ਸੈਂਕਸ਼ਨ ਤਹਿਤ ਹੋਏ ਕਰੋੜਾਂ ਦੇ ਕੰਮਾਂ ’ਚ ਨਗਰ ਨਿਗਮ ਨੂੰ ਮਿਲਿਆ ਸਿਰਫ਼ 2-4 ਫ਼ੀਸਦੀ ਡਿਸਕਾਊਂਟ

Friday, Dec 12, 2025 - 04:40 PM (IST)

ਸੈਂਕਸ਼ਨ ਤਹਿਤ ਹੋਏ ਕਰੋੜਾਂ ਦੇ ਕੰਮਾਂ ’ਚ ਨਗਰ ਨਿਗਮ ਨੂੰ ਮਿਲਿਆ ਸਿਰਫ਼ 2-4 ਫ਼ੀਸਦੀ ਡਿਸਕਾਊਂਟ

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਵਿਚ ਟਰਾਂਸਪੇਰੈਂਸੀ ਐਕਟ ਦੀ ਖੁੱਲ੍ਹੀ ਦੁਰਵਰਤੋਂ ਕਰਕੇ ਕੁਝ ਚੋਣਵੇਂ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਦੇ ਕੰਮ ਸੌਂਪਣ ਦਾ ਗੰਭੀਰ ਮਾਮਲਾ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਸ਼ ਹੈ ਕਿ ਜਿਹੜੇ ਕੰਮਾਂ ਨੂੰ ਨਿਗਮ ਨੇ ਆਮ ਟੈਂਡਰ ਪ੍ਰਕਿਰਿਆ ਤਹਿਤ 30-40 ਫ਼ੀਸਦੀ ਲੈੱਸ ਡਿਸਕਾਊਂਟ ’ਤੇ ਕਰਵਾਇਆ, ਉਹੀ ਸਿਮੀਲਰ ਨੇਚਰ ਦੇ ਕੰਮ ਸੈਂਕਸ਼ਨ ਵਰਕਸ ਦੇ ਨਾਂ ’ਤੇ ਮਹਿਜ਼ 3-4 ਫ਼ੀਸਦੀ ਡਿਸਕਾਊਂਟ ’ਤੇ ਮਨਜ਼ੂਰ ਕਰ ਦਿੱਤੇ ਗਏ। ਇਸ ਮਨਮਾਨੀ ਨਾਲ ਨਿਗਮ ਨੂੰ ਲੱਖਾਂ ਦਾ ਸਿੱਧਾ ਆਰਥਿਕ ਨੁਕਸਾਨ ਹੋਇਆ ਹੈ।

ਸੂਤਰਾਂ ਮੁਤਾਬਕ ਪਿਛਲੇ 2 ਸਾਲਾਂ ਵਿਚ ਨਿਗਮ ਨੇ ਅਨੇਕ ਵੱਡੇ ਕੰਮ ਬਿਨਾਂ ਟੈਂਡਰ ਦੇ ਸਿਰਫ਼ ਟਰਾਂਸਪੇਰੈਂਸੀ ਐਕਟ ਦਾ ਹਵਾਲਾ ਦੇ ਕੇ ਪਾਸ ਕਰ ਦਿੱਤਾ। ਹੈਰਾਨੀ ਇਹ ਕਿ ਵਧੇਰੇ ਕੰਮ ਐਮਰਜੈਂਸੀ ਨੇਚਰ ਦੇ ਵੀ ਨਹੀਂ ਸਨ, ਫਿਰ ਵੀ ਉਨ੍ਹਾਂ ਨੂੰ ਸੈਂਕਸ਼ਨਡ ਵਰਕਸ ਦੀ ਸ਼੍ਰੇਣੀ ਵਿਚ ਪਾ ਕੇ ਮਨਜ਼ੂਰੀ ਦਿੱਤੀ ਗਈ। ਨਿਯਮ ਸਪੱਸ਼ਟ ਰੂਪ ਨਾਲ ਕਹਿੰਦੇ ਹਨ ਕਿ ਨਿਗਮ ਦੇ ਅਧਿਕਾਰੀ ਬਾਜ਼ਾਰ ਤੋਂ ਕੋਟੇਸ਼ਨ ਲੈਣਗੇ, ਕਈ ਵੈਂਡਰਸ ਤੋਂ ਰੇਟ ਲੈ ਕੇ ਤੁਲਨਾ ਕਰਨਗੇ ਪਰ ਨਿਗਮ ਦਾ ਕੋਈ ਅਧਿਕਾਰੀ ਨਾ ਤਾਂ ਮਾਰਕੀਟ ਗਿਆ ਅਤੇ ਨਾ ਹੀ ਕਿਸੇ ਵੈਂਡਰ ਨਾਲ ਸੰਪਰਕ ਕੀਤਾ। ਇਸ ਦੇ ਉਲਟ ਨਿਗਮ ਦਫ਼ਤਰਾਂ ਵਿਚ ਰੋਜ਼ ਬੈਠੇ ਰਹਿਣ ਵਾਲੇ 8-10 ਪਹਿਲਾਂ ਤੋਂ ਚੁਣੇ ਗਏ ਠੇਕੇਦਾਰਾਂ ਨੂੰ ਹੀ ਵਾਰ-ਵਾਰ ਸਾਰੇ ਕੰਮ ਸੌਂਪੇ ਜਾਂਦੇ ਰਹੇ।

ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 17 ਦਸੰਬਰ ਨੂੰ ਹੋਵੇਗਾ...

ਦੋਸ਼ ਹੈ ਕਿ ਵਧੇਰੇ ਠੇਕੇਦਾਰਾਂ ਕੋਲ ਨਾ ਮਸ਼ੀਨਰੀ ਹੈ, ਨਾ ਗੋਦਾਮ, ਨਾ ਕੋਈ ਤਕਨੀਕੀ ਯੋਗਤਾ ਅਤੇ ਨਾ ਹੀ ਤਜਰਬਾ, ਫਿਰ ਵੀ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕੰਮ ਦੇ ਦਿੱਤੇ ਗਏ। ਜਿਹੜੇ ਠੇਕੇਦਾਰਾਂ ਕੋਲ ਮਸ਼ੀਨਾਂ ਤਕ ਨਹੀਂ ਸਨ, ਉਹ ਕਰੋੜਾਂ ਦੇ ਸਪੈਸ਼ਲਾਈਜ਼ਡ ਕੰਮ ਕਰਨ ਲੱਗੇ, ਜਿਸ ਨਾਲ ਪੂਰੀ ਪ੍ਰਕਿਰਿਆ ’ਤੇ ਸਵਾਲ ਉੱਠ ਰਹੇ ਹਨ। ਸ਼ਹਿਰ ਵਿਚ ਚਰਚਾ ਗਰਮ ਹੈ ਕਿ ਨਿਗਮ ਵਿਚ ਟਰਾਂਸਪੇਰੈਂਸੀ ਐਕਟ ਦੀ ਆੜ ਲੈ ਕੇ ਕਿਸ ਵੱਡੇ ਪੈਮਾਨੇ ’ਤੇ ਘਪਲੇ ਕੀਤੇ ਗਏ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਈਮਾਨਦਾਰੀ ਨਾਲ ਕੀਤੀ ਜਾਵੇ ਤਾਂ ਕਈ ਪਰਤਾਂ ਖੁੱਲ੍ਹਣਗੀਆਂ। ਵਿਰੋਧੀ ਧਿਰ ਵੱਲੋਂ ਵੀ ਮੰਗ ਉੱਠੀ ਹੈ ਕਿ ਪਿਛਲੇ 2 ਸਾਲਾਂ ਵਿਚ ਹੋਏ ਸਾਰੇ ਸੈਂਕਸ਼ਨਡ ਵਰਕਸ ਦੀ ਸੂਚੀ ਜਨਤਕ ਕੀਤੀ ਜਾਵੇ, ਹਰੇਕ ਫਾਈਲ, ਕੋਟੇਸ਼ਨ ਅਤੇ ਭੁਗਤਾਨ ਦੀ ਜਾਂਚ ਹੋਵੇ ਅਤੇ ਸਾਰੀਆਂ ਸਾਈਟਾਂ ਦੀ ਗਰਾਊਂਡ ਵੈਰੀਫਿਕੇਸ਼ਨ ਕਰਵਾਈ ਜਾਵੇ।

ਓਧਰ ਵਧਦੇ ਦੋਸ਼ਾਂ ਅਤੇ ਦਬਾਅ ਨੂੰ ਵੇਖਦੇ ਹੋਏ ਮੇਅਰ ਅਤੇ ਕਮਿਸ਼ਨਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ ਕਿ ਅੱਗੇ ਤੋਂ ਟਰਾਂਸਪੇਰੈਂਸੀ ਐਕਟ ਤਹਿਤ ਸੈਂਕਸ਼ਨ ਆਧਾਰ ’ਤੇ ਹੋਣ ਵਾਲੇ ਸਾਰੇ ਕੰਮਾਂ ਵਿਚ ਉਹੀ ਡਿਸਕਾਊਂਟ ਲਾਗੂ ਹੋਵੇਗਾ, ਜੋ ਸਬੰਧਤ ਕੰਮ ਦੇ ਟੈਂਡਰ ਵਿਚ ਮਿਲਿਆ ਸੀ। ਇਸ ਹੁਕਮ ਦੇ ਬਾਅਦ ਸੈਂਕਸ਼ਨ ਵਰਕਸ ਵਿਚ ਅਚਾਨਕ ਭਾਰੀ ਗਿਰਾਵਟ ਆਈ ਹੈ ਕਿਉਂਕਿ ਜੋ ਠੇਕੇਦਾਰ ਹੁਣ ਤਕ ਮੋਟੇ ਮੁਨਾਫੇ ’ਤੇ ਕੰਮ ਕਰ ਰਹੇ ਸਨ, ਉਹ ਟੈਂਡਰ ਵਾਂਗ 30-40 ਫੀਸਦੀ ਲੈੱਸ ’ਤੇ ਕੰਮ ਕਰਨ ਨੂੰ ਤਿਆਰ ਨਹੀਂ ਹਨ। ਨਿਗਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਟਰਾਂਸਪੇਰੈਂਸੀ ਐਕਟ, ਜਿਸ ਦਾ ਉਦੇਸ਼ ਪਾਰਦਰਸ਼ਿਤਾ ਲਿਆਉਣਾ ਸੀ, ਉਸ ਨੂੰ ਹੀ ਭ੍ਰਿਸ਼ਟਾਚਾਰ ਦਾ ਜ਼ਰੀਆ ਬਣਾ ਦਿੱਤਾ ਗਿਆ। ਲਗਾਤਾਰ ਸਾਹਮਣੇ ਆ ਰਹੀਆਂ ਸ਼ਿਕਾਇਤਾਂ ਨੇ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਦੇ ਲੋਕ ਹੁਣ ਇਸ ਪੂਰੇ ਕਾਂਡ ਦੀ ਆਜ਼ਾਦ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ ਤਾਂ ਕਿ ਸੱਚ ਸਾਹਮਣੇ ਆ ਸਕੇ ਅਤੇ ਦੋਸ਼ੀ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਹੋਵੇ।

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਵੱਡੀ ਵਾਰਦਾਤ! ਨਿਹੰਗ ਬਾਣੇ 'ਚ ਆਏ ਨੌਜਵਾਨਾਂ ਨੇ ਕਰ 'ਤਾ ਵੱਡਾ ਕਾਂਡ


author

shivani attri

Content Editor

Related News