ਇੰਦੌਰ ’ਚ ਕਲਰਕ ਨੇ ਕੀਤਾ ਇਕ ਕਰੋੜ ਤੋਂ ਵੱਧ ਦਾ ਗ਼ਬਨ, ਰਕਮ ਪਤਨੀ ਦੇ ਖਾਤੇ ਕੀਤੀ ਟਰਾਂਸਫਰ
Tuesday, Mar 21, 2023 - 10:52 AM (IST)
ਇੰਦੌਰ (ਭਾਸ਼ਾ)- ਇੰਦੌਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਦੇ ਇਕ ਕਲਰਕ ਨੇ ਕਥਿਤ ਤੌਰ ’ਤੇ ਗ਼ਬਨ ਕਰ ਕੇ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਪਤਨੀ ਦੇ ਬੈਂਕ ਖਾਤੇ ’ਚ ਭੇਜ ਦਿੱਤੀ। ਇਸ ਗਬਨ ਦੇ ਖ਼ੁਲਾਸੇ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਜ਼ਿਲ੍ਹਾ ਮੈਜਿਸਟ੍ਰੇਟ ਡਾ. ਇਲਿਆਰਾਜਾ ਟੀ. ਨੇ ਪੱਤਰਕਾਰਾਂ ਨੂੰ ਦੱਸਿਆ,‘‘ਸਾਨੂੰ ਪਤਾ ਲੱਗਾ ਹੈ ਕਿ ਅਕਾਊਂਟਸ ਸ਼ਾਖਾ ਦੇ ਕਲਰਕ ਮਿਲਾਪ ਚੌਹਾਨ ਨੇ ਬੀਤੇ ਤਿੰਨ ਵਿੱਤੀ ਸਾਲਾਂ ਦੌਰਾਨ ਵੱਖ-ਵੱਖ ਸਰਕਾਰੀ ਵਸਤੂਆਂ ਵਾਲੀ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਆਪਣੀ ਪਤਨੀ ਦੇ ਖਾਤੇ ’ਚ ਪਹੁੰਚਾਈ ਹੈ। ਕਲਰਕ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।’’ ਉਨ੍ਹਾਂ ਦੱਸਿਆ ਕਿ ਗ਼ਬਨ ਦੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ ਅਤੇ ਇਸ ਦੀ ਰਿਪੋਰਟ ਦੇ ਆਧਾਰ ’ਤੇ ਚੌਹਾਨ ਦੇ ਖ਼ਿਲਾਫ਼ ਉਚਿਤ ਕਾਨੂੰਨੀ ਕਦਮ ਚੁੱਕੇ ਜਾਣਗੇ। ਇਲਿਆਰਾਜਾ ਨੇ ਕਿਹਾ ਕਿ ਗ਼ਬਨ ਦੀ ਰਾਸ਼ੀ ਵੀ ਉਸ ਤੋਂ ਵਸੂਲ ਕੀਤੀ ਜਾਵੇਗੀ।