ਲੁਕਾਉਣ ਲਈ ਕੁਝ ਨਹੀਂ ਹੈ ਮੇਰੇ ਕੋਲ, ਆਪਣਾ ਕੰਮ ਈਮਾਨਦਾਰੀ ਨਾਲ ਕੀਤਾ : ਮਨੀਸ਼ ਸਿਸੋਦੀਆ
Tuesday, Sep 06, 2022 - 04:39 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਆਬਕਾਰੀ ਨੀਤੀ ਮਨੀ ਲਾਂਡਰਿੰਗ ਮਾਮਲੇ 'ਚ ਮੰਗਲਵਾਰ ਨੂੰ ਕਈ ਥਾਂਵਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਛਾਪੇਮਾਰੀ ਦੇ ਕੁਝ ਘੰਟਿਆਂ ਬਾਅਦ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਅਤੇ ਉਨ੍ਹਾਂ ਨੇ ਆਪਣਾ ਕੰਮ 'ਈਮਾਨਦਾਰੀ' ਨਾਲ ਕੀਤਾ। ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਘਪਲੇ 'ਚ ਸਿਸੋਦੀਆ ਅਤੇ ਕੁਝ ਨੌਕਰਸ਼ਾਹਾਂ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਇਹ ਨੀਤੀ ਹੁਣ ਵਾਪਸ ਲੈ ਲਈ ਗਈ ਹੈ। ਦਿੱਲੀ ਦੇ ਸਿੱਖਿਆ ਵਿਭਾਗ ਦਾ ਵੀ ਚਾਰਜ ਸੰਭਾਲ ਰਹੇ ਸਿਸੋਦੀਆ ਨੇ ਕਿਹਾ ਕਿ ਜੇਕਰ ਈ.ਡੀ. ਅਧਿਕਾਰੀ ਉਨ੍ਹਾਂ ਦੇ ਇੱਥੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਬਸ ਕੁਝ ਸਕੂਲਾਂ ਦੇ ਨਕਸ਼ੇ ਮਿਲਣਗੇ। ਉਨ੍ਹਾਂ ਇਕ ਪ੍ਰੋਗਰਾਮ ਤੋਂ ਵੱਖ ਕਿਹਾ,''ਮੇਰੇ ਕੋਲ (ਲੁਕਾਉਣ ਲਈ) ਕੁਝ ਨਹੀਂ ਹੈ। ਮੈਂ ਆਪਣਾ ਕੰਮ ਈਮਾਨਦਾਰੀ ਨਾਲ ਕੀਤਾ ਹੈ। ਮੈਂ ਸਕੂਲਾਂ ਦਾ ਨਿਰਮਾਣ ਕੀਤਾ ਹੈ ਅਤੇ ਜੇਕਰ (ਈ.ਡੀ. ਆਉਂਦੀ ਹੈ) ਤਾਂ ਉਸ ਨੂੰ ਕੁਝ ਹੋਰ ਸਕੂਲਾਂ ਦੇ ਨਕਸ਼ੇ ਮਿਲਣਗੇ।''
ਅਧਿਕਾਰੀਆਂ ਅਨੁਸਾਰ, ਇਸ ਮਾਮਲੇ 'ਚ ਦਿੱਲੀ, ਤੇਲੰਗਾਨਾ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਕਰਨਾਟਕ 'ਚ ਕਰੀਬ 30 ਕੰਪਲੈਕਸਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਨਾਮਜ਼ਦ ਵਿਅਕਤੀਆਂ ਦੇ ਕੰਪਲੈਕਸਾਂ 'ਤੇ ਛਾਪਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ 'ਚ ਸਿਸੋਦੀਆ ਜਾਂ ਕਿਸੇ ਹੋਰ ਸਰਕਾਰੀ ਸੇਵਕ ਦੇ ਕੰਪਲੈਕਸ ਸ਼ਾਮਲ ਨਹੀਂ ਹਨ। ਈ.ਡੀ. ਨੇ ਆਬਕਾਰੀ ਮਾਮਲੇ 'ਚ ਸੀ.ਬੀ.ਆਈ. ਦੀ ਐੱਫ.ਆਈ.ਆਰ. ਦਾ ਨੋਟਿਸ ਲੈਣ ਤੋਂ ਬਾਅਦ ਮਨੀ ਲਾਂਡਰਿੰਗ ਐਕਟ ਦੀਆਂ ਅਪਰਾਧਕ ਧਾਰਾਵਾਂ ਦੇ ਅਧੀਨ ਜਾਂਚ ਸ਼ੁਰੂ ਕੀਤੀ ਹੈ। ਸੀ.ਬੀ.ਆਈ. ਨੇ ਆਪਣੀ ਐੱਫ.ਆਈ.ਆਰ. 'ਚ ਇਸ ਮਾਮਲੇ 'ਚ ਸਿਸੋਦੀਆ ਅਤੇ 14 ਹੋਰ ਨੂੰ ਨਾਮਜ਼ਦ ਦੋਸ਼ੀ ਬਣਾਇਆ ਹੈ। ਸੀ.ਬੀ.ਆਈ. ਨੇ ਇਸ ਮਾਮਲੇ 'ਚ 19 ਅਗਸਤ ਨੂੰ ਇੱਥੇ ਸਿਸੋਦੀਆ (50), ਆਈ.ਏ.ਐੱਸ. ਅਧਿਕਾਰੀ ਅਤੇ ਦਿੱਲੀ ਦੇ ਸਾਬਕਾ ਆਬਕਾਰੀ ਕਮਿਸ਼ਨਰ ਏ. ਗੋਪੀ ਕ੍ਰਿਸ਼ਨ ਦੇ ਸਥਾਨਾਂ ਅਤੇ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 19 ਹੋਰ ਥਾਂਵਾਂ 'ਤੇ ਛਾਪੇਮਾਰੀ ਕੀਤੀ ਸੀ। ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ 'ਚ ਸਿਸੋਦੀਆ ਕੋਲ ਆਬਕਾਰੀ ਅਤੇ ਸਿੱਖਿਆ ਸਮੇਤ ਕਈ ਵਿਭਾਗਾਂ ਦੀ ਜ਼ਿੰਮੇਵਾਰੀ ਹੈ।