ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ

Saturday, Dec 21, 2024 - 04:26 PM (IST)

ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਨੀਵਾਰ ਨੂੰ ਸ਼ਹਿਰ ਦੇ ਦਲਿਤ ਵਿਦਿਆਰਥੀਆਂ ਦੀ ਵਿਦੇਸ਼ ਵਿਚ ਮੁਫ਼ਤ ਪੜ੍ਹਾਈ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਡਾ. ਅੰਬੇਡਕਰ ਸਨਮਾਨ ਸਕਾਲਰਸ਼ਿਪ ਭਾਜਪਾ ਵਲੋਂ ਅੰਬੇਡਕਰ ਦੇ 'ਅਪਮਾਨ' ਦਾ ਜਵਾਬ ਹੈ। 

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ 'ਆਪ' ਦੇ ਹੈੱਡਕੁਆਰਟਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕੀਤਾ ਅਤੇ ਉਨ੍ਹਾਂ ਦਾ ਮਖੌਲ ਉਡਾਇਆ ਹੈ। ਅੰਬੇਡਕਰ ਨੂੰ ਚਾਹੁਣ ਵਾਲੇ ਕਰੋੜਾਂ ਲੋਕਾਂ ਨੂੰ ਇਸ ਤੋਂ ਬਹੁਤ ਦੁੱਖ ਪਹੁੰਚਿਆ ਹੈ। ਕੇਜਰੀਵਾਲ ਨੇ ਕਿਹਾ ਕਿ ਅੰਬੇਡਕਰ ਨੇ ਕਿਹਾ ਸੀ ਕਿ ਸਿੱਖਿਆ ਹੀ ਅੱਗੇ ਵਧਣ ਦਾ ਰਸਤਾ ਹੈ ਅਤੇ ਉਨ੍ਹਾਂ ਨੇ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਅਮਰੀਕਾ ਤੋਂ PhD ਦੀ ਡਿਗਰੀ ਹਾਸਲ ਕੀਤੀ। 

'ਆਪ' ਮੁਖੀ ਨੇ ਕਿਹਾ ਕਿ ਇਹ ਸਕਾਲਰਸ਼ਿਪ ਭਾਜਪਾ ਵੱਲੋਂ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਦੇ ਅਪਮਾਨ ਦਾ ਜਵਾਬ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਦਿੱਲੀ ਦਾ ਕੋਈ ਵੀ ਦਲਿਤ ਵਿਦਿਆਰਥੀ ਵਿਦੇਸ਼ੀ ਯੂਨੀਵਰਸਿਟੀਆਂ 'ਚ ਸਿੱਖਿਆ ਹਾਸਲ ਕਰ ਸਕੇਗਾ। ਜੇਕਰ ਉਹ ਅਜਿਹੀ ਕਿਸੇ ਵੀ ਯੂਨੀਵਰਸਿਟੀ 'ਚ ਦਾਖ਼ਲਾ ਲੈਂਦੇ ਹਨ ਤਾਂ ਉਨ੍ਹਾਂ ਦੀ ਪੜ੍ਹਾਈ, ਯਾਤਰਾ ਅਤੇ ਰਿਹਾਇਸ਼ ਦਾ ਸਾਰਾ ਖਰਚਾ ਦਿੱਲੀ ਸਰਕਾਰ ਚੁੱਕੇਗੀ। ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਕਰਮੀਆਂ ਦੇ ਬੱਚੇ ਵੀ ਇਸ ਯੋਜਨਾ ਦੇ ਯੋਗ ਹੋਣਗੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਸਕਾਲਰਸ਼ਿਪ ਕਦੋਂ ਅਤੇ ਕਿਵੇਂ ਦਿੱਤੀ ਜਾਵੇਗੀ।


author

Tanu

Content Editor

Related News