ਓਡੀਸ਼ਾ ਦੇ ਗੰਜਮ ''ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 20 ਲੋਕ ਹੋਏ ਬੀਮਾਰ, 2 ਮਰੀਜ਼ਾਂ ਨੂੰ ICU ''ਚ ਕਰਵਾਇਆ ਦਾਖ਼ਲ
Wednesday, Aug 21, 2024 - 12:38 AM (IST)
ਬੇਰਹਾਮਪੁਰ (ਭਾਸ਼ਾ) : ਓਡੀਸ਼ਾ ਦੇ ਗੰਜਮ ਜ਼ਿਲ੍ਹੇ ਵਿਚ ਕਥਿਤ ਤੌਰ 'ਤੇ 'ਨਕਲੀ' ਸ਼ਰਾਬ ਪੀਣ ਨਾਲ ਲਗਭਗ 20 ਲੋਕ ਬੀਮਾਰ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਅਨੁਸਾਰ ਇਹ ਘਟਨਾ ਸੋਮਵਾਰ ਦੇਰ ਰਾਤ ਚਿਕਿਤਾ ਇਲਾਕੇ ਦੇ ਪਿੰਡ ਮੌਂਦਪੁਰ ਵਿਚ ਵਾਪਰੀ। ਸਾਰੇ ਪੀੜਤ ਮੌਂਦਪੁਰ, ਜੇਨਾਪੁਰ ਅਤੇ ਕਰਬਲੂਆ ਪਿੰਡਾਂ ਦੇ ਵਸਨੀਕ ਹਨ। ਦੇਸੀ ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਵਿੱਚੋਂ ਕੁਝ ਨੂੰ ਬੇਚੈਨੀ ਅਤੇ ਉਲਟੀਆਂ ਹੋਣ ਲੱਗੀਆਂ। ਉਨ੍ਹਾਂ ਨੂੰ ਚਿਕਿਤਾ ਸਥਿਤ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ 14 ਲੋਕਾਂ ਦਾ ਇਲਾਜ ਬੇਰਹਾਮਪੁਰ ਦੇ ਐੱਮਕੇਸੀਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਚੱਲ ਰਿਹਾ ਹੈ, ਜਦੋਂਕਿ 5 ਨੂੰ ਚਿਕਿਤਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : 'ਗਲੋਬਲ ਫਾਈਨਾਂਸ' ਮੈਗਜ਼ੀਨ ਦੀ ਦਰਜਾਬੰਦੀ 'ਚ ਛਾਏ ਸ਼ਕਤੀਕਾਂਤ ਦਾਸ, ਦੂਜੇ ਸਾਲ ਬਣੇ ਚੋਟੀ ਦੇ ਕੇਂਦਰੀ ਬੈਂਕਰ
ਪੁਲਸ ਨੇ ਦੱਸਿਆ ਕਿ ਦੋ ਮਰੀਜ਼ਾਂ ਨੂੰ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਕਲੀ ਸ਼ਰਾਬ ਬਣਾਉਣ ਦੇ ਮੁੱਖ ਸਾਜ਼ਿਸ਼ਕਰਤਾ ਸੁਰਿੰਦਰ ਮਲਿਕ ਸਮੇਤ ਘੱਟੋ-ਘੱਟ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 50 ਲੀਟਰ ਤੋਂ ਵੱਧ ਸ਼ਰਾਬ ਬਰਾਮਦ ਕੀਤੀ ਗਈ। ਆਬਕਾਰੀ ਮੰਤਰੀ ਪ੍ਰਿਥਵੀਰਾਜ ਹਰੀਚੰਦਨ ਨੇ ਕਿਹਾ ਕਿ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਵੀਂ ਆਬਕਾਰੀ ਨੀਤੀ ਵਿਚ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਉਪਾਅ ਕੀਤੇ ਜਾਣਗੇ। ਆਬਕਾਰੀ ਕਮਿਸ਼ਨਰ ਨਰਸਿੰਘ ਭੋਲ ਅਤੇ ਗੰਜਮ ਜ਼ਿਲ੍ਹਾ ਮੈਜਿਸਟਰੇਟ ਦਿਵਯਜਯੋਤੀ ਪਰੀਦਾ ਨੇ ਹਸਪਤਾਲ ਦਾ ਦੌਰਾ ਕੀਤਾ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ, “ਕੁਝ ਲੋਕਾਂ ਨੂੰ ਗ਼ੈਰ-ਕਾਨੂੰਨੀ ਸ਼ਰਾਬ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਰਾਬ ਦੇ ਨਮੂਨੇ ਇਕੱਤਰ ਕਰਕੇ ਜਾਂਚ ਲਈ ਲੈਬਾਰਟਰੀ ਵਿਚ ਭੇਜ ਦਿੱਤੇ ਗਏ ਹਨ।'' ਭੋਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਨਾਜਾਇਜ਼ ਸ਼ਰਾਬ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਤੇਜ਼ ਕਰਨ ਲਈ ਪੁਲਸ, ਜੰਗਲਾਤ ਅਤੇ ਆਬਕਾਰੀ ਅਧਿਕਾਰੀਆਂ ਦੀ ਸਾਂਝੀ ਟੀਮ ਬਣਾਈ ਜਾਵੇਗੀ।
ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਜਿਹੜੇ ਲੋਕ ਬੀਮਾਰ ਹੋ ਗਏ ਸਨ, ਉਨ੍ਹਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ ਅਤੇ ਸ਼ਰਾਬ ਪੀਣ ਤੋਂ ਕੁਝ ਘੰਟਿਆਂ ਬਾਅਦ ਉਨ੍ਹਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਇਸ ਦੌਰਾਨ ਕਾਂਗਰਸੀ ਵਿਧਾਇਕ ਤਰਪ੍ਰਸਾਦ ਬਹਿਨੀਪਤੀ ਨੇ ਪੇਂਡੂ ਖੇਤਰਾਂ ਵਿਚ ਦੇਸੀ ਸ਼ਰਾਬ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8