ਮੌਸਮ ਵਿਭਾਗ ਦਾ ਅਲਰਟ- ਅਜੇ ਠੰਡ ਤੋਂ ਰਾਹਤ ਨਹੀਂ, ਅਗਲੇ 3 ਦਿਨਾਂ ’ਚ ਇਨ੍ਹਾਂ ਸੂਬਿਆਂ ’ਚ ਮੀਂਹ ਪੈਣ ਦੇ ਆਸਾਰ
Wednesday, Feb 02, 2022 - 11:37 AM (IST)
ਨੈਸ਼ਨਲ ਡੈਸਕ— ਮੌਸਮ ਵਿਭਾਗ ਨੇ ਅਨੁਮਾਨ ਜਤਾਇਆ ਹੈ ਕਿ ਬੁੱਧਵਾਰ ਤੋਂ ਅਗਲੇ ਤਿੰਨ ਦਿਨ ਜੰਮੂ-ਕਸ਼ਮੀਰ ਵਿਚ ਮੀਂਹ ਜਾਂ ਬਰਫ਼ਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਵੀ ਫਿਰ ਤੋਂ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਸਾਲ ਫਰਵਰੀ ਦੇ ਮਹੀਨੇ ਵਿਚ ਵੀ ਠੰਡ ਦਾ ਕਹਿਰ ਜਾਰੀ ਰਹੇਗਾ। ਦਿੱਲੀ, ਪੰਜਾਬ ਅਤੇ ਹਰਿਆਣਾ ਨੂੰ ਅਜੇ ਠੰਡ ਤੋਂ ਨਿਜ਼ਾਤ ਨਹੀਂ ਮਿਲੇਗੀ।
ਉੱਤਰਾਖੰਡ ’ਚ ਗੜੇ ਪੈਣ ਦੀ ਸੰਭਾਵਨਾ—
ਮੌਸਮ ਵਿਭਾਗ ਨੇ ਖ਼ਦਸ਼ਾ ਜਤਾਇਆ ਹੈ ਕਿ ਹਿਮਾਚਲ ਪ੍ਰਦੇਸ਼ ਵਿਚ 2 ਅਤੇ 3 ਫਰਵਰੀ ਨੂੰ ਅਤੇ ਉੱਤਰਾਖੰਡ ’ਚ 3 ਅਤੇ 4 ਫਰਵਰੀ ਨੂੰ ਗੜੇ ਪੈ ਸਕਦੇ ਹਨ। ਹਿਮਾਚਲ ਪ੍ਰਦੇਸ਼ ’ਚ 3 ਫਰਵਰੀ ਨੂੰ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ-ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਉੱਤਰੀ ਹਿੱਸਿਆਂ ਵਿਚ ਕੜਾਕੇ ਦੀ ਠੰਡ ਅਤੇ ਮੀਂਹ ਪੈ ਸਕਦਾ ਹੈ।
ਇਸ ਦੇ ਨਾਲ ਹੀ ਉੱਤਰ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਉੱਤਰੀ ਰਾਜਸਥਾਨ ਵਿਚ ਸੰਘਣੀ ਧੁੰਦ ਛਾਏ ਰਹਿਣ ਦੇ ਵੀ ਆਸਾਰ ਹਨ। ਉੱਥੇ ਹੀ ਪੰਜਾਬ, ਹਰਿਆਣਾ ਅਤੇ ਉੱਤਰੀ ਯੂ. ਪੀ. ਵਿਚ ਅਗਲੇ 48 ਘੰਟਿਆਂ ’ਚ ਠੰਡ ਵੱਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।