ਸੰਸਾਰਿਕ ਵਪਾਰ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੀ ਦੋ-ਟੁੱਕ, ਭਾਰਤ ਨਾਲ ਦੋਸਤੀ ਕਰੋਗੇ ਤਾਂ ਫਾਇਦੇ ’ਚ ਰਹੋਗੇ : ਮੋਦੀ

Tuesday, Aug 29, 2023 - 03:47 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤ ਦੇ ਨੌਜਵਾਨ ਪ੍ਰਤਿਭਾ ਭਾਈਚਾਰੇ ਅਤੇ ਡਿਜੀਟਲ ਕ੍ਰਾਂਤੀ ਦਾ ਹਵਾਲਾ ਦਿੰਦੇ ਹੋਏ ਸੰਸਾਰਿਕ ਵਪਾਰ ਭਾਈਚਾਰੇ ਨੂੰ ਕਿਹਾ, ‘‘ਭਾਰਤ ਨਾਲ ਤੁਹਾਡੀ ਦੋਸਤੀ ਜਿੰਨੀ ਗੂੜ੍ਹੀ ਹੋਵੇਗੀ, ਦੋਵਾਂ ਲਈ ਖੁਸ਼ਹਾਲੀ ਓਨੀ ਹੀ ਵੱਧ ਹੋਵੇਗੀ।

ਮੋਦੀ ਨੇ ਇੱਥੇ ਤਿੰਨ ਦਿਨਾਂ ਬੀ-20 ਸਿਖਰ ਸੰਮੇਲਨ ਨੂੰ ਆਖ਼ਰੀ ਦਿਨ ਸੰਬੋਧਨ ਕਰਦਿਆਂ ਕਿਹਾ, ‘‘ਕਾਰੋਬਾਰ ਸੰਭਾਵਨਾਵਾਂ ਨੂੰ ਖੁਸ਼ਹਾਲੀ ’ਚ, ਰੁਕਾਵਟਾਂ ਨੂੰ ਮੌਕਿਆਂ ’ਚ, ਇੱਛਾਵਾਂ ਨੂੰ ਪ੍ਰਾਪਤੀਆਂ ’ਚ ਬਦਲ ਸਕਦਾ ਹੈ। ਭਾਵੇਂ ਉਹ ਛੋਟੇ ਹੋਣ ਜਾਂ ਵੱਡੇ, ਕੌਮਾਂਤਰੀ ਹੋਣ ਜਾਂ ਸਥਾਨਕ, ਕਾਰੋਬਾਰ ਸਾਰਿਆਂ ਲਈ ਤਰੱਕੀ ਯਕੀਨੀ ਬਣਾ ਸਕਦਾ ਹੈ, ਇਸ ਲਈ ਕੌਮਾਂਤਰੀ ਵਿਕਾਸ ਦਾ ਭਵਿੱਖ ਵਪਾਰ ਦੇ ਭਵਿੱਖ ’ਤੇ ਨਿਰਭਰ ਹੈ।’’

ਮੋਦੀ ਨੇ ਕਿਹਾ ਕਿ 23 ਅਗਸਤ ਨੂੰ ਚੰਦਰਯਾਨ ਦੀ ਚੰਦਰਮਾ ’ਤੇ ਸਫਲ ਲੈਂਡਿੰਗ ਨਾਲ ਸ਼ੁਰੂ ਹੋਇਆ ਜਸ਼ਨ ਹੁਣ ਤਿਓਹਾਰੀ ਸੀਜ਼ਨ ਨਾਲ ਅੱਗੇ ਵਧ ਚੁੱਕਿਆ ਹੈ ਅਤੇ ਇਹ ਮਿਸ਼ਨ ਵਿਗਿਆਨ ਅਤੇ ਉਦਯੋਗ ਦੋਵਾਂ ਦੀ ਸਫਲਤਾ ਹੈ।

ਤਿਓਹਾਰਾਂ ’ਤੇ ‘ਵੋਕਲ ਫਾਰ ਲੋਕਲ’ ਨੂੰ ਮਹੱਤਵ ਜ਼ਰੂਰੀ : ਪੀ. ਐੱਮ.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ਦਾ ਚਰਚਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਭਾਰਤ ਦੀ ਇਸ ਮੁਹਿੰਮ ਨੇ ਸਾਬਤ ਕਰ ਦਿੱਤਾ ਹੈ ਕਿ ਦ੍ਰਿੜਤਾ ਦੇ ਕੁਝ ਸੂਰਜ ਚੰਨ ’ਤੇ ਵੀ ਉੱਗਦੇ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ‘ਨਵੇਂ ਭਾਰਤ’ ਦੀ ਉਸ ਭਾਵਨਾ ਦਾ ਪ੍ਰਤੀਕ ਬਣ ਗਿਆ ਹੈ, ਜੋ ਹਰ ਹਾਲ ’ਚ ਜਿੱਤਣਾ ਚਾਹੁੰਦਾ ਹੈ। ‘ਆਕਾਸ਼ਵਾਣੀ’ ’ਤੇ ਪ੍ਰਸਾਰਿਤ ਮਹੀਨਾਵਾਰੀ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 104ਵੀਂ ਕਿਸ਼ਤ ’ਚ ਆਪਣੇ ਵਿਚਾਰ ਸਾਂਝੇ ਕਰਦਿਆਂ ਮੋਦੀ ਨੇ ਭਾਰਤ ਦੇ ਚੰਦਰਯਾਨ ਅਭਿਆਨ ਨੂੰ ਨਾਰੀ-ਸ਼ਕਤੀ ਦੀ ਵੀ ਜਿਊਂਦੀ ਉਦਾਹਰਣ ਦੱਸਿਆ ਅਤੇ ਕਿਹਾ ਕਿ ਇਹ ‘ਸਾਰਿਆਂ ਦੀਆਂ ਕੋਸ਼ਿਸ਼ਾਂ’ ਸਦਕਾ ਹੀ ਸੰਭਵ ਹੋ ਸਕਿਆ।

ਮੋਦੀ ਨੇ ਕਿਹਾ ਹੈ ਕਿ ਹੁਣ ਰੱਖੜੀ ਵਰਗੇ ਤਿਉਹਾਰ ਆ ਰਹੇ ਹਨ, ਇਸ ਲਈ ਇਨ੍ਹਾਂ ਤਿਓਹਾਰਾਂ ਦੇ ਦੌਰਾਨ ‘ਵੋਕਲ ਫ਼ਾਰ ਲੋਕਲ’ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।


Rakesh

Content Editor

Related News