''ਆਪ'' ਦੀ ਫਾਈਨਲ ਲਿਸਟ ਜਾਰੀ, ਕੇਜਰੀਵਾਲ ਨਵੀਂ ਦਿੱਲੀ ਤੋਂ ਲੜਨਗੇ ਚੋਣ
Sunday, Dec 15, 2024 - 02:23 PM (IST)
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ 38 ਉਮੀਦਵਾਰਾਂ ਦੀ ਚੌਥੀ ਅਤੇ ਫਾਈਨਲ ਲਿਸਟ ਜਾਰੀ ਕਰ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਚੋਣ ਲੜਨਗੇ। ਮੁੱਖ ਮੰਤਰੀ ਆਤਿਸ਼ੀ ਇਕ ਵਾਰ ਫਿਰ ਕਾਲਕਾਜੀ ਤੋਂ ਚੋਣ ਲੜਨਗੇ। ਇਸੇ ਤਰ੍ਹਾਂ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ। ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਵਿਧਾਇਕ ਮਦਨ ਲਾਲ ਦੀ ਟਿਕਟ ਰੱਦ ਕਰਕੇ ਕਸਤੂਰਬਾ ਨਗਰ ਤੋਂ ਰਮੇਸ਼ ਪਹਿਲਵਾਨ ਨੂੰ ਮੈਦਾਨ 'ਚ ਉਤਾਰਿਆ ਹੈ। ਰਮੇਸ਼ ਪਹਿਲਵਾਨ ਅਤੇ ਉਨ੍ਹਾਂ ਦੀ ਕੌਂਸਲਰ ਪਤਨੀ ਕੁਸੁਮ ਲਤਾ ਅੱਜ ਭਾਜਪਾ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਗਏ ਹਨ।
ਮੰਤਰੀ ਗੋਪਾਲ ਰਾਏ ਬਾਬਰਪੁਰ ਤੋਂ ਅਤੇ ਜਰਨੈਲ ਸਿੰਘ ਤਿਲਕ ਨਗਰ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਸ਼ਕੂਰ ਬਸਤੀ ਤੋਂ ਸਤਿੰਦਰ ਕੁਮਾਰ ਜੈਨ, ਓਖਲਾ ਤੋਂ ਅਮਾਨਤੁੱਲਾ ਖਾਨ, ਸੁਲਤਾਨਪੁਰ ਮਾਜਰਾ ਤੋਂ ਮੁਕੇਸ਼ ਕੁਮਾਰ ਅਹਲਾਵਤ, ਨੰਗਲੋਈ ਜਾਟ ਤੋਂ ਰਘੁਵਿੰਦਰ ਸ਼ੌਕੀਨ, ਸਦਰ ਬਾਜ਼ਾਰ ਤੋਂ ਸੋਮ ਦੱਤ, ਬੱਲੀਮਾਰਨ ਤੋਂ ਇਮਰਾਨ ਹੁਸੈਨ ਚੋਣ ਲੜਨਗੇ। ਆਮ ਆਦਮੀ ਪਾਰਟੀ ਨੇ ਬੁਰਾੜੀ ਤੋਂ ਸੰਜੀਵ ਝਾਅ, ਬਾਦਲੀ ਤੋਂ ਅਜੇਸ਼ ਯਾਦਵ, ਰਿਠਾਲਾ ਤੋਂ ਮਹਿੰਦਰ ਗੋਇਲ, ਬਵਾਨਾ ਤੋਂ ਜੈ ਭਗਵਾਨ, ਸ਼ਾਲੀਮਾਰ ਬਾਗ ਤੋਂ ਬੰਦਨਾ ਕੁਮਾਰੀ, ਤ੍ਰਿਨਗਰ ਤੋਂ ਪ੍ਰੀਤੀ ਤੋਮਰ, ਵਜ਼ੀਰਪੁਰ ਤੋਂ ਰਾਜੇਸ਼ ਗੁਪਤਾ, ਮਾਡਲ ਟਾਊਨ ਤੋਂ ਅਖਿਲੇਸ਼ ਪਤੀ ਤ੍ਰਿਪਾਠੀ ਨੂੰ ਉਮੀਦਵਾਰ ਬਣਾਇਆ ਹੈ।
ਦਿੱਲੀ ਚੋਣਾਂ ਲਈ ‘ਆਪ’ ਉਮੀਦਵਾਰਾਂ ਦੀ ਫਾਈਨਲ ਲਿਸਟ ਜਾਰੀ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਇਕ ਪੋਸਟ 'ਚ ਲਿਖਿਆ ਕਿ ਅੱਜ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ 'ਤੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਹਨ। ਪਾਰਟੀ ਪੂਰੇ ਆਤਮ ਵਿਸ਼ਵਾਸ ਅਤੇ ਪੂਰੀ ਤਿਆਰੀ ਨਾਲ ਚੋਣ ਲੜ ਰਹੀ ਹੈ। ਭਾਜਪਾ ਗਾਇਬ ਹੈ। ਉਨ੍ਹਾਂ ਕੋਲ ਦਿੱਲੀ ਲਈ ਕੋਈ ਮੁੱਖ ਮੰਤਰੀ ਚਿਹਰਾ, ਕੋਈ ਟੀਮ, ਕੋਈ ਯੋਜਨਾਬੰਦੀ ਅਤੇ ਕੋਈ ਵਿਜ਼ਨ ਨਹੀਂ ਹੈ। ਉਨ੍ਹਾਂ ਦਾ ਸਿਰਫ਼ ਇਕ ਹੀ ਨਾਅਰਾ ਹੈ, ਸਿਰਫ਼ ਇਕ ਹੀ ਨੀਤੀ ਹੈ ਅਤੇ ਸਿਰਫ਼ ਇਕ ਹੀ ਮਿਸ਼ਨ ਹੈ- ਕੇਜਰੀਵਾਲ ਨੂੰ ਹਟਾਓ। ਉਨ੍ਹਾਂ ਤੋਂ ਪੁੱਛੋ 5 ਸਾਲ ਕੀ ਕੀਤਾ, ਤਾਂ ਜਵਾਬ ਮਿਲੇਗਾ ਕੇਜਰੀਵਾਲ ਨੂੰ ਬਹੁਤ ਗਾਲ੍ਹਾਂ ਕੱਢੀਆਂ। ਸਾਡੀ ਪਾਰਟੀ ਕੋਲ ਇਕ ਵਿਜ਼ਨ ਹੈ, ਦਿੱਲੀ ਦੇ ਲੋਕਾਂ ਦੇ ਵਿਕਾਸ ਲਈ ਇਕ ਯੋਜਨਾ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਪੜ੍ਹੇ-ਲਿਖੇ ਲੋਕਾਂ ਦੀ ਇਕ ਚੰਗੀ ਟੀਮ ਹੈ। ਦਿੱਲੀ ਦੇ ਲੋਕ ਕੰਮ ਕਰਨ ਵਾਲਿਆਂ ਨੂੰ ਵੋਟ ਦੇਣਗੇ, ਗਾਲ੍ਹਾਂ ਕੱਢਣ ਵਾਲਿਆਂ ਨੂੰ ਨਹੀਂ। ਦੱਸ ਦੇਈਏ ਕਿ ਪਾਰਟੀ ਇਸ ਤੋਂ ਪਹਿਲਾਂ 3 ਲਿਸਟਾਂ ਜਾਰੀ ਕਰ ਚੁੱਕੀ ਹੈ।