ਰੈੱਡ ਜ਼ੋਨ ''ਚ ਸ਼ਾਮਲ ਇੰਦੌਰ ''ਚ 88 ਸਾਲ ਦੀ ਬਜ਼ੁਰਗ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ
Monday, May 18, 2020 - 04:19 PM (IST)
ਇੰਦੌਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਰੈੱਡ ਜ਼ੋਨ 'ਚ ਸ਼ਾਮਲ ਇੰਦੌਰ ਜ਼ਿਲੇ ਤੋਂ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ, ਇੱਥੇ ਇਕ 88 ਸਾਲ ਦੀ ਬਜ਼ੁਰਗ ਔਰਤ ਨੇ ਹਸਪਤਾਲ 'ਚ 10 ਦਿਨ ਚਲੇ ਇਲਾਜ ਤੋਂ ਬਾਅਦ ਸੋਮਵਾਰ ਨੂੰ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ ਅਤੇ ਉਹ ਸਿਹਤਮੰਦ ਹੋ ਕੇ ਘਰ ਪਰਤ ਆਈ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ ਇਹ ਔਰਤ ਸੂਬੇ ਦੇ ਉਨ੍ਹਾਂ ਸਭ ਤੋਂ ਵਡੇਰੇ ਉਮਰ ਦੇ ਮਰੀਜ਼ਾਂ ਵਿਚ ਸ਼ਾਮਲ ਹੈ, ਜੋ ਇਲਾਜ ਤੋਂ ਬਾਅਦ ਇਸ ਮਹਾਮਾਰੀ ਤੋਂ ਉਭਰ ਚੁੱਕੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਜਾਣ ਤੋਂ ਬਾਅਦ 88 ਸਾਲ ਦੀ ਬਜ਼ੁਰਗ ਔਰਤ ਨੂੰ ਸ਼ਹਿਰ ਦੇ ਸ਼੍ਰੀ ਅਰਬਿੰਦੋ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ 'ਚ 8 ਮਈ ਨੂੰ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਔਰਤ ਨਾਲ ਹੀ 80 ਸਾਲਾ ਪੁਰਸ਼, 80 ਸਾਲਾ ਔਰਤ, 70 ਸਾਲਾ ਪੁਰਸ਼ ਅਤੇ 51 ਹੋਰ ਮਰੀਜ਼ਾਂ ਨੂੰ ਸੋਮਵਾਰ ਨੂੰ ਹਸਪਤਾਲ 'ਚੋਂ ਛੁੱਟੀ ਦਿੱਤੀ ਗਈ। ਇਹ ਸਾਰੇ ਲੋਕ ਇਲਾਜ ਤੋਂ ਬਾਅਦ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਮੁਕਤ ਪਾਏ ਗਏ ਹਨ।
ਦੱਸ ਦੇਈਏ ਕਿ ਮੱਧ ਪ੍ਰਦੇਸ਼ ਦਾ ਇੰਦੌਰ, ਦੇਸ਼ 'ਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲਿਆਂ 'ਚ ਸ਼ਾਮਲ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਜ਼ਿਲੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2,565 'ਤੇ ਪਹੁੰਚ ਗਈ ਹੈ। ਇਨ੍ਹਾਂ 'ਚੋਂ 101 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਲਾਜ ਮਗਰੋਂ 1,174 ਲੋਕ ਇਸ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ।