ਜੇਕਰ ਦੁੱਖ ਸਾਂਝਾ ਕਰਨ ਲਈ ਪੈਰੋਲ ਦਿੱਤੀ ਜਾ ਸਕਦੀ ਹੈ ਤਾਂ ਖੁਸ਼ੀ ਮੌਕੇ ਕਿਉਂ ਨਹੀਂ : ਹਾਈ ਕੋਰਟ
Saturday, Jul 13, 2024 - 04:13 PM (IST)
ਮੁੰਬਈ (ਭਾਸ਼ਾ)- ਬੰਬੇ ਹਾਈ ਕੋਰਟ ਨੇ ਇਕ ਵਿਅਕਤੀ ਨੂੰ ਪੜ੍ਹਾਈ ਲਈ ਆਸਟ੍ਰੇਲੀਆ ਜਾ ਰਹੇ ਉਸ ਦੇ ਪੁੱਤ ਨੂੰ ਵਿਦਾ ਕਰਨ ਲਈ ਪੈਰੋਲ ਦਿੱਤੀ ਅਤੇ ਕਿਹਾ ਕਿ ਜੇਕਰ ਦੁੱਖ ਵੰਡਣ ਲਈ ਪੈਰੋਲ ਦਿੱਤੀ ਜਾ ਸਕਦੀ ਹੈ ਤਾਂ ਖ਼ੁਸ਼ੀ ਦੇ ਮੌਕੇ ਕਿਉਂ ਨਹੀਂ। ਅਦਾਲਤ ਨੇ ਕਿਹਾ ਕਿ ਦੋਸ਼ੀਆਂ ਨੂੰ ਥੋੜ੍ਹੇ ਸਮੇਂ ਲਈ ਸ਼ਰਤੀਆ ਰਿਹਾਈ ਦਿੱਤੀ ਜਾਂਦੀ ਹੈ ਤਾਂ ਕਿ ਉਹ ਬਾਹਰੀ ਦੁਨੀਆ ਨਾਲ ਸੰਪਰਕ 'ਚ ਰਹਿ ਸਕਣ ਅਤੇ ਆਪਣੇ ਪਰਿਵਾਰਕ ਮਾਮਲਿਆਂ ਦੀ ਵਿਵਸਥਾ ਕਰ ਸਕਣ, ਕਿਉਂਕਿ ਜੇਲ੍ਹ 'ਚ ਰਹਿੰਦੇ ਹੋਏ ਵੀ ਅਪਰਾਧੀ ਕਿਸੇ ਦਾ ਪੁੱਤ, ਪਤੀ, ਪਿਤਾ ਜਾਂ ਭਰਾ ਹੁੰਦਾ ਹੈ। ਜੱਜ ਭਾਰਤੀ ਡਾਂਗਰੇ ਅਤੇ ਜੱਜ ਮੰਜੂਸ਼ਾ ਦੇਸ਼ਪਾਂਡੇ ਦੀ ਬੈਂਚ ਨੇ 9 ਜੁਲਾਈ ਦੇ ਆਪਣੇ ਆਦੇਸ਼ 'ਚ ਕਿਹਾ ਕਿ ਪੈਰੋਲ ਅਤੇ ਫਰਲੋ ਦੇ ਪ੍ਰਬੰਧਾਂ ਨੂੰ ਸਮੇਂ-ਸਮੇਂ 'ਤੇ ਦੋਸ਼ੀਆਂ ਦੇ ਪ੍ਰਤੀ 'ਮਨੁੱਖਤਾਵਾਦੀ ਦ੍ਰਿਸ਼ਟੀਕੋਣ' ਵਜੋਂ ਦੇਖਿਆ ਗਿਆ ਹੈ।
ਅਦਾਲਤ ਵਿਵੇਕ ਸ਼੍ਰੀਵਾਸਤਵ ਨਾਮੀ ਵਿਅਕਤੀ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜਿਸ 'ਚ ਉਸ ਨੇ ਆਸਟ੍ਰੇਲੀਆ ਦੀ ਯੂਨੀਵਰਸਿਟੀ 'ਚ ਆਪਣੇ ਪੁੱਤ ਦੀ ਸਿੱਖਿਆ ਲਈ ਟਿਊਸ਼ਨ ਫੀਸ ਅਤੇ ਹੋਰ ਖਰਚਿਆਂ ਦਾ ਪ੍ਰਬੰਧ ਕਰਨ ਅਤੇ ਉਸ ਨੂੰ ਵਿਦਾ ਕਰਨ ਲਈ ਪੈਰੋਲ ਮੰਗੀ ਸੀ। ਇਸਤਗਾਸਾ ਪੱਖ ਨੇ ਇਸ ਦਲੀਲ ਦਾ ਵਿਰੋਧ ਕਰਦੇ ਹੋਏ ਦਾਅਵਾ ਕੀਤਾ ਕਿ ਪੈਰੋਲ ਆਮ ਤੌਰ 'ਤੇ ਐਮਰਜੈਂਸੀ ਸਥਿਤੀਆਂ 'ਚ ਦਿੱਤੀ ਜਾਂਦੀ ਹੈ ਅਤੇ ਸਿੱਖਿਆ ਲਈ ਪੈਸੇ ਦਾ ਇੰਤਜ਼ਾਮ ਕਰਨਾ ਅਤੇ ਪੁੱਤ ਨੂੰ ਵਿਦਾ ਕਰਨਾ ਅਜਿਹੇ ਆਧਾਰ ਨਹੀਂ ਹਨ, ਜਿਨ੍ਹਾਂ 'ਤੇ ਪੈਰੋਲ ਦਿੱਤੀ ਜਾਵੇ। ਹਾਈ ਕੋਰਟ ਨੇ ਕਿਹਾ ਕਿ ਉਹ ਇਸਤਗਾਸਾ ਪੱਖ ਦੇ ਇਸ ਤਰਕ ਨੂੰ ਸਮਝਣ 'ਚ ਅਸਫ਼ਲ ਰਿਹਾ। ਅਦਾਲਤ ਨੇ ਕਿਹਾ,''ਦੁੱਖ ਇਕ ਭਾਵਨਾ ਹੈ, ਖੁਸ਼ੀ ਵੀ ਇਕ ਭਾਵਨਾ ਹੈ ਅਤੇ ਜੇਕਰ ਦੁੱਖ ਸਾਂਝਾ ਕਰਨ ਲਈ ਪੈਰੋਲ ਦਿੱਤੀ ਜਾ ਸਕਦੀ ਹੈ ਤਾਂ ਖੁਸ਼ੀ ਮੌਕੇ ਜਾਂ ਪਲ ਨੂੰ ਸਾਂਝਾ ਕਰਨ ਲਈ ਕਿਉਂ ਨਹੀਂ।'' ਅਦਾਲਤ ਨੇ ਸ਼੍ਰੀਵਾਸਤਵ ਨੂੰ 10 ਦਿਨ ਦੀ ਪੈਰੋਲ ਮਨਜ਼ੂਰ ਕਰ ਲਈ। ਸ਼੍ਰੀਵਾਸਤਵ ਨੂੰ 2012 'ਚ ਇਕ ਕਤਲ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਾ ਸੀ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ 2018 'ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 2019 'ਚ ਉਸ ਨੇ ਆਪਣੀ ਸਜ਼ਾ ਖ਼ਿਲਾਫ਼ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e