ਮਹਾਰਾਸ਼ਟਰ ’ਚ ਕੋਵਿਡ-19 ਦੇ ਨਵੇਂ ਰੂਪ ‘ਡੈਲਟਾ ਪਲੱਸ’ ਦੇ 21 ਮਾਮਲੇ ਆਏ ਸਾਹਮਣੇ

Tuesday, Jun 22, 2021 - 10:40 AM (IST)

ਮੁੰਬਈ— ਮਹਾਰਾਸ਼ਟਰ ’ਚ ਕੋਵਿਡ-19 ਦੇ ਸਭ ਤੋਂ ਵਧੇਰੇ ਲਾਗ ਫੈਲਾਉਣ ਵਾਲਾ ‘ਡੈਲਟਾ ਪਲੱਸ’ ਦੇ ਹੁਣ ਤੱਕ 21 ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਇਸ ਨਵੇਂ ਰੂਪ ਦੇ ਸਭ ਤੋਂ ਵੱਧ 9 ਮਾਮਲੇ ਰਤਨਾਗਿਰੀ, ਜਲਗਾਂਵ ’ਚ 7 ਮਾਮਲੇ, ਮੁੰਬਈ ’ਚ ਦੋ ਅਤੇ ਪਾਲਘਰ, ਠਾਣੇ ਅਤੇ ਸਿੰਧੂਦੁਰਗ ਜ਼ਿਲ੍ਹੇ ਵਿਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ 7500 ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਹ ਨਮੂਨੇ 15 ਮਈ ਤੱਕ ਇਕੱਠੇ ਕੀਤੇ ਗਏ ਸਨ ਅਤੇ ਜੀਨੋਮ ਤਰਤੀਬ ਕੀਤਾ ਜਾ ਚੁੱਕਾ ਹੈ। ਜੀਨੋਮ ਤਰਤੀਬ ਤੋਂ ਸਾਰਸ-ਸੀ. ਓ. ਵੀ2 ’ਚ ਛੋਟੇ ਤੋਂ ਛੋਟੇ ਵਾਇਰਸ ਦੇ ਰੂਪ ਬਦਲਣ ਦਾ ਵੀ ਪਤਾ ਲੱਗ ਜਾਂਦਾ ਹੈ। ਇਹ ਨਵਾਂ ਰੂਪ ‘ਡੈਲਟਾ ਪਲੱਸ’ ਭਾਰਤ ਵਿਚ ਸਭ ਤੋਂ ਪਹਿਲਾਂ ਸਾਹਮਣੇ ਆਏ ‘ਡੈਲਟਾ ਜਾਂ ਬੀ1.617.2’ ਰੂਪ ਵਿਚ ਪਰਿਵਰਤਨ ਤੋਂ ਬਣਿਆ ਹੈ। ਭਾਰਤ ਵਿਚ ਵਾਇਰਸ ਦੀ ਦੂਜੀ ਲਹਿਰ ਆਉਣ ਦੀ ਵਜ੍ਹਾ ‘ਡੈਲਟਾ’ ਵੀ ਸੀ। 

ਟੋਪੇ ਨੇ ਦੱਸਿਆ ਕਿ ਜੋ ਲੋਕ ‘ਡੈਲਟਾ ਪਲੱਸ’ ਤੋਂ ਇਨਫੈਕਟਿਡ ਪਾਏ ਗਏ ਹਨ, ਉਨ੍ਹਾਂ ਨੇ ਹਾਲ ਹੀ ’ਚ ਯਾਤਰਾ ਕੀਤੀ ਸੀ ਜਾਂ ਨਹੀਂ, ਕੋਵਿਡ-19 ਟੀਕਾ ਲਗਵਾਇਆ ਸੀ ਜਾਂ ਨਹੀਂ ਅਤੇ ਕੀ ਉਹ ਮੁੜ ਪੀੜਤ ਹੋਏ। ਉਨ੍ਹਾਂ ਨਾਲ ਜੁੜੀਆਂ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ। ਵਾਇਰਸ ਦਾ ਨਵਾਂ ਰੂਪ ‘ਡੈਲਟਾ ਪਲੱਸ’ ਸੂਬੇ ’ਚ ਕੋਵਿਡ-19 ਦੀ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ। ਸੂਬੇ ਵਿਚ ਸਿਹਤ ਮਹਿਕਮੇ ਮੁਤਾਬਕ ਸੋਮਵਾਰ ਨੂੰ ਮਹਾਰਾਸ਼ਟਰ ’ਚ ਕੋਵਿਡ-19 ਦੇ 6,270 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 59,79,051 ਹੋ ਗਈ। ਉੱਥੇ ਹੀ 94 ਹੋਰ ਲੋਕਾਂ ਦੀ ਮੌਤ ਮਗਰੋਂ ਮਿ੍ਰਤਕਾਂ ਦਾ ਅੰਕੜਾ 1,18,313 ਹੋ ਗਿਆ ਹੈ।


Tanu

Content Editor

Related News