IAS ''ਚ 1,300 ਤੋਂ ਵੱਧ ਤੇ IPS ''ਚ 586 ਅਹੁਦੇ ਖ਼ਾਲੀ
Thursday, Dec 12, 2024 - 05:57 PM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਅਤੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਅਧਿਕਾਰੀਆਂ ਦੇ 1,316 ਅਤੇ 586 ਅਹੁਦੇ ਖ਼ਾਲੀ ਹਨ। ਸਿੰਘ ਨੇ ਰਾਜ ਸਭਾ ਨੂੰ ਇਕ ਲਿਖਤੀ ਜਵਾਬ 'ਚ ਦੱਸਿਆ ਕਿ ਇਕ ਜਨਵਰੀ 2024 ਤੱਕ 6,858 ਆਈ.ਏ.ਐੱਸ. ਦੀ ਕੁੱਲ ਮਨਜ਼ੂਰ ਗਿਣਤੀ 'ਚੋਂ 5,542 ਅਧਿਕਾਰੀ ਸੇਵਾ ਕਰ ਰਹੇ ਸਨ। ਅਮਲਾ ਰਾਜ ਮੰਤਰੀ ਸਿੰਘ ਨੇ ਕਿਹਾ ਕਿ 5,055 ਦੀ ਮਨਜ਼ੂਰ ਗਿਣਤੀ ਦੇ ਮੁਕਾਬਲੇ 4,469 ਆਈ.ਪੀ.ਐੱਸ. ਅਧਿਕਾਰੀ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਆਈ.ਏ.ਐੱਸ. ਦੇ 1,316 ਖ਼ਾਲੀ ਅਹੁਦਿਆਂ 'ਚੋਂ 794 ਸਿੱਧੀ ਭਰਤੀ ਲਈ ਅਤੇ 522 ਪ੍ਰਮੋਸ਼ਨ ਦੇ ਅਹੁਦੇ ਹਨ। ਮੰਤਰੀ ਨੇ ਕਿਹਾ ਕਿ ਆਈ.ਪੀ.ਐੱਸ. ਦੇ 586 ਖ਼ਾਲੀ ਅਹੁਦਿਆਂ 'ਚੋਂ 209 ਸਿੱਧੀ ਭਰਤੀ ਲਈ ਅਤੇ 377 ਪ੍ਰਮੋਸ਼ਨ ਲਈ ਹਨ। ਸਿੰਘ ਨੇ ਕਿਹਾ ਕਿ ਭਾਰਤੀ ਜੰਗਲਾਤ ਸੇਵਾ (ਆਈ.ਐੱਫ.ਐੱਸ.) 'ਚ 3,193 ਦੀ ਮਨਜ਼ੂਰ ਗਿਣਤੀ ਦੇ ਮੁਕਾਬਲੇ 2,151 ਅਧਿਕਾਰੀ ਤਾਇਨਾਤ ਹਨ।
ਉਨ੍ਹਾਂ ਕਿਹਾ ਕਿ 1,042 ਖ਼ਾਲੀ ਆਈ.ਐੱਫ.ਐੱਸ. ਅਹੁਦਿਆਂ 'ਚੋਂ 503 ਸਿੱਧੀ ਭਰਤੀ ਅਤੇ 539 ਪ੍ਰਮੋਸ਼ਨ ਦੇ ਅਹੁਦੇ ਹਨ। ਆਈ.ਏ.ਐੱਸ., ਆਈ.ਪੀ.ਐੱਸ. ਅਤੇ ਆਈ.ਐੱਫ.ਐੱਸ. ਅਧਿਕਾਰੀਆਂ ਦੀ ਚੋਣ ਸੰਘ ਲੋਕ ਸੇਵਾ ਕਮਿਸ਼ਨ ਵਲੋਂ ਹਰ ਸਾਲ ਆਯੋਜਿਤ ਕੀਤੀ ਜਾਣ ਵਾਲੀ ਸਿਵਲ ਸੇਵਾ ਪ੍ਰੀਖਿਆ ਦੇ ਮਾਧਿਅਮ ਨਾਲ ਕੀਤੀ ਜਾਂਦੀ ਹੈ। ਮੰਤਰੀ ਨੇ ਆਪਣੇ ਵਿਸਤ੍ਰਿਤ ਉੱਤਰ 'ਚ ਪਿਛਲੇ 5 ਸਾਲਾਂ ਦੌਰਾਨ ਆਮ, ਅਨੁਸੂਚਿਤ ਜਾਤੀ (ਐੱਸ.ਸੀ.), ਅਨੁਸੂਚਿਤ ਜਨਜਾਤੀ (ਐੱਸ.ਟੀ.) ਅਤੇ ਹੋਰ ਪਿਛੜਾ ਵਰਗ (ਓ.ਬੀ.ਸੀ.) ਤੋਂ ਆਈ.ਏ.ਐੱਸ., ਆਈ.ਪੀ.ਐੱਸ. ਅਤੇ ਆਈ.ਐੱਫ.ਐੱਸ. 'ਚ ਕੀਤੀਆਂ ਗਈਆਂ ਨਿਯੁਕਤੀਆਂ ਦਾ ਵੇਰਵਾ ਵੀ ਸਾਂਝਾ ਕੀਤਾ ਸੀ। ਸਾਲ 2022 ਦੀ ਸਿਵਲ ਸਰਵਿਸਿਜ਼ ਪ੍ਰੀਖਿਆ (ਸੀਐੱਸਈ) ਦੌਰਾਨ, ਆਈਏਐੱਸ 'ਚ ਜਨਰਲ ਸ਼੍ਰੇਣੀ 'ਚੋਂ 75, ਓਬੀਸੀ ਸ਼੍ਰੇਣੀ 'ਚੋਂ 45, ਅਨੁਸੂਚਿਤ ਜਾਤੀ ਸ਼੍ਰੇਣੀ 'ਚੋਂ 29 ਅਤੇ ਅਨੁਸੂਚਿਤ ਜਨਜਾਤੀ ਸ਼੍ਰੇਣੀ 'ਚੋਂ 13 ਨਿਯੁਕਤੀਆਂ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ ਇਸੇ ਅਰਸੇ ਦੌਰਾਨ ਆਈਪੀਐੱਸ 'ਚ 83 ਜਨਰਲ, 53 ਓਬੀਸੀ, 31 ਐੱਸਸੀ ਅਤੇ 13 ਐੱਸਟੀ ਨਿਯੁਕਤੀਆਂ ਕੀਤੀਆਂ ਗਈਆਂ ਹਨ। ਮੰਤਰੀ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, CSE 2024 ਦੌਰਾਨ IFS 'ਚ ਕੁੱਲ 43 ਜਨਰਲ, 51 OBC, 22 SC ਅਤੇ 11 ST ਨਿਯੁਕਤੀਆਂ ਕੀਤੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8