ਹੈਦਰਾਬਾਦ : ਵਿਅਕਤੀ ਨੇ ਪਤਨੀ ਅਤੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਕੀਤੀ ਖ਼ੁਦਕੁਸ਼ੀ

Monday, Oct 17, 2022 - 03:10 PM (IST)

ਹੈਦਰਾਬਾਦ : ਵਿਅਕਤੀ ਨੇ ਪਤਨੀ ਅਤੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਕੀਤੀ ਖ਼ੁਦਕੁਸ਼ੀ

ਹੈਦਰਾਬਾਦ (ਵਾਰਤਾ)- ਹੈਦਰਾਬਾਦ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਗੁਆਂਢੀਆਂ ਵਲੋਂ ਬੱਦਬੂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਦਰਵਾਜ਼ਾ ਤੋੜਿਆ। ਘਰ ਅੰਦਰੋਂ ਨਾਗਰਾਜੂ, ਉਨ੍ਹਾਂ ਦੀ ਪਤਨੀ ਸੁਜਾਤਾ, ਬੱਚੇ ਸਿਦੱਪਾ (11) ਅਤੇ ਰਾਮਿਆਸ਼੍ਰੀ (7) ਦੀਆਂ ਲਾਸ਼ਾਂ ਪਈਆਂ ਮਿਲੀਆਂ। ਇਹ ਲਾਸ਼ਾਂ ਸੋਮਵਾਰ ਨੂੰ ਚੰਦਰਨਗਰ ਇਲਾਕੇ ਦੇ ਪਾਪੀਰੈੱਡੀ ਕਾਲੋਨੀ 'ਚ ਮਿਲੀਆਂ। ਪੁਲਸ ਨੂੰ ਸ਼ੱਕ ਹੈ ਕਿ ਘਟਨਾ ਸ਼ੁੱਕਰਵਾਰ ਦੀ ਹੈ। ਨਾਗਰਾਜੂ ਨੇ ਆਪਣੀ ਪਤਨੀ ਅਤੇ ਬੱਚਿਆਂ 'ਤੇ ਕੈਂਚੀ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਮਾਰਨ ਤੋਂ ਬਾਅਦ ਖ਼ੁਦ ਫਾਹਾ ਲਗਾ ਲਿਆ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਸਾਈਬਰਾਬਾਦ ਪੁਲਸ ਕਮਿਸ਼ਨਰੇਟ ਦੇ ਅਧੀਨ ਚੰਦਨਗਰ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਸੀ।

ਮੂਲ ਰੂਪ ਨਾਲ ਸੰਗਾਰੈੱਡੀ ਜ਼ਿਲ੍ਹੇ ਦੇ ਜਹੀਰਾਬਾਦ ਦੇ ਰਹਿਣ ਵਾਲੇ ਨਾਗਰਾਜੂ ਪਿਛਲੇ ਕੁਝ ਸਾਲਾਂ ਤੋਂ ਹੈਦਰਾਬਾਦ 'ਚ ਰਹਿ ਰਹੇ ਸਨ ਅਤੇ ਸੇਲਜ਼ਮੈਨ ਦਾ ਕੰਮ ਕਰ ਰਹੇ ਸਨ। ਨਾਗਰਾਜੂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਪਤਨੀ ਨਾਲ ਲੜਦਾ ਰਹਿੰਦਾ ਸੀ। ਉਸ ਨੂੰ ਸ਼ੱਕ ਹੈ ਕਿ ਸ਼ੁੱਕਰਵਾਰ ਰਾਤ ਸੁਜਾਤਾ ਨਾਲ ਹੋਈ ਲੜਾਈ ਦੌਰਾਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਕਿਉਂਕਿ ਪਿਛਲੇ ਤਿੰਨ ਦਿਨਾਂ ਤੋਂ ਘਰ 'ਚ ਤਾਲਾ ਲੱਗਾ ਸੀ ਅਤੇ ਬੱਦਬੂ ਵੀ ਆ ਰਹੀ ਸੀ, ਗੁਆਂਢੀਆਂ ਨੂੰ ਸ਼ੱਕ ਹੋਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਸਾਰੇ ਤਰੀਕਿਆਂ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਕੀਤੀ ਜਾ ਰਹੀ ਹੈ ਕਿ ਕੀ ਨਾਗਰਾਜੂ ਨੂੰ ਕੋਈ ਮਾਨਸਿਕ ਸਮੱਸਿਆ ਸੀ ਜਾਂ ਉਨ੍ਹਾਂ ਨੂੰ ਆਪਣੀ ਪਤਨੀ ਬਾਰੇ ਕੋਈ ਸ਼ੱਕ ਸੀ। ਸਥਾਨਕ ਲੋਕਾਂ ਅਨੁਸਾਰ ਸੁਜਾਤਾ ਸਿਲਾਈ ਦਾ ਕੰਮ ਕਰਦੀ ਸੀ ਅਤੇ ਵਿਆਜ 'ਤੇ ਪੈਸੇ ਉਧਾਰ ਵੀ ਦਿੰਦੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਰਿਵਾਰ ਨੂੰ ਕੋਈ ਵਿੱਤੀ ਸਮੱਸਿਆ ਨਹੀਂ ਸੀ ਪਰ ਨਾਗਰਾਜੂ ਉਸ ਨਾਲ ਚੰਗਾ ਰਵੱਈਆ ਨਹੀਂ ਕਰ ਰਹੇ ਸੀ।


author

DIsha

Content Editor

Related News