72 ਸਾਲਾਂ ’ਚ ਹਿਮਾਚਲ ਤੋਂ ਸਿਰਫ਼ ਤਿੰਨ ਔਰਤਾਂ ਹੀ ਪੁੱਜੀਆਂ ਲੋਕ ਸਭਾ

05/09/2024 11:02:22 AM

ਸ਼ਿਮਲਾ- ਪਿਛਲੇ 72 ਸਾਲਾਂ ’ਚ ਹਿਮਾਚਲ ਪ੍ਰਦੇਸ਼ ਤੋਂ ਸਿਰਫ਼ ਤਿੰਨ ਔਰਤਾਂ ਹੀ ਲੋਕ ਸਭਾ ’ਚ ਪੁੱਜ ਸਕੀਆਂ ਹਨ ਅਤੇ ਇਸ ਵਾਰ ਵੀ ਸਿਰਫ਼ ਦੋ ਹੀ ਮਹਿਲਾ ਉਮੀਦਵਾਰ ਚੋਣ ਮੈਦਾਨ ’ਚ ਹਨ। ਸੂਬੇ ਵਿਚ ਕੁੱਲ ਵੋਟਰਾਂ ’ਚੋਂ ਲੱਗਭਗ 49 ਫੀਸਦੀ ਔਰਤਾਂ ਹਨ। ਹੁਣ ਤੱਕ ਲੋਕ ਸਭਾ ਪਹੁੰਚਣ ਵਿਚ ਸਫ਼ਲ ਰਹੀਆਂ 3 ਉਮੀਦਵਾਰਾਂ- ਰਾਜਕੁਮਾਰੀ ਅੰਮ੍ਰਿਤ ਕੌਰ, ਚੰਦਰੇਸ਼ ਕੁਮਾਰੀ ਅਤੇ ਪ੍ਰਤਿਭਾ ਸਿੰਘ ਸ਼ਾਮਲ ਹਨ। ਇਸ ਵਾਰ ਸਿਰਫ ਸੂਬੇ ਦੀਆਂ ਚਾਰ ਲੋਕ ਸਭਾ ਸੀਟਾਂ ’ਤੇ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਸਿਰਫ਼ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਹੀ ਮਹਿਲਾ ਉਮੀਦਵਾਰ ਖੜ੍ਹੇ ਕੀਤੇ ਹਨ। ਭਾਜਪਾ ਨੇ ਅਭਿਨੇਤਰੀ ਕੰਗਨਾ ਰਣੌਤ ਨੂੰ ਮੰਡੀ ਤੋਂ ਅਤੇ ਬਸਪਾ ਨੇ ਕਾਂਗੜਾ ਤੋਂ ਰੇਖਾ ਰਾਣੀ ਨੂੰ ਮੈਦਾਨ ’ਚ ਉਤਾਰਿਆ ਹੈ।

1984 ’ਚ ਕਾਂਗਰਸ ਨੇ ਚੰਦਰੇਸ਼ ਕੁਮਾਰੀ ਨੂੰ ਕਾਂਗੜਾ ਤੋਂ ਚੋਣ ਮੈਦਾਨ ਵਿਚ ਉਤਾਰਿਆ ਅਤੇ ਉਹ ਚੋਣ ਜਿੱਤ ਗਈ ਸੀ। ਉਹ ਜੋਧਪੁਰ ਦੇ ਸ਼ਾਹੀ ਪਰਿਵਾਰ ਨਾਲ ਸਬੰਧਿਤ ਸੀ ਅਤੇ ਹਿਮਾਚਲ ਪ੍ਰਦੇਸ਼ ਵਿਚ ਉਨ੍ਹਾਂ ਦਾ ਵਿਆਹ ਹੋਇਆ ਸੀ। ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੇ 1998 ’ਚ ਲੋਕ ਸਭਾ ਚੋਣ ਲੜੀ ਸੀ ਪਰ ਹਾਰ ਗਈ ਸੀ। ਇਸ ਤੋਂ ਬਾਅਦ ਉਹ 2004 ਵਿਚ ਚੋਣ ਜਿੱਤ ਗਈ। ਉਦੋਂ ਉਨ੍ਹਾਂ ਦੇ ਪਤੀ ਵੀਰਭੱਦਰ ਸਿੰਘ ਮੁੱਖ ਮੰਤਰੀ ਸਨ। ਵੀਰਭੱਦਰ ਸਿੰਘ 2009 ’ਚ ਮੰਡੀ ਲੋਕ ਸਭਾ ਸੀਟ ਤੋਂ ਜਿੱਤ ਕੇ ਸੰਸਦ ’ਚ ਪਹੁੰਚੇ ਪਰ 2012 ’ਚ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਸੰਸਦ ਮੈਂਬਰ ਦਾ ਅਹੁਦਾ ਛੱਡਣਾ ਪਿਆ। ਫਿਰ ਪ੍ਰਤਿਭਾ ਸਿੰਘ ਨੇ 2013 ਵਿਚ ਉਪ ਚੋਣ ਜਿੱਤੀ। ਉਨ੍ਹਾਂ ਨੇ ਨਵੰਬਰ 2021 ’ਚ ਵੀ ਉਪ ਚੋਣ ਜਿੱਤੀ ਸੀ। ਪ੍ਰਤਿਭਾ ਸਿੰਘ ਨੇ 2014 ਵਿਚ ਦੁਬਾਰਾ ਲੋਕ ਸਭਾ ਚੋਣ ਲੜੀ ਪਰ ਭਾਜਪਾ ਦੇ ਰਾਮ ਸਵਰੂਪ ਤੋਂ ਹਾਰ ਗਈ, ਜੋ 2019 ਵਿਚ ਦੁਬਾਰਾ ਚੁਣੇ ਗਏ ਪਰ ਮਾਰਚ 2021 ’ਚ ਰਾਮ ਸਵਰੂਪ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ।

ਵੀਰਭੱਦਰ ਸਿੰਘ ਦੀ ਮੌਤ ਤੋਂ ਬਾਅਦ ਨਵੰਬਰ 2021 ’ਚ ਹੋਈ ਉਪ ਚੋਣ ’ਚ ਪ੍ਰਤਿਭਾ ਸਿੰਘ ਨੇ ਤੀਜੀ ਵਾਰ ਇਸ ਸੀਟ ’ਤੇ ਜਿੱਤ ਹਾਸਲ ਕੀਤੀ। 2014 ’ਚ ਆਮ ਆਦਮੀ ਪਾਰਟੀ (ਆਪ) ਨੇ ਕਾਰਗਿਲ ਯੁੱਧ ਦੇ ਨਾਇਕ ਕੈਪਟਨ ਵਿਕਰਮ ਬੱਤਰਾ ਦੀ ਮਾਂ ਕਮਲਕਾਂਤਾ ਬੱਤਰਾ ਨੂੰ ਹਮੀਰਪੁਰ ਤੋਂ ਮੈਦਾਨ ਵਿਚ ਉਤਾਰਿਆ ਸੀ ਪਰ ਉਨ੍ਹਾਂ ਨੂੰ ਸਿਰਫ 15,329 ਵੋਟਾਂ ਮਿਲੀਆਂ ਅਤੇ ਉਹ ਹਾਰ ਗਈ। ਇੱਥੋਂ ਤੱਕ ਕਿ 68 ਮੈਂਬਰੀ ਰਾਜ ਵਿਧਾਨ ਸਭਾ ਵਿਚ ਵੀ ਔਰਤਾਂ ਦੀ ਨੁਮਾਇੰਦਗੀ ਬਹੁਤ ਘੱਟ ਰਹੀ ਹੈ ਅਤੇ 1967 ਤੱਕ ਕੋਈ ਵੀ ਔਰਤ ਨਹੀਂ ਚੁਣੀ ਗਈ ਸੀ। 1977 ਅਤੇ 2022 ਵਿਚ ਸਿਰਫ਼ ਇਕ-ਇਕ ਔਰਤ ਵਿਧਾਨ ਸਭਾ ’ਚ ਪਹੁੰਚੀ ਸੀ। ਹਾਲਾਂਕਿ, 1998 ਦੀਆਂ ਚੋਣਾਂ ਵਿਚ ਰਾਜ ਵਿਧਾਨ ਸਭਾ ਲਈ ਸਭ ਤੋਂ ਵੱਧ ਸੱਤ ਔਰਤਾਂ ਚੁਣੀਆਂ ਗਈਆਂ ਸਨ। ਸੂਬੇ ਤੋਂ ਹੁਣ ਤੱਕ ਅੱਠ ਔਰਤਾਂ ਰਾਜ ਸਭਾ ਲਈ ਚੁਣੀਆਂ ਗਈਆਂ ਹਨ।


Tanu

Content Editor

Related News