ਹੁਣ ਵ੍ਹਾਈਟ ਹਾਊਸ ’ਚ ਪਰੋਸੇ ਜਾਣਗੇ ਸਮੋਸੇ-ਜਲੇਬੀਆਂ!

Thursday, Feb 13, 2020 - 09:34 PM (IST)

ਹੁਣ ਵ੍ਹਾਈਟ ਹਾਊਸ ’ਚ ਪਰੋਸੇ ਜਾਣਗੇ ਸਮੋਸੇ-ਜਲੇਬੀਆਂ!

ਨਵੀਂ ਦਿੱਲੀ/ਵਾਸ਼ਿੰਗਟਨ (ਵਿਸ਼ੇਸ਼)– ਸੋਸ਼ਲ ਮੀਡੀਆ ’ਤੇ ਇਕ ਫੋਟੋ ਸ਼ੇਅਰ ਹੋ ਰਹੀ ਹੈ ਕਿ ਅਗਲੀ ਵਾਰ ਜਦ ਟਰੰਪ ਨੂੰ ਅਮਰੀਕਾ ’ਚ ਟਾਪ ਸੀ.ਈ.ਓ. ਦੀ ਬੈਠਕ ਬੁਲਾਉਣੀ ਪਵੇਗੀ ਤਾਂ ਉਨ੍ਹਾਂ ਨੂੰ ਸਮੋਸੇ ਤੇ ਜਲੇਬੀਆਂ ਦਾ ਆਰਡਰ ਦੇਣਾ ਪਵੇਗਾ। ਅਸਲ ’ਚ ਭਾਰਤੀ ਮੂਲ ਦੇ ਅਰਵਿੰਦ ਕ੍ਰਿਸ਼ਨਾ ਨੂੰ ਇੰਟਰਨੈਸ਼ਨਲ ਬਿਜ਼ਨੈੱਸ ਮਸ਼ੀਨ (ਆਈ. ਬੀ. ਐੱਮ.) ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਬਣਾਇਆ ਗਿਆ ਹੈ। ਉਨ੍ਹਾਂ ਦੇ ਸੀ. ਈ. ਓ. ਬਣਨ ਤੋਂ ਬਾਅਦ ਆਨੰਦ ਮਹਿੰਦਰਾ ਨੇ ਮਜ਼ਾਕੀਆ ਅੰਦਾਜ਼ ’ਚ ਟਵੀਟ ਕੀਤਾ, ‘ਟੈੱਕ ਇੰਡਸਟਰੀ ਦੀ ਅਗਲੀ ਕਾਨਕਲੇਵ ’ਚ ਵ੍ਹਾਈਟ ਹਾਊਸ ਨੂੰ ਤੈਅ ਕਰਨਾ ਪਵੇਗਾ ਕਿ ਸਨੈਕਸ ’ਚ ਹੈਮਬਰਗਰ ਦੀ ਜਗ੍ਹਾ ਸਮੋਸਾ ਪਰੋਸਿਆ ਜਾਵੇ।’ ਕ੍ਰਿਸ਼ਨਾ ਨੇ ਲੰਬੇ ਸਮੇਂ ਤੱਕ ਸੀ. ਈ. ਓ. ਰਹੀ ਵਰਜੀਨੀਆ ਰੋਮੇਟੀ ਦੀ ਜਗ੍ਹਾ ਲਈ ਹੈ। ਉਨ੍ਹਾਂ ਦੇ ਆਈ. ਬੀ. ਐੱਮ. ਦਾ ਸੀ. ਈ. ਓ. ਬਣਨ ਤੋਂ ਬਾਅਦ ਮਲਟੀਨੈਸ਼ਨਲ ਕੰਪਨੀਆਂ ਦੇ ਭਾਰਤੀ ਮੂਲ ਦੇ ਸੀ. ਈ. ਓ. ਦੀ ਸੂਚੀ ’ਚ ਇਕ ਹੋਰ ਨਾਂ ਜੁੜ ਗਿਆ ਹੈ।

PunjabKesari

ਗਲੋਬਲ ਕੰਪਨੀਆ ਦੇ ਭਾਰਤੀ ਮੂਲ ਦੇ ਸੀ. ਈ. ਓ.
ਹੁਣ 7 ਗਲੋਬਲ ਕੰਪਨੀਆਂ ਦੇ ਸੀ. ਈ. ਓ. ਭਾਰਤੀ ਮੂਲ ਦੇ ਹੋ ਗਏ ਹਨ। ਦੱਸ ਦਈਏ ਕਿ ਆਈ. ਬੀ. ਐੱਮ. ਤੋਂ ਇਲਾਵਾ ਸੁੰਦਰ ਪਿਚਈ ਗੂਗਲ ਤੇ ਉਸ ਦੀ ਪੈਰੇਂਟ ਕੰਪਨੀ ਅਲਫਾਬੈੱਟ ਦੇ ਸੀ. ਈ. ਓ. ਹਨ। ਇਸ ਤੋਂ ਇਲਾਵਾ ਭਾਰਤੀ ਮੂਲ ਦੇ ਸਤਿਆ ਨਜੇਲਾ ਮਾਈਕ੍ਰੋਸਾਫਟ ਦੇ ਸੀ. ਈ. ਓ. ਹਨ। ਓਧਰ ਸ਼ਾਂਤਨੂੰ ਨਾਰਾਇਣ ਏਡੋਬੀ ਦੇ, ਅਜੈਪਾਲ ਸਿੰਘ ਬੰਗਾ ਮਾਸਟਰ ਕਾਰਡ ਦੇ, ਰਾਜੀਵ ਸੂਰੀ ਨੋਕੀਆ ਦੇ ਤੇ ਵਸੰਤ ਨਰਸਿਮ੍ਹਾ ਨੋਵਾਰਤਿਸ ਦੇ ਸੀ. ਈ. ਓ. ਹਨ।

1990 ’ਚ ਆਈ. ਬੀ. ਐੱਮ. ਨਾਲ ਜੁੜੇ ਸਨ ਅਰਵਿੰਦ ਕ੍ਰਿਸ਼ਨਾ
ਅਰਵਿੰਦ ਕ੍ਰਿਸ਼ਨਾ ਕੋਲ ਭਾਰਤੀ ਤਕਨੀਕੀ ਸੰਸਥਾ (ਆਈ. ਆਈ. ਟੀ.) ਕਾਨਪੁਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੈ। ਓਧਰ ਉਰਬਾਨਾ-ਚੈਂਪੇਨ ’ਚ ਇਲੀਨੋਈਸ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ’ਚ ਪੀ. ਐੱਚ. ਡੀ. ਕੀਤੀ ਹੈ। ਕ੍ਰਿਸ਼ਨਾ 1990 ’ਚ ਆਈ. ਬੀ. ਐੱਮ. ਨਾਲ ਜੁੜੇ ਸਨ।

ਮੌਜੂਦਾ ਸੀ. ਈ. ਓ. ਰੋਮੇਟੀ ਨੇ ਕੀਤੀ ਸ਼ਲਾਘਾ
ਆਈ. ਬੀ. ਐੱਮ. ਦੀ ਮੌਜੂਦਾ ਸੀ. ਈ. ਓ. ਰੋਮੇਟੀ ਨੇ ਇਕ ਬਿਆਨ ’ਚ ਕਿਹਾ ਕਿ ਅਰਵਿੰਦ ਆਈ. ਬੀ. ਐੱਮ. ’ਚ ਅਗਲੇ ਯੁੱਗ ਲਈ ਸਹੀ ਸੀ. ਈ. ਓ. ਹਨ। ਉਨ੍ਹਾਂ ਕਿਹਾ ਕਿ ਉਹ ਇਕ ਸ਼ਾਨਦਾਰ ਟੈਕਨਾਲੋਜਿਸਟ ਹਨ, ਜਿਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ, ਕਲਾਊਡ, ਕਵਾਂਟਮ ਕੰਪਿਊਟਿੰਗ ਤੇ ਬਲਾਕਚੇਨ ਵਰਗੀਆਂ ਸਾਡੀਆਂ ਅਹਿਮ ਤਕਨੀਕਾਂ ਨੂੰ ਵਿਕਸਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਇਕ ਸਾਨਦਾਰ ਆਪ੍ਰੇਸ਼ਨਲ ਲੀਡਰ ਵੀ ਹਨ, ਜੋ ਕੱਲ ਦੇ ਵਪਾਰ ਦਾ ਨਿਰਮਾਣ ਕਰਦੇ ਹੋਏ ਅੱਜ ਜਿੱਤਣ ’ਚ ਸਮਰੱਥ ਹੈ। ਅਰਵਿੰਦ ਨੇ ਆਈ. ਬੀ. ਐੱਮ. ਦੇ ਕਲਾਊਡ ਤੇ ਕਾਗਨਿਟਿਵ ਸਾਫਟਵੇਅਰ ਵਪਾਰ ਨੂੰ ਵਿਕਸਿਤ ਕੀਤਾ ਹੈ ਤੇ ਕੰਪਨੀ ਦੇ ਇਤਿਹਾਸ ’ਚ ਸਭ ਤੋਂ ਵੱਡੇ ਰਲੇਵੇਂ ਦੀ ਅਗਵਾਈ ਕੀਤੀ ਹੈ।


author

Baljit Singh

Content Editor

Related News