪਏ ਦੀ ਜਾਅਲੀ ਵਿਕਰੀ ਦਾ ਪਤਾ ਲੱਗਾ ਹੈ।
ਰਿਪੋਰਟ ਮੁਤਾਬਕ ਕਸ਼ਮੀਰੀ ਨੌਜਵਾਨ ਮੀਟ ਕਾਰੋਬਾਰੀਆਂ ਦੀਆਂ ਫੈਕਟਰੀਆਂ ਤੇ ਘਰਾਂ ’ਚ ਸੁਰੱਖਿਆ ਦਾ ਕੰਮ ਕਰ ਰਹੇ ਹਨ ਜੋ ਸ਼ੱਕੀ ਹੈ। ਇਹ ਰਕਮ ਜਮਾਤ-ਏ-ਉਲੇਮਾ ਹਿੰਦ ਅਤੇ ਦੇਵਬੰਦ ਵਰਗੇ ਸੰਗਠਨਾਂ ਨੂੰ ਭੇਜੀ ਗਈ ਸੀ।
ਮੱਝ ਦਾ ਮਾਸ 40 ਦੇਸ਼ਾਂ ਨੂੰ ਬਰਾਮਦ ਕਰਨ ਵਾਲੀ ਆਗਰਾ ਦੀ ਐੱਚ. ਐੱਮ. ਏ. ਐਗਰੋ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਕੰਪਨੀ ਨੇ ਇਕ ਅਰਬੀ ਅਨੁਵਾਦਕ ਨੂੰ ਵੀ ਹਾਇਰ ਕੀਤਾ ਹੈ, ਜੋ ਖਾੜੀ ਦੇਸ਼ਾਂ ਦੇ ਕੁਝ ਲੋਕਾਂ ਨਾਲ ਲਗਾਤਾਰ ਸੰਪਰਕ ਵਿਚ ਹੈ। ਇਸ ਦੇ ਨਿਰਦੇਸ਼ਕ ਆਗਰਾ ਤੋਂ ਬਸਪਾ ਦੇ ਸਾਬਕਾ ਵਿਧਾਇਕ ਜ਼ੁਲਫਿਕਾਰ ਅਹਿਮਦ ਭੁੱਟੋ ਹਨ।