ਕੇਜਰੀਵਾਲ ਦਾ ਵੱਡਾ ਐਲਾਨ, ਦੋ ਦਿਨ ਬਾਅਦ CM ਅਹੁਦੇ ਤੋਂ ਦੇ ਦੇਵਾਂਗਾ ਅਸਤੀਫ਼ਾ

Sunday, Sep 15, 2024 - 12:36 PM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਤੋਂ ਆਬਕਾਰੀ ਨੀਤੀ ਘਪਲੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ। ਸ਼ੁੱਕਰਵਾਰ ਨੂੰ ਕੇਜਰੀਵਾਲ ਤਿਹਾੜ ਜੇਲ੍ਹ ਵਿਚੋਂ ਬਾਹਰ ਆ ਗਏ। ਜੇਲ੍ਹ ਵਿਚੋਂ ਬਾਹਰ ਆਉਣ ਮਗਰੋਂ ਕੇਜਰੀਵਾਲ ਨੇ ਐਤਵਾਰ ਨੂੰ  'ਆਪ' ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਕਿ ਮੈਂ ਦੋ ਦਿਨ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ। ਮਨੀਸ਼ ਸਿਸੋਦੀਆ ਵੀ ਮੁੱਖ ਮੰਤਰੀ ਨਹੀਂ ਬਣਨਗੇ। ਮੈਂ ਅਤੇ ਸਿਸੋਦੀਆ ਜਨਤਾ ਦਰਮਿਆਨ ਜਾਵਾਂਗੇ। 

ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਛੋਟੀ ਜਿਹੀ ਪਾਰਟੀ ਨੇ ਦੇਸ਼ ਦੀ ਸਿਆਸਤ ਬਦਲ ਦਿੱਤੀ। ਜੇਲ੍ਹ ਵਿਚ ਸੋਚਣ ਦਾ ਸਮਾਂ ਮਿਲਿਆ। ਮੈਂ ਜੇਲ੍ਹ ਤੋਂ ਇਕ ਹੀ ਚਿੱਠੀ ਲਿਖੀ ਸੀ, ਉਹ ਵੀ ਐੱਲ. ਜੀ. ਸਾਬ੍ਹ ਨੂੰ। 15 ਅਗਸਤ ਸੀ, ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਝੰਡਾ ਲਹਿਰਾਉਂਦੇ ਹਨ। ਮੈਂ ਕਿਹਾ ਕਿ ਆਤਿਸ਼ੀ ਜੀ ਨੂੰ ਝੰਡਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਗਈ। ਉਹ ਚਿੱਠੀ ਵਾਪਸ ਕਰ ਦਿੱਤੀ ਗਈ ਅਤੇ ਮੈਨੂੰ ਵਾਰਨਿੰਗ ਦਿੱਤੀ ਗਈ ਕਿ ਦੂਜੀ ਵਾਰ ਜੇਕਰ ਚਿੱਠੀ ਲਿਖੀ ਤਾਂ ਤੁਹਾਨੂੰ ਤੁਹਾਡੇ ਪਰਿਵਾਰ ਨਾਲ ਵੀ ਮੁਲਾਕਾਤ ਨਹੀਂ ਕਰਨ ਦਿੱਤੀ ਜਾਵੇਗੀ। ਮਨੀਸ਼ ਸਿਸੋਦੀਆ ਜੇਲ੍ਹ ਗਏ ਪਰ ਮੈਨੂੰ ਅਤੇ ਸਿਸੋਦੀਆ ਨੂੰ ਵੱਖ-ਵੱਖ ਜੇਲ੍ਹ ਵਿਚ ਰੱਖਿਆ ਗਿਆ। ਜਦੋਂ ਮੈਂ ਜੇਲ੍ਹ ਵਿਚ ਸੀ ਤਾਂ ਇਕ ਦਿਨ ਸੰਦੀਪ ਪਾਠਕ ਮੈਨੂੰ ਮਿਲਣ ਆਏ, ਉਹ ਸਾਡੀ ਪਾਰਟੀ ਦੇ ਜਨਰਲ ਸਕੱਤਰ ਹਨ। ਉਹ ਆ ਕੇ ਮੇਰੇ ਨਾਲ ਗੱਲ ਕਰਨ ਲੱਗੇ, ਸੁਭਾਵਿਕ ਹੈ ਉਹ ਰੋਮਾਂਟਿਕ ਗੱਲਾਂ ਤਾਂ ਕਰੇਗਾ ਨਹੀ, ਸਿਆਸਤ ਦੀਆਂ ਗੱਲਾਂ ਹੀ ਕਰੇਗਾ। ਬਾਅਦ ਵਿਚ ਉਸ ਨੂੰ ਜੇਲ੍ਹ ਨੇ ਬਲੈਕਲਿਸਟ ਕਰ ਦਿੱਤਾ।

ਦੱਸਿਆ ਕਿਉਂ ਨਹੀਂ ਦਿੱਤਾ ਅਸਤੀਫ਼ਾ
ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਇਨ੍ਹਾਂ ਨੇ ਮੈਨੂੰ ਜੇਲ੍ਹ ਕਿਉਂ ਭੇਜਿਆ, ਅਜਿਹਾ ਨਹੀਂ ਕਿ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਕੀਤਾ। ਇਨ੍ਹਾਂ ਦਾ ਮਕਸਦ ਸੀ ਆਮ ਆਦਮੀ ਪਾਰਟੀ ਨੂੰ ਤੋੜਨਾ, ਕੇਜਰੀਵਾਲ ਨੂੰ ਤੋੜਨਾ। ਇਨ੍ਹਾਂ ਦਾ ਫਾਰਮੂਲਾ ਹੈ ਕਿ ਪਾਰਟੀ ਤੋੜ ਦਿਓ, ਵਿਧਾਇਕ ਤੋੜ ਦਿਓ, ਈਡੀ ਛਾਪੇਮਾਰੀ ਕਰ ਦਿਓ। ਇਨ੍ਹਾਂ ਨੂੰ ਲੱਗ ਰਿਹਾ ਸੀ ਕਿ ਕੇਜਰੀਵਾਲ ਨੂੰ ਜੇਲ੍ਹ ਵਿਚ ਬੰਦ ਕਰ ਕੇ ਪਾਰਟੀ ਤੋੜ ਦਿਆਂਗੇ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਅਸਤੀਫ਼ਾ ਇਸ ਲਈ ਨਹੀਂ ਦਿੱਤਾ ਕਿਉਂਕਿ ਮੈਂ ਦੇਸ਼ ਦੇ ਜਨਤੰਤਰ ਨੂੰ ਬਚਾਉਣਾ ਚਾਹੁੰਦਾ ਹਾਂ। ਜੇਕਰ ਮੈਂ ਅਸਤੀਫ਼ਾ ਦੇ ਦਿੰਦਾ ਤਾਂ ਇਹ ਇਕ-ਇਕ ਕਰ ਕੇ ਸਾਰਿਆਂ ਨੂੰ ਜੇਲ੍ਹ ਵਿਚ ਸੁੱਟ ਦੇਣਗੇ ਕਿਉਂਕਿ ਮਮਤਾ ਦੀਦੀ, ਪਿਨਾਰਾਈ ਵਿਜਯਨ ਸਾਰਿਆਂ ਖਿਲਾਫ਼ ਕੇਸ ਕੀਤਾ ਹੋਇਆ ਹੈ। ਅੱਜ ਉਨ੍ਹਾਂ ਦੀ ਹਰ ਸਾਜ਼ਿਸ਼ ਨਾਲ ਮੁਕਾਬਲਾ ਕਰਨ ਦੀ ਤਾਕਤ ਆਮ ਆਦਮੀ ਪਾਰਟੀ ਵਿਚ ਹੈ, ਕਿਉਂਕਿ ਅਸੀਂ ਈਮਾਨਦਾਰ ਹਾਂ।


Tanu

Content Editor

Related News