ਡਿਪਟੀ ਸਪੀਕਰ ਨੇ ਧਨਖੜ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵਾਲੇ ਵਿਰੋਧੀ ਧਿਰ ਦੇ ਨੋਟਿਸ ਨੂੰ ਕੀਤਾ ਖਾਰਜ

Thursday, Dec 19, 2024 - 05:14 PM (IST)

ਨਵੀਂ ਦਿੱਲੀ- ਰਾਜ ਸਭਾ ਦੇ ਡਿਪਟੀ ਸਪੀਕਰ ਹਰੀਵੰਸ਼ ਨੇ ਵੀਰਵਾਰ ਨੂੰ ਵਿਰੋਧੀ ਧਿਰ ਦਾ ਉਹ ਨੋਟਿਸ ਖਾਰਜ ਕਰ ਦਿੱਤਾ ਜਿਸ 'ਚ ਪੱਖਪਾਤੀ ਤਰੀਕੇ ਨਾਲ ਉੱਚ ਸਦਨ ਦੇ ਸੰਚਾਲਨ ਦਾ ਦੋਸ਼ ਲਗਾਉਂਦੇ ਹੋਏ ਸਪੀਕਰ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ ਸੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ ਹਰੀਵੰਸ਼ ਨੇ ਵਿਰੋਧੀ ਧਿਰ ਦੇ ਨੋਟਿਸ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਇਹ ਤੱਥਾਂ ਤੋਂ ਪਰੇ ਹੈ ਅਤੇ ਇਸ ਦਾ ਮਕਸਦ ਸਿਰਫ਼ ਪ੍ਰਚਾਰ ਹਾਸਲ ਕਰਨਾ ਹੈ। ਸੂਤਰਾਂ ਅਨੁਸਾਰ ਡਿਪਟੀ ਸਪੀਕਰ ਨੇ ਕਿਹਾ ਕਿ ਧਨਖੜ ਵਿਰੁੱਧ ਨੋਟਿਸ ਗਲਤ ਅਤੇ ਖਾਮੀਆਂ ਵਾਲਾ ਹੈ, ਜੋ ਉੱਪ ਰਾਸ਼ਟਰਪਤੀ ਦੀ ਸਾਖ ਨੂੰ ਧੁੰਦਲਾ ਕਰਨ ਲਈ ਜਲਦਬਾਜ਼ੀ ਵਿਚ ਤਿਆਰ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਰਾਜ ਸਭਾ ਦੇ ਜਨਰਲ ਸਕੱਤਰ ਪੀ.ਸੀ. ਮੋਦੀ ਨੂੰ ਸੌਂਪੇ ਆਪਣੇ ਫੈਸਲੇ 'ਚ ਹਰੀਵੰਸ਼ ਨੇ ਕਿਹਾ ਕਿ ਇਹ ਨੋਟਿਸ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੇ ਮਾਣ ਨੂੰ ਘੱਟ ਕਰਨ ਅਤੇ ਮੌਜੂਦਾ ਉੱਪ ਰਾਸ਼ਟਰਪਤੀ ਦਾ ਅਕਸ ਖ਼ਰਾਬ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ।

ਦੱਸਣਯੋਗ ਹੈ ਕਿ ਵਿਰੋਧੀ ਗਠਜੋੜ 'ਇੰਡੀਆ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਦੇ ਘਟਕ ਦਲਾਂ ਨੇ ਸਪੀਕਰ ਧਨਖੜ ਨੂੰ ਉੱਪ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਲਈ ਪ੍ਰਸਤਾਵ ਲਿਆਉਣ ਸੰਬੰਧੀ ਨੋਟਿਸ 10 ਦਸੰਬਰ ਨੂੰ ਰਾਜ ਸਭਾ ਦੇ ਜਨਰਲ ਸਕੱਤਰ ਨੂੰ ਸੌਂਪਿਆ ਸੀ। ਵਿਰੋਧੀ ਧਿਰ ਨੇ ਕਿਹਾ ਸੀ ਕਿ ਧਨਖੜ ਵਲੋਂ 'ਬੇਹੱਦ ਪੱਖਪਾਤੀ' ਤਰੀਕੇ ਨਾਲ ਰਾਜ ਸਭਾ ਦੀ ਕਾਰਵਾਈ ਸੰਚਾਲਿਤ ਕਰਨ ਕਾਰਨ ਇਹ ਕਦਮ ਚੁੱਕਣਾ ਪਿਆ ਹੈ। ਨੋਟਿਸ 'ਤੇ ਕਾਂਗਰਸ, ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਦਰਮੁਕ, ਸਮਾਜਵਾਦੀ ਪਾਰਟੀ ਅਤੇ ਕਈ ਹੋਰ ਵਿਰੋਧੀ ਦਲਾਂ ਦੇ 60 ਆਗੂਆਂ ਦੇ ਦਸਤਖ਼ਤ ਹਨ। ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਦਰਮੁਕ ਨੇਤਾ ਤਿਰੂਚੀ ਸ਼ਿਵਾ ਅਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਡੇਰੇਕ ਓ ਬ੍ਰਾਇਨ ਨੇ ਇਸ ਨੋਟਿਸ 'ਤੇ ਦਸਤਖ਼ਤ ਨਹੀਂ ਕੀਤੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News