ਇਨਾਮੀ ਬਦਮਾਸ਼ ਸੋਨੂੰ ਮਟਕਾ ਪੁਲਸ ਐਨਕਾਊਂਟਰ ''ਚ ਢੇਰ, ਦੀਵਾਲੀ ਦੇ ਦਿਨ ਕੀਤੇ ਸੀ ਦੋ ਕਤਲ

Saturday, Dec 14, 2024 - 10:59 AM (IST)

ਮੇਰਠ/ਦਿੱਲੀ- ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਕਈ ਮਾਮਲਿਆਂ ਵਿਚ ਲੋੜੀਂਦਾ ਇਕ ਬਦਮਾਸ਼ ਸ਼ਨੀਵਾਰ ਤੜਕੇ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿਚ ਪੁਲਸ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਦਿੱਲੀ ਵਿਚ ਹਾਸ਼ਿਮ ਬਾਬਾ ਗਿਰੋਹ ਦਾ ਮੈਂਬਰ ਅਨਿਲ ਉਰਫ਼ ਸੋਨੂੰ ਮਟਕਾ (39) ਕਈ ਮਾਮਲਿਆਂ ਵਿਚ ਲੋੜੀਂਦਾ ਸੀ, ਜਿਸ ਵਿਚ 31 ਅਕਤੂਬਰ ਨੂੰ ਦੀਵਾਲੀ ਦੇ ਦਿਨ ਰਾਸ਼ਟਰੀ ਰਾਜਧਾਨੀ ਦੇ ਫਰਸ਼ ਬਾਜ਼ਾਰ ਇਲਾਕੇ 'ਚ  ਚਾਚਾ-ਭਤੀਜੇ ਦੇ ਕਤਲ ਦਾ ਮਾਮਲਾ ਵੀ ਸ਼ਾਮਲ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਅਮਿਤਾਭ ਯਸ਼ ਨੇ ਕਿਹਾ ਕਿ ਮੁਕਾਬਲਾ ਟੀ. ਪੀ. ਨਗਰ ਪੁਲਸ ਸਟੇਸ਼ਨ ਅਧੀਨ ਹੋਇਆ। ਉੱਤਰ ਪ੍ਰਦੇਸ਼ ਪੁਲਸ ਦੇ ਵਿਸ਼ੇਸ਼ ਕਾਰਜ ਬਲ (STF) ਅਤੇ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਸਾਂਝੀ ਮੁਹਿੰਮ ਸੰਚਾਲਿਤ ਕੀਤਾ। 

ਸੋਨੂੰ ਮਟਕਾ 'ਤੇ ਸੀ  50,000 ਰੁਪਏ ਦਾ ਇਨਾਮ 

ਅਧਿਕਾਰੀ ਨੇ ਦੱਸਿਆ ਕਿ ਬਾਗਪਤ ਦਾ ਰਹਿਣ ਵਾਲਾ ਇਹ ਬਦਮਾਸ਼ ਹਾਸ਼ਿਮ ਬਾਬਾ ਗਿਰੋਹ ਦਾ ਸਾਥੀ ਸੀ ਅਤੇ ਉਸ 'ਤੇ 50,000 ਰੁਪਏ ਦਾ ਇਨਾਮ ਸੀ। ਉਹ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲੁੱਟ ਅਤੇ ਕਤਲ ਦੇ ਕਈ ਮਾਮਲਿਆਂ ਵਿਚ ਸ਼ਾਮਲ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਿੱਲੀ ਪੁਲਸ ਦੇ ਅਧਿਕਾਰੀਆਂ ਮੁਤਾਬਕ ਮਟਕਾ ਕੋਲੋਂ ਦੋ ਆਧੁਨਿਕ ਪਿਸਤੋਲਾਂ ਅਤੇ 10 ਕਾਰਤੂਸ ਬਰਾਮਦ ਕੀਤੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਮਟਕਾ ਮੋਟਰਸਾਈਕਲ 'ਤੇ ਯਾਤਰਾ ਕਰ ਰਿਹਾ ਸੀ, ਜਦੋਂ ਉਸ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿਚ ਉਸ ਨੂੰ ਗੋਲੀ ਲੱਗ ਗਈ।

ਚਾਚਾ-ਭਤੀਜੇ ਦਾ ਕੀਤਾ ਸੀ ਕਤਲ

ਮਟਕਾ ਦੀ ਪਛਾਣ 31 ਅਕਤੂਬਰ ਨੂੰ ਦਿੱਲੀ ਦੇ ਰਹਿਣ ਵਾਲੇ 40 ਸਾਲਾ ਆਕਾਸ਼ ਸ਼ਰਮਾ ਅਤੇ ਉਸ ਦੇ 16 ਸਾਲਾ ਭਤੀਜੇ ਰਿਸ਼ਭ ਦੇ ਕਤਲ ਵਿਚ ਸ਼ੂਟਰ ਵਜੋਂ ਹੋਈ ਸੀ। ਦੋਵੇਂ ਫਰਸ਼ ਬਾਜ਼ਾਰ ਵਿਚ ਆਪਣੇ ਘਰ ਦੇ ਸਾਹਮਣੇ ਪਟਾਕੇ ਚਲਾ ਰਹੇ ਤਾਂ ਦੋ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਹਮਲਾਵਰਾਂ ਵਿਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਨੇ ਖ਼ੁਲਾਸਾ ਕੀਤਾ ਸੀ ਕਿ ਮਟਕਾ ਹੀ ਸ਼ੂਟਰ ਸੀ। ਅਧਿਕਾਰੀ ਨੇ ਦੱਸਿਆ ਕਿ ਮਟਕਾ ਉਦੋਂ ਤੋਂ ਫ਼ਰਾਰ ਸੀ। ਉਹ ਦਿੱਲੀ ਦੇ ਲਾਹੌਰੀ ਗੇਟ ਵਿਚ ਹੋਈ ਡਕੈਤੀ ਦੇ ਇਕ ਮਾਮਲੇ ਵਿਚ ਲੋੜੀਂਦਾ ਸੀ ਅਤੇ ਦਿੱਲੀ ਪੁਲਸ ਨੇ ਉਸ ਦੀ ਗ੍ਰਿਫ਼ਤਾਰੀ ਦੀ ਸੂਚਨਾ ਦੇਣ 'ਤੇ 50,000 ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਮਟਕਾ 7 ਅਕਤੂਬਰ ਨੂੰ ਕਰੋਲ ਬਾਗ ਵਿਚ ਇਕ ਦਫ਼ਤਰ ਵਿਚ ਹੋਈ 1.5 ਕਰੋੜ ਰੁਪਏ ਦੀ ਡਕੈਤੀ ਵਿਚ ਸ਼ਾਮਲ ਸੀ।
 


Tanu

Content Editor

Related News