ਹੈਰਾਨੀਜਨਕ ਮਾਮਲਾ: ਕਰਜ਼ ਉਤਾਰਨ ਲਈ ਮਾਪਿਆਂ ਨੇ 9 ਦਿਨ ਦੇ ਬੱਚੇ ਨੂੰ 80 ਹਜ਼ਾਰ ’ਚ ਵੇਚਿਆ

02/16/2021 12:35:50 PM

ਹੈਦਰਾਬਾਦ— ਤੇਲੰਗਾਨਾ ਦੇ ਹੈਦਰਾਬਾਦ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਜੋੜੇ ਨੇ ਆਪਣੇ 9 ਦਿਨ ਦੇ ਬੱਚੇ ਨੂੰ ਇਕ ਅਣਪਛਾਤੇ ਸ਼ਖਸ ਨੂੰ 80,000 ਰੁਪਏ ਵਿਚ ਵੇਚ ਦਿੱਤਾ। ਇਹ ਮਾਮਲਾ ਹੈਦਰਾਬਾਦ ਦੇ ਵਿਕਾਰਾਬਾਦ ਜ਼ਿਲ੍ਹੇ ਦੇ ਤਾਂਦੂਰ ਦਾ ਹੈ। ਹਾਲਾਂਕਿ ਇਹ ਮਾਮਲਾ ਕੁਝ ਮਹੀਨੇ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ ਪਰ ਸੁਰਖੀਆ ’ਚ ਹੁਣ ਆਇਆ ਹੈ। ਮਾਮਲੇ ਦੇ ਉਜਾਗਰ ਹੁੰਦੇ ਹੀ ਪੁਲਸ ਨੇ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼, ਹੱਕਾਂ ਦੀ ਮੰਗ ਤੇ ਹੁਣ ‘ਭਵਿੱਖ ਸੰਵਾਰਨ’ ’ਚ ਮੋਹਰੀ ਰਾਕੇਸ਼ ਟਿਕੈਤ

ਪਤੀ-ਪਤਨੀ, ਐੱਮ. ਰਾਮੁਲੂ ਅਤੇ ਭੀਮੰਮਾ ਦਾ 4 ਸਾਲ ਦਾ ਪੁੱਤਰ ਹੈ। ਕੁਝ ਸਮਾਂ ਪਹਿਲਾਂ ਭੀਮੰਮਾ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਸੀ। ਇਹ ਜੋੜਾ ਇਨ੍ਹੀਂ ਦਿਨੀਂ ਆਰਥਿਕ ਸੰਕਟ ਅਤੇ ਕਰਜ਼ ਨਾਲ ਜੂਝ ਰਿਹਾ ਸੀ, ਜਿਸ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਫ਼ੈਸਲਾ ਲੈਣਾ ਪਿਆ। ਦੋ ਵਿਚੋਲਿਆਂ ਸਲੀਮ ਅਤੇ ਮੁਨੀਰ ਨੇ ਸੌਦਾ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਈ। 9 ਦਿਨ ਦੇ ਬੱਚੇ ਨੂੰ ਅਣਪਛਾਤੇ ਵਿਅਕਤੀ ਨੂੰ ਵੇਚਿਆ ਗਿਆ, ਜੋ ਮੌਜੂਦਾ ਸਮੇਂ ਵਿਚ ਹੈਦਰਾਬਾਦ ਵਿਚ ਹੈ। ਬੱਚੇ ਦਾ ਜਦੋਂ ਸੌਦਾ ਹੋਇਆ ਤਾਂ ਉਹ ਸਿਰਫ 9 ਦਿਨ ਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਲੀਮ ਅਤੇ ਮੁਨੀਰ ਨੇ ਉਸ ਬੱਚੇ ਨੂੰ ਆਪਣੇ ਰਿਸ਼ਤੇਦਾਰ ਨੂੰ ਦਿਵਾਇਆ ਹੈ, ਜੋ ਕਿ ਹੈਦਰਾਬਾਦ ਵਿਚ ਹੀ ਰਹਿੰਦਾ ਹੈ।

ਇਹ ਵੀ ਪੜ੍ਹੋ: ਨੌਦੀਪ ਕੌਰ ਨੂੰ ਦੂਜੇ ਮਾਮਲੇ 'ਚ ਵੀ ਮਿਲੀ ਜ਼ਮਾਨਤ

ਓਧਰ ਤਾਂਦੂਰ ਦੇ ਸਬ-ਇੰਸਪੈਕਟਰ ਕੇ. ਗਿਰੀ ਨੇ ਕਿਹਾ ਕਿ ਬੱਚੇ  ਦੇ ਮਾਤਾ-ਪਿਤਾ ਖ਼ਿਲਾਫ਼ ਚਾਈਲਡਲਾਈਨ ਹੈਲਪਲਾਈਨ ਦੇ ਇਕ ਮੈਂਬਰ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਬੱਚਾ ਵੇਚਣ ਦੇ ਪਿੱਛੇ ਦਾ ਮਕਸਦ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਜੋੜੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਰਜ਼ ਉਤਾਰਨ ਲਈ ਆਪਣੇ ਪੁੱਤਰ ਨੂੰ ਵੇਚ ਦਿੱਤਾ। ਗਿਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਦਾ ਪਤਾ ਲਾਵਾਂਗੇ, ਜਿਨ੍ਹਾਂ ਨੇ ਬੱਚਾ ਖਰੀਦਿਆ ਸੀ। ਜੇਕਰ ਮਾਤਾ-ਪਿਤਾ ਆਪਣੇ ਬੱਚੇ ਨੂੰ ਵਾਪਸ ਲੈਣ ਲਈ ਸਹਿਮਤ ਹੁੰਦੇ ਹਨ, ਤਾਂ ਅਸੀਂ ਉਨ੍ਹਾਂ ਤੋਂ ਲਿਖਤੀ ਸਹਿਮਤੀ ਲੈਣ ਤੋਂ ਬਾਅਦ ਬੱਚਾ ਉਨ੍ਹਾਂ ਨੂੰ ਸੌਂਪ ਦੇਵਾਂਗੇ ਜਾਂ ਫਿਰ ਬੱਚੇ ਦੀ ਦੇਖਭਾਲ ਲਈ ਚਾਈਲਡਲਾਈਨ ਮੈਂਬਰਾਂ ਨੂੰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਸਿਰ ’ਤੇ ‘ਲਾਲ ਪੱਗੜੀ’ ਬੰਨ੍ਹ ਗਾਜ਼ੀਪੁਰ ਬਾਰਡਰ ’ਤੇ ਬੂਟਿਆਂ ਨੂੰ ਪਾਣੀ ਦਿੰਦੇ ਦਿੱਸੇ ਰਾਕੇਸ਼ ਟਿਕੈਤ 

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ


Tanu

Content Editor

Related News