ਪਤੀ ਨੇ ਦਿੱਤਾ ਤਿੰਨ ਤਲਾਕ, ਛੋਟੇ ਬੱਚਿਆਂ ਸਮੇਤ ਧਰਨੇ 'ਤੇ ਬੈਠੀ ਪਤਨੀ

10/18/2019 6:01:10 PM

ਕੋਝੀਕੋਡ (ਕੇਰਲ)— ਪਤਨੀ ਨੂੰ ਤਲਾਕ ਦੇਣ ਵਾਲੇ 35 ਸਾਲਾ ਮੁਸਲਿਮ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਤਲਾਕ ਤੋਂ ਬਾਅਦ ਔਰਤ ਪਿਛਲੇ 5 ਦਿਨਾਂ ਤੋਂ ਆਪਣੇ 2 ਬੱਚਿਆਂ ਨਾਲ ਪਤੀ ਦੇ ਘਰ ਦੇ ਬਾਹਰ ਧਰਨੇ 'ਤੇ ਬੈਠੀ ਹੋਈ ਸੀ। ਉਸ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਖਬਰਾਂ 'ਚ ਦਿਖਾਇਆ ਗਿਆ ਕਿ ਵਨੀਮੇਲ ਨੇੜੇ ਪਿੰਡ ਦੇ ਬਾਹਰ ਔਰਤ ਆਪਣੀ 5 ਸਾਲ ਦੀ ਬੇਟੀ ਅਤੇ 2 ਸਾਲ ਦੇ ਬੇਟੇ ਨਾਲ ਬੈਠੀ ਹੋਈ ਹੈ। ਆਪਣੀ ਹਾਲਤ ਵੱਲ ਧਿਆਨ ਆਕਰਸ਼ਿਤ ਕਰਨ ਲਈ ਫਾਤਿਮਾ ਜੁਵੇਰੀਆ (24) ਘਰ ਦੇ ਬਾਹਰ ਵਿਰੋਧ ਕਰ ਰਹੀ ਸੀ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਤਲਾਕ ਦੇ ਕੇ ਦੂਜੀ ਔਰਤ ਨਾਲ ਵਿਆਹ ਕਰ ਲਿਆ। ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਵਲਯਮ ਪੁਲਸ ਨੇ ਉਸ ਦੇ ਪਤੀ ਏ.ਕੇ. ਸਮੀਰ 'ਤੇ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਕਾਨੂੰਨ 2019 ਦੀ ਧਾਰਾ 3 ਅਤੇ 4 ਦੇ ਅਧੀਨ ਮਾਮਲਾ ਦਰਜ ਕੀਤਾ। ਪੁਲਸ ਨੇ ਦੱਸਿਆ ਕਿ ਵਨੀਮੇਲ ਵਾਸੀ ਸਮੀਰ (35) ਖਾੜੀ ਦੇਸ਼ 'ਚ ਕੰਮ ਕਰਦਾ ਹੈ।

ਪਤੀ ਵਿਰੁੱਧ ਦਰਜ ਹਨ ਚਾਰ ਦੀਵਾਨੀ ਮਾਮਲੇ
ਅਧਿਕਾਰੀ ਨੇ ਦੱਸਿਆ,''ਫਾਤਿਮਾ ਨੇ ਸਮੀਰ ਅਤੇ ਉਸ ਦੇ ਪਰਿਵਾਰ ਵਿਰੁੱਧ ਵੱਖ-ਵੱਖ ਦੋਸ਼ਾਂ 'ਚ ਚਾਰ ਦੀਵਾਨੀ ਮਾਮਲੇ ਦਰਜ ਕਰਵਾਏ ਹੋਏ ਹਨ। ਪਤੀ ਦੇ ਪਰਿਵਾਰ ਨੇ ਵੀ ਉਸ ਵਿਰੁੱਧ ਇਕ ਮਾਮਲਾ ਦਰਜ ਕਰਵਾਇਆ ਹੈ। ਇਹ ਸਾਰੇ ਕੋਰਟ 'ਚ ਪੈਂਡਿੰਗ ਹਨ।'' ਉਨ੍ਹਾਂ ਨੇ ਕਿਹਾ ਕਿ ਤਲਾਕ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਦੂਜੀ ਮਹਿਲਾ ਨਾਲ ਵਿਆਹ ਕਰ ਲਿਆ
ਗਰੀਬ ਪਰਿਵਾਰ ਦੀ ਫਾਤਿਮਾ ਨੇ ਕਿਹਾ ਕਿ ਉਹ ਜਦੋਂ ਕੋਰਟ 'ਚ ਮਿਲੇ ਤਾਂ ਸਮੀਰ ਨੇ ਉਸ ਨੂੰ ਤਲਾਕ ਦੇ ਦਿੱਤਾ। ਉਸ ਨੇ ਦੋਸ਼ ਲਗਾਇਆ ਕਿ ਸਮੀਰ ਅਤੇ ਉਸ ਦੇ ਪਰਿਵਾਰ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਕਈ ਮਹੀਨੇ ਤੋਂ ਉਸ ਨੂੰ ਗੁਜ਼ਾਰਾ ਭੱਤਾ ਨਹੀਂ ਦੇ ਰਹੇ ਹਨ। ਜੁਵੇਰੀਆ ਨੇ ਇਹ ਵੀ ਦੋਸ਼ ਲਗਾਏ ਕਿ ਹਾਲ 'ਚ ਉਹ ਖਾੜੀ ਦੇਸ਼ ਤੋਂ ਇੱਥੇ ਆਇਆ ਸੀ ਅਤੇ ਉਸ ਨੇ ਦੂਜੀ ਮਹਿਲਾ ਨਾਲ ਵਿਆਹ ਕਰ ਲਿਆ। ਫਾਤਿਮਾ ਨੇ ਕਿਹਾ,''ਉਸ ਨੇ ਮੈਨੂੰ ਤਲਾਕ ਦੇ ਦਿੱਤਾ, ਕਿਉਂਕਿ ਉਹ ਫਿਰ ਤੋਂ ਵਿਆਹ ਕਰਨਾ ਚਾਹੁੰਦਾ ਸੀ। ਕੋਈ ਹੋਰ ਮੁੱਦਾ ਨਹੀਂ ਹੈ, ਉਹ ਫਿਰ ਤੋਂ ਵਿਆਹ ਕਰਨ ਹਾਲ ਹੀ 'ਚ ਇੱਥੇ ਆਇਆ ਸੀ, ਬਾਅਦ 'ਚ ਉਹ ਖਾੜੀ ਦੇਸ਼ ਵਾਪਸ ਚੱਲਾ ਗਿਆ।'' ਮੁਸਲਿਮ ਮਹਿਲਾ ਵਰਕਰ ਵੀ.ਪੀ. ਸੁਹਾਰਾ ਨੇ ਕਿਹਾ ਕਿ ਤਿੰਨ ਤਲਾਕ 'ਤੇ ਪਾਬੰਦੀ ਦੇ ਬਾਵਜੂਦ ਇਹ ਪ੍ਰਥਾ ਜਾਰੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪਤੀ ਅਤੇ ਉਸ ਦੇ ਪਰਿਵਾਰ ਵਿਰੁੱਧ ਕਾਰਵਾਈ ਕੀਤੀ ਜਾਵੇ।


DIsha

Content Editor

Related News