ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾਣਗੇ : ਭਗਵੰਤ ਮਾਨ
Friday, Jul 26, 2024 - 05:22 PM (IST)
ਹਿਸਾਰ- ਹਰਿਆਣਾ ਦੇ ਦੌਰੇ 'ਤੇ ਹਿਸਾਰ ਦੇ ਬਰਵਾਲਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ 'ਚ ਆਮ ਆਦਮੀ ਪਾਰਟੀ (ਆਪ) ਨੂੰ ਇਕ ਮੌਕਾ ਦਿਓ, ਪੂਰੇ ਪ੍ਰਦੇਸ਼ ਦੀ ਤਸਵੀਰ ਬਦਲ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ 'ਚ ਜਿਸ ਤਰ੍ਹਾਂ ਨਾਲ ਕੰਮ ਹੋਇਆ ਹੈ, ਅਜਿਹਾ ਕੰਮ ਹਰਿਆਣਾ 'ਚ ਵੀ ਕਰ ਕੇ ਦਿਖਾਵਾਂਗੇ। ਇੱਥੇ ਦੇ ਨੇਤਾਵਾਂ ਨੇ ਪ੍ਰਦੇਸ਼ ਨੂੰ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ। ਨੇਤਾਵਾਂ ਨੇ ਇੱਥੇ ਜੀਜਾ ਅਤੇ ਭਤੀਜਿਆਂ ਨੂੰ ਨੌਕਰੀ ਦਿੱਤੀ ਪਰ ਪੰਜਾਬ 'ਚ ਗਰੀਬ ਆਦਮੀ ਦਾ ਬੇਟਾ ਸਰਕਾਰੀ ਅਫ਼ਸਰ ਬਣਿਆ ਹੈ। ਭਗਵੰਤ ਮਾਨ ਨੇ ਕੇਜਰੀਵਾਲ ਨੂੰ ਹਿਸਾਰ ਅਤੇ ਹਰਿਆਣਾ ਦਾ ਬੇਟਾ ਦੱਸਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੇ ਜਾਣਬੁੱਝ ਕੇ ਕੇਜਰੀਵਾਲ ਨੂੰ ਜੇਲ੍ਹ 'ਚ ਬੰਦ ਕੀਤਾ ਹੈ ਪਰ ਉਹ ਅੱਜ ਵੀ ਹਰਿਆਣਾ, ਪੰਜਾਬ ਅਤੇ ਦਿੱਲੀ ਬਾਰੇ ਸੋਚਦੇ ਹਨ। ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਕੰਡਿਆਲੀ ਤਾਰਾਂ ਅਤੇ ਵੱਡੇ-ਵੱਡੇ ਕਿੱਲ ਲਗਾਏ। ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਤਸ਼ੱਦਦ ਢਾਇਆ ਗਿਆ। ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾਣਗੇ। ਮਾਨ ਨੇ ਕਿਹਾ ਕਿ ਹਰਿਆਣਾ 'ਚ ਕਈ ਸਾਲ ਹੋ ਗਏ ਜਦੋਂ ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਰਾਜ ਕਰ ਰਹੀਆਂ ਹਨ। ਮਾਨ ਨੇ ਕਿਹਾ ਕਿ ਹਰਿਆਣਾ ਨੂੰ ਸਾਰਿਆਂ ਨੇ ਲੁੱਟਿਆ ਹੈ। ਉਨ੍ਹਾਂ ਕਿਹਾ,''ਜੇਕਰ ਕੋਈ ਬੀਮਾਰੀ ਕਿਸੇ ਡਾਕਟਰ ਤੋਂ ਠੀਕ ਨਾ ਹੋ ਰਹੀ ਹੋਵੇ ਤਾਂ ਡਾਕਟਰ ਬਦਲ ਲੈਣਾ ਚਾਹੀਦਾ। ਇਸ ਵਾਰ ਤੁਸੀਂ ਤਬਦੀਲੀ ਲਈ ਬਾਹਰ ਨਿਕਲੇ ਹੋ।'' ਰੈਲੀ 'ਚ ਹਰਿਆਣਾ ਦੇ ਪ੍ਰਦੇਸ਼ ਪ੍ਰਧਾਨ ਸਾਬਕਾ ਸੰਸਦ ਮੈਂਬਰ ਸੁਸ਼ੀਲ ਗੁਪਤਾ, ਪਾਰਟੀ ਨੇਤਾ ਅਨੁਰਾਗ ਢਾਂਡਾ ਸਮੇਤ ਹੋਰ ਨੇਤਾ ਸ਼ਾਮਲ ਹੋਏ।
ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ-ਪੰਜਾਬ 'ਚ ਕੋਈ ਕਮੀ ਨਹੀਂ ਹੈ। ਦੋਹਾਂ ਦੀ ਜ਼ਮੀਨ ਉਪਜਾਊ ਹੈ। ਕੌਮ ਸਾਡੀ ਮਿਹਨਤੀ ਹੈ। ਭਗਵਾਨ ਨੇ ਸਾਨੂੰ ਸਭ ਕੁਝ ਦਿੱਤਾ ਹੈ ਪਰ ਸੱਚੀ ਅਤੇ ਚੰਗੀ ਨੀਅਤ ਵਾਲੇ ਨੇਤਾ ਨਹੀਂ ਮਿਲੇ। ਜਿੰਨੇ ਵੀ ਨੇਤਾ ਆਏ ਸਾਰਿਆਂ ਨੇ ਆਪਣੇ ਘਰ ਨੂੰ ਦੇਖਿਆ। ਸਾਰਿਆਂ ਨੇ ਆਪਣੇ ਭਤੀਜੇ, ਸਾਲੇ ਅਤੇ ਜੀਜੇ ਦੇਖੇ। ਮਾਨ ਨੇ ਕਿਹਾ ਕਿ ਜਦੋਂ ਤੋਂ ਪੰਜਾਬ 'ਚ 'ਆਪ' ਦੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਗਾਰੰਟੀ ਦਿੱਤੀ ਸੀ ਕਿ 24 ਘੰਟੇ ਬਿਜਲੀ ਆਏਗੀ ਪਰ ਬਿੱਲ ਨਹੀਂ ਆਏਗਾ। 16 ਮਾਰਚ 2022 ਨੂੰ ਸਰਕਾਰ ਆਈ ਅਤੇ 2 ਮਹੀਨੇ ਬਾਅਦ ਹੀ ਅਸੀਂ ਫ਼ੈਸਲਾ ਕਰ ਦਿੱਤਾ। ਅੱਜ 2 ਸਾਲ ਹੋ ਗਏ ਹਨ 90 ਫ਼ੀਸਦੀ ਘਰਾਂ 'ਚ ਬਿਜਲੀ ਬਿੱਲ ਮੁਆਫ਼ ਹਨ। 600 ਯੂਨਿਟ ਤੱਕ ਬਿਜਲੀ ਮੁਆਫ਼ ਕਰ ਦਿੱਤੀ ਹੈ। ਮਾਨ ਨੇ ਕਿਹਾ ਕਿ ਪੰਜਾਬ 'ਚ ਜਦੋਂ ਸਾਡੀ ਸਰਕਾਰ ਬਣੀ ਤਾਂ ਅਸੀ 17 ਅਜਿਹੇ ਟੋਲ ਬੰਦ ਕੀਤੇ ਜੋ ਪਾਰਟੀਆਂ ਚਲਾਉਂਦੀਆਂ ਸਨ, ਜਿਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਸੀ। ਅਸੀਂ ਜਨਤਾ ਦੇ ਹਜ਼ਾਰਾਂ ਕਰੋੜ ਰੁਪਏ ਨੇਤਾ ਦੀ ਜੇਬ 'ਚ ਜਾਣ ਤੋਂ ਬਚਾਏ। ਹਰਿਆਣਾ 'ਚ ਭਾਜਪਾ ਨੇ ਇਕ ਨੌਕਰੀ ਤੱਕ ਨਹੀਂ ਦਿੱਤੀ ਅਤੇ ਨਾ ਹੀ ਪੱਕੀ ਸੜਕ ਇੱਥੇ ਬਣਾਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e