ਸੁਖਬੀਰ ਹੱਥ ਆਵੇਗੀ ਅਕਾਲੀ ਦਲ ਦੀ ਕਮਾਨ ਜਾਂ ਨਹੀਂ! ਅੱਜ ਦੇ ਫ਼ੈਸਲੇ ''ਤੇ ਟਿਕੀਆਂ ਸਭ ਦੀਆਂ ਨਜ਼ਰਾਂ

Saturday, Apr 12, 2025 - 07:46 AM (IST)

ਸੁਖਬੀਰ ਹੱਥ ਆਵੇਗੀ ਅਕਾਲੀ ਦਲ ਦੀ ਕਮਾਨ ਜਾਂ ਨਹੀਂ! ਅੱਜ ਦੇ ਫ਼ੈਸਲੇ ''ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਚੰਡੀਗੜ੍ਹ (ਅੰਕੁਰ) : ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ’ਚ ਹੋਣ ਜਾ ਰਹੀ ਹੈ। ਸਭ ਦੀਆਂ ਨਜ਼ਰਾਂ ਇਸ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ ਕਿ ਆਖ਼ਰ ਪਾਰਟੀ ਦਾ ਪ੍ਰਧਾਨ ਕੌਣ ਹੋਵੇਗਾ। ਸੁਖਬੀਰ ਸਿੰਘ ਬਾਦਲ ਦੇ ਹੀ ਦੁਬਾਰਾ ਪ੍ਰਧਾਨ ਚੁਣੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ’ਤੇ ਵੀ ਦਾਅ ਖੇਡਿਆ ਜਾ ਸਕਦਾ ਹੈ। ਸਿੰਘ ਸਾਹਿਬਾਨ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕੀਤੇ ਜਾਣ ਮਗਰੋਂ ਉਨ੍ਹਾਂ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਾਇਆ ਸੀ। ਸਿੰਘ ਸਾਹਿਬਾਨ ਨੇ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰ ਕੇ ਪਾਰਟੀ ਦਾ ਨਵਾਂ ਪ੍ਰਧਾਨ ਚੁਣੇ ਜਾਣ ਦਾ ਫ਼ੈਸਲਾ ਸੁਣਾਇਆ ਸੀ।
ਬਾਦਲ ਨੂੰ ਮੁੜ ਮਿਲ ਸਕਦੈ ਮੌਕਾ, ਘੇਰਨਗੇ ਵਿਰੋਧੀ
ਜੇਕਰ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਵਿਰੋਧੀਆਂ ਨੂੰ ਲੀਡਰਸ਼ਿਪ ਘੇਰਨ ਦਾ ਇਕ ਵਾਰ ਫਿਰ ਮੌਕਾ ਮਿਲ ਜਾਵੇਗਾ। ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਨਾਲ ਹੀ ਪਾਰਟੀ ਦੇ ਹੀ ਜ਼ਿਆਦਾਤਰ ਆਗੂ ਪਹਿਲਾਂ ਤੋਂ ਇਹ ਕਹਿੰਦੇ ਆ ਰਹੇ ਹਨ ਕਿ ਅਕਾਲੀ ਦਲ ’ਤੇ ਪਰਿਵਾਰਕ ਕਬਜ਼ਾ ਹੈ ਅਤੇ ਸੁਖਬੀਰ ਬਾਦਲ ਪਾਰਟੀ ਨੂੰ ਲੋਕਤੰਤਰੀ ਢੰਗ ਨਾਲ ਨਹੀਂ ਚਲਾਉਂਦੇ। ਹਾਲ ਹੀ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਅਕਾਲੀ ਦਲ ਹੁਣ ਇਕ ਪਰਿਵਾਰ ਦੀ ਜਾਇਦਾਦ ਬਣ ਚੁੱਕਿਆ ਹੈ, ਜਿੱਥੇ ਦਲੀਲ ਦੀ ਥਾਂ ਵਫ਼ਾਦਾਰੀ ਹੈ। ਸੁਖਬੀਰ ਬਾਦਲ 2008 ’ਚ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੋਂ ਮਗਰੋਂ ਪਾਰਟੀ ਦੇ ਪ੍ਰਧਾਨ ਬਣੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਤੋਂ ਫਿਰ ਪੈ ਗਈਆਂ ਸਰਕਾਰੀ ਛੁੱਟੀਆਂ! ਆ ਗਿਆ ਲੰਬਾ WEEKEND
ਵਿਵਾਦਾਂ ਤੋਂ ਦੂਰ, ਪਾਰਟੀ ਪ੍ਰਤੀ ਸਮਰਪਣ ਭਾਵਨਾ ਵਾਲੇ ਭੂੰਦੜ
ਬਲਵਿੰਦਰ ਸਿੰਘ ਭੂੰਦੜ ਇਸ ਸਮੇਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹਨ, ਜਿਨ੍ਹਾਂ ਦੇ ਨਾਂ ਨੂੰ ਪਾਰਟੀ ’ਚ ਅੰਦਰੂਨੀ ਤੌਰ ’ਤੇ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦਾ ਅਕਸ ਵਿਵਾਦਾਂ ਤੋਂ ਦੂਰ ਰਿਹਾ ਹੈ ਤੇ ਉਹ ਸ਼ੁਰੂ ਤੋਂ ਹੀ ਪਾਰਟੀ ਪ੍ਰਤੀ ਸਮਰਪਣ ਭਾਵਨਾ ਵਾਲੇ ਆਗੂ ਵਜੋਂ ਜਾਣੇ ਜਾਂਦੇ ਹਨ।
ਦਲਜੀਤ ਚੀਮਾ ਨੂੰ ਮਿਲ ਸਕਦੈ ਵਫ਼ਾਦਾਰੀ ਦਾ ਸਿਲ੍ਹਾ
ਬਾਦਲ ਪਰਿਵਾਰ ਦੇ ਵਿਸ਼ਵਾਸਪਾਤਰ ਡਾ. ਦਲਜੀਤ ਸਿੰਘ ਚੀਮਾ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ’ਚ ਵੱਡੇ ਅਹੁਦਿਆਂ ’ਤੇ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਉਹ ਪਾਰਟੀ ਦੇ ਜਨਰਲ ਸਕੱਤਰ ਤੇ ਬੁਲਾਰੇ ਰਹੇ। ਪਾਰਟੀ ’ਤੇ ਜਦੋਂ ਵੀ ਕਦੇ ਸੰਕਟ ਦੇ ਬੱਦਲ ਆਏ, ਉਹ ਢਾਲ ਬਣ ਕੇ ਬਾਦਲ ਪਰਿਵਾਰ ਲਈ ਖੜ੍ਹਦੇ ਆ ਰਹੇ ਹਨ। ਜਦੋਂ ਪਾਰਟੀ ਦੇ ਤਕਰੀਬਨ ਸਾਰੇ ਵੱਡੇ ਤੋਂ ਲੈ ਕੇ ਛੋਟੇ ਲੀਡਰ ਬਗ਼ਾਵਤ ਦਾ ਰੁਖ਼ ਅਖ਼ਤਿਆਰ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਦੇ ਵਿਰੋਧ ’ਚ ਖਲੋ ਗਏ, ਉਸ ਸਮੇਂ ਵੀ ਉਨ੍ਹਾਂ ਨੇ ਪਾਰਟੀ ਪ੍ਰਤੀ ਵਫ਼ਾਦਾਰੀ ਦਿਖਾਈ। ਇਸ ਵਫ਼ਾਦਾਰੀ ਦਾ ਫ਼ਲ ਉਨ੍ਹਾਂ ਨੂੰ ਪ੍ਰਧਾਨ ਬਣਾ ਕੇ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬੀਓ ਸਾਵਧਾਨ! ਹਾਈ ਅਲਰਟ 'ਤੇ ਸਾਰੇ ਹਸਪਤਾਲ, ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ...
ਪਹਿਲੀ ਔਰਤ ਪ੍ਰਧਾਨ ਵਜੋਂ ਹਰਸਿਮਰਤ ਬਾਦਲ ਨੂੰ ਕੀਤਾ ਜਾ ਸਕਦੈ ਅੱਗੇ
ਹਰਸਿਮਰਤ ਕੌਰ ਬਾਦਲ ਦਾ ਨਾਂ ਵੀ ਪ੍ਰਧਾਨਗੀ ਲਈ ਅੱਗੇ ਕੀਤਾ ਜਾ ਸਕਦਾ ਹੈ। ਉਹ ਕੇਂਦਰੀ ਵਜ਼ਾਰਤ ਦਾ ਹਿੱਸਾ ਰਹਿ ਚੁੱਕੇ ਹਨ ਤੇ ਇਸ ਸਮੇਂ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਹਨ। ਜੇਕਰ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਉਹ ਇਸ ਅਹੁਦੇ ਤੱਕ ਪਹੁੰਚਣ ਵਾਲੀ ਪਹਿਲੀ ਔਰਤ ਹੋਣਗੇ। ਹੁਣ ਤੱਕ ਪੁਰਸ਼ ਹੀ ਪਾਰਟੀ ਦੀ ਅਗਵਾਈ ਕਰਦੇ ਆਏ ਹਨ। ਉਹ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਬੇਬਾਕੀ ਨਾਲ ਸੰਸਦ ’ਚ ਉਠਾਉਣ ਲਈ ਜਾਣੇ ਜਾਂਦੇ ਹਨ। ਉਹ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਮੰਨੇ ਜਾਂਦੇ ਬਾਦਲ ਪਰਿਵਾਰ ਦਾ ਹਿੱਸਾ ਹਨ। ਉਨ੍ਹਾਂ ਦਾ ਜਿੱਥੇ ਸਹੁਰਾ ਪਰਿਵਾਰ ਸਿਆਸੀ ਪੱਖੋਂ ਬੇਹੱਦ ਮਜ਼ਬੂਤ ਮੰਨਿਆ ਜਾਂਦਾ ਰਿਹਾ ਹੈ, ਉੱਥੇ ਹੀ ਉਨ੍ਹਾਂ ਦਾ ਪੇਕਾ ਪਰਿਵਾਰ ਵੀ ਪੰਜਾਬ ਦੀ ਸਿਆਸਤ ਦੀ ਅਹਿਮ ਕੜੀ ਹੈ।
ਮਾਝੇ ਦੇ ਜਰਨੈਲ ਨੂੰ ਵੀ ਦਿੱਤੀ ਜਾ ਸਕਦੀ ਹੈ ਕਮਾਨ
ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਪ੍ਰਧਾਨਗੀ ਲਈ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਉਹ ਆਪਣੇ ਜੋਸ਼ੀਲੇ ਰੁਖ਼ ਲਈ ਜਾਣੇ ਜਾਂਦੇ ਹਨ। ਪਾਰਟੀ ਦੇ ਨੌਜਵਾਨ ਕੇਡਰ ’ਚ ਉਨ੍ਹਾਂ ਦਾ ਕਾਫ਼ੀ ਪ੍ਰਭਾਵ ਮੰਨਿਆ ਜਾਂਦਾ ਹੈ। ਉਹ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਤੇ ਸਾਬਕਾ ਮੰਤਰੀ ਰਹਿ ਚੁੱਕੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਸੁਖਬੀਰ ਸਿੰਘ ਬਾਦਲ ਨਾਲ ਮਤਭੇਦ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਸੀ ਪਰ ਬਾਅਦ ’ਚ ਸੁਲ੍ਹਾ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News