ਕੇਜਰੀਵਾਲ ਨਾਲ ਸ਼ਰਾਬ ਘਪਲੇ ਦੀ ਗੱਲ ਕਰੀਏ ਤਾਂ ਉਹ ਸਿੱਖਿਆ ਦੀ ਗੱਲ ਕਰਦੇ ਹਨ: ਅਜੇ ਮਾਕਨ

Saturday, Aug 27, 2022 - 01:39 PM (IST)

ਕੇਜਰੀਵਾਲ ਨਾਲ ਸ਼ਰਾਬ ਘਪਲੇ ਦੀ ਗੱਲ ਕਰੀਏ ਤਾਂ ਉਹ ਸਿੱਖਿਆ ਦੀ ਗੱਲ ਕਰਦੇ ਹਨ: ਅਜੇ ਮਾਕਨ

ਨਵੀਂ ਦਿੱਲੀ– ਕਾਂਗਰਸ ਨੇ ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜੇ ਘਪਲੇ ਨੂੰ ਲੈ ਕੇ ਸ਼ਨੀਵਾਰ ਯਾਨੀ ਕਿ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ’ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਪਾਰਟੀ ਨੇ ਕਿਹਾ ਕਿ ਸਿਸੋਦੀਆ ਜਾਂ ਤਾਂ ਅਸਤੀਫ਼ਾ ਦੇਣ ਜਾਂ ਫਿਰ ਉਨ੍ਹਾਂ ਨੂੰ ਹਟਾਇਆ ਜਾਵੇ। ਕਾਂਗਰਸ ਜਨਰਲ ਸਕੱਤਰ ਅਜੇ ਮਾਕਨ ਨੇ ਦੋਸ਼ ਲਾਇਆ ਕਿ ਕੇਜਰੀਵਾਲ, ਉੱਪ ਮੁੱਖ ਮੰਤਰੀ ਅਹੁਦੇ ਤੋਂ ਸਿਸੋਦੀਆ ਨੂੰ ਇਸ ਲਈ ਨਹੀਂ ਹਟਾ ਰਹੇ ਕਿਉਂਕਿ ਮਾਮਲੇ ਦੇ ਤਾਰ ਉਨ੍ਹਾਂ ਨਾਲ ਜੁੜ ਜਾਣਗੇ। ਮਾਕਨ ਨੇ ਆਬਕਾਰੀ ਨੀਤੀ ’ਤੇ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ ਵੀ ਦਿੱਤੀ।

ਮਾਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕੇਜਰੀਵਾਲ ਜੀ ਨਾਲ ਸ਼ਰਾਬ ਘਪਲੇ ਦੀ ਗੱਲ ਕਰੋ ਤਾਂ ਉਹ ਸਿੱਖਿਆ ਦੀ ਗੱਲ ਕਰਨਗੇ। ਅਸੀਂ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਸਪੱਸ਼ਟ ਕਰਨ ਕਿ ਸ਼ਰਾਬ ਘਪਲੇ ’ਤੇ ਉਨ੍ਹਾਂ ਦਾ ਕੀ ਕਹਿਣਾ ਹੈ?’’ ਮਾਕਨ ਨੇ ਅੱਗੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਜੋ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ, ਉਨ੍ਹਾਂ ’ਚੋਂ 90 ਫ਼ੀਸਦੀ ਤੋਂ ਵਧੇਰੇ ਦੁਕਾਨਾਂ ਰਿਹਾਇਸ਼ੀ ਇਲਾਕਿਆਂ ’ਚ ਹਨ। ਇਹ ਮਾਸਟਰ ਪਲਾਨ ਦਾ ਉਲੰਘਣ ਹੈ। 

ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਅਤੇ ਦਿੱਲੀ ਵਿਕਾਸ ਅਥਾਰਟੀ (DDA) ਇਨ੍ਹਾਂ ਦੁਕਾਨਾਂ ਨੂੰ ਸੀਲ ਕਰ ਸਕਦੇ ਸਨ ਪਰ ਉਨ੍ਹਾਂ ਨੇ ਸਮੇਂ ਰਹਿੰਦੇ ਅਜਿਹਾ ਨਹੀਂ ਕੀਤਾ। ਇਸ ਲਈ ਭਾਜਪਾ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਕਾਂਗਰਸ ਨੇਤਾ ਮਾਕਨ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਸਰਕਾਰ ਨੇ ਸ਼ਰਾਬ ਮਾਫ਼ੀਆ ਦੇ 144 ਕਰੋੜ ਰੁਪਏ ਦਾ ਸ਼ਰਾਬ ਲਾਇਸੈਂਸ ਫੀਸ ਮੁਆਫ਼ ਕੀਤੀ। ਇਹ ਪੂਰੀ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਦਾ ਮਾਮਲਾ ਹੈ। ਆਮ ਆਦਮੀ ਪਾਰਟੀ (ਆਪ) ਭ੍ਰਿਸ਼ਟਾਚਾਰ ਹਟਾਉਣ ਦੇ ਨਾਂ ’ਤੇ ਸੱਤਾ ’ਚ ਆਈ ਸੀ ਪਰ ਹੁਣ ਕੇਜਰੀਵਾਲ ਅਤੇ ਸਿਸੋਦੀਆ ਖ਼ੁਦ ਭ੍ਰਿਸ਼ਟਾਚਾਰ ’ਚ ਸ਼ਾਮਲ ਹਨ। 

ਦੱਸਣਯੋਗ ਹੈ ਕਿ ਸੀ. ਬੀ. ਆਈ. ਨੇ 19 ਅਗਸਤ ਨੂੰ ਸਿਸੋਦੀਆ ਅਤੇ ਦਿੱਲੀ ਦੇ ਸਾਬਕਾ ਆਬਕਾਰੀ ਕਮਿਸ਼ਨਰ ਏ. ਗੋਪੀਕ੍ਰਿਸ਼ਨ ਦੀਆਂ ਰਿਹਾਇਸ਼ਾਂ ਸਮੇਤ ਕਈ ਥਾਵਾਂ ’ਤੇ ਤਲਾਸ਼ੀ ਲਈ ਸੀ। ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਪਿਛਲੇ ਸਾਲ ਨਵੰਬਰ ’ਚ ਲਿਆਂਦੀ ਗਈ ਆਬਕਾਰੀ ਨੀਤੀ ਨੂੰ ਤਿਆਰ ਕਰਨ ਅਤੇ ਉਸ ਦੇ ਲਾਗੂ ਹੋਣ ’ਚ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਦੋਸ਼ਾਂ ਨੂੰ ਲੈ ਕੇ ਇਕ FIR ਦਰਜ ਕੀਤੀ ਸੀ।


author

Tanu

Content Editor

Related News