‘ਮਹਾ ਜੰਗਲਰਾਜ’ ਦਾ ਨਾਅਰਾ ਕਦੋਂ ਤੱਕ ਚੱਲੇਗਾ?

Wednesday, Dec 24, 2025 - 12:23 AM (IST)

‘ਮਹਾ ਜੰਗਲਰਾਜ’ ਦਾ ਨਾਅਰਾ ਕਦੋਂ ਤੱਕ ਚੱਲੇਗਾ?

ਨੈਸ਼ਨਲ ਡੈਸਕ- ਇੰਝ ਲਗਦਾ ਹੈ ਕਿ ਭਾਜਪਾ ਅਜੇ ਵੀ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਲਈ ਇਕ ਦਿਲਚਸਪ ਵੱਡੇ ਮੁੱਦੇ ਦੀ ਭਾਲ ਕਰ ਰਹੀ ਹੈ। ਅਜੇ ਤੱਕ ਉਹ ਕਿਸੇ ਪੱਕੀ ਕਹਾਣੀ ਜਾਂ ਇਕ ਖਾਸ ਮੁਹਿੰਮ ਦੇ ਨਾਅਰੇ ’ਤੇ ਨਹੀਂ ਪਹੁੰਚ ਸਕੀ ਹੈ। ਹੁਣ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਨਵੀਂ ਲਾਈਨ ਅਜ਼ਮਾਉਣ ਦੀ ਕੋਸ਼ਿਸ਼ ਕਰਦੇ ਵਿਖਾਈ ਦੇ ਰਹੇ ਹਨ। ਉਹ ਹੈ ਮਹਾ ਜੰਗਲਰਾਜ।

20 ਦਸੰਬਰ ਨੂੰ ਪੱਛਮੀ ਬੰਗਾਲ ’ਚ ਭਾਜਪਾ ਦੀ ਵਿਧਾਨ ਸਭਾ ਚੋਣਾਂ ਲਈ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦੇ ਹੋਏ ਮੋਦੀ ਨੇ ਰਾਣਾਘਾਟ ’ਚ ਇਕ ਰੈਲੀ ਨੂੰ ਵਰਚੁਅਲੀ ਸੰਬੋਧਨ ਕੀਤਾ ਤੇ ਮਹਾ ਜੰਗਲਰਾਜ’ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਨੂੰ ‘ਮਹਾ ਜੰਗਲਰਾਜ’ ਤੋਂ ਮੁਕਤ ਕਰਨ ਦੀ ਲੋੜ ਹੈ।

ਇਸ ਨਾਅਰੇ ਦੀਆਂ ਜੜ੍ਹਾਂ ਸਪੱਸ਼ਟ ਰੂਪ ’ਚ ਬਿਹਾਰ ਵਿਚ ਹਨ। ਇਹ ਕੋਈ ਸੰਜੋਗ ਨਹੀਂ ਹੈ। ਬਿਹਾਰ ’ਚ ਚੋਣ ਨਤੀਜਿਆਂ ਦੇ ਐਲਾਨ ਤੋਂ ਤੁਰੰਤ ਬਾਅਦ ਮੋਦੀ ਨੇ ਕਿਹਾ ਸੀ ਕਿ ਬਿਹਾਰ ਤੋਂ ਇਕ ਸੜਕ ਹੁਣ ਪੱਛਮੀ ਬੰਗਾਲ ਵੱਲ ਜਾਂਦੀ ਹੈ।

ਉਨ੍ਹਾਂ ਇਕ ਪ੍ਰਤੀਕਾਤਮਕ ਇਸ਼ਾਰਾ ਕੀਤਾ ਤੇ ਕਿਹਾ ਕਿ ਗੰਗਾ ਬਿਹਾਰ ਤੋਂ ਬੰਗਾਲ ਵੱਲ ਵਗਦੀ ਹੈ। ਉਨ੍ਹਾਂ ਰਾਣਾਘਾਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ਨੂੰ ਮੁੜ ਦੁਹਰਾਇਆ। ਇਸ ਸੰਦਰਭ ’ਚ ਹੀ ਉਨ੍ਹਾਂ ‘ਮਹਾ ਜੰਗਲਰਾਜ’ ਦਾ ਨਾਅਰਾ ਦਿੱਤਾ। ਇਹ ਯਾਦ ਰੱਖਣ ਯੋਗ ਹੈ ਕਿ ਬਿਹਾਰ ਹਾਈ ਕੋਰਟ ਨੇ ਵੀ ਇਕ ਵਾਰ ‘ਜੰਗਲ ਰਾਜ’ ’ਤੇ ਟਿੱਪਣੀ ਕੀਤੀ ਸੀ।

ਭਾਜਪਾ ਤੇ ਨਿਤੀਸ਼ ਕੁਮਾਰ ਨੇ ਇਸ ਮੁਹਾਵਰੇ ਨੂੰ ਅਪਣਾਇਆ ਅਤੇ ਲਾਲੂ ਪ੍ਰਸਾਦ ਯਾਦਵ ਤੇ ਰਾਬੜੀ ਦੇਵੀ ਦੇ ਰਾਜ ਨੂੰ ਖਤਮ ਕਰਨ ਲਈ ਇਸ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ। ਬਿਹਾਰ ਵਿਧਾਨ ਸਭਾ ਦੀਆਂ ਤਾਜ਼ਾ ਚੋਣਾਂ ’ਚ ਭਾਜਪਾ ਤੇ ਜਨਤਾ ਦਲ (ਯੂ) ਨੇ ‘ਜੰਗਲਰਾਜ’ ਦੀ ਵਾਪਸੀ ਨੂੰ ਰੋਕਣ ਦੇ ਵਾਅਦੇ 'ਤੇ ਚੋਣ ਲੜੀ।

ਹੁਣ ਉਹੀ ‘ਮਹਾ ਜੰਗਲਰਾਜ’ ਦਾ ਨਾਅਰਾ ਪੱਛਮੀ ਬੰਗਾਲ ’ਚ ਵਰਤੋਂ ਲਈ ਵਿਕਸਤ ਕੀਤਾ ਜਾ ਰਿਹਾ ਹੈ। ਇਸ ਸਵਾਲ ਦਾ ਅਜੇ ਵੀ ਕੋਈ ਜਵਾਬ ਨਹੀਂ ਹੈ ਕਿ ਕੀ ਬਿਹਾਰ ’ਚ ਘੜੀ ਗਈ ਕਹਾਣੀ ਉਸ ਬੰਗਾਲ ਦੇ ਵੋਟਰਾਂ ਨੂੰ ਪਸੰਦ ਆ ਸਕਦੀ ਹੈ ਜੋ ਇਕ ਬਹੁਤ ਹੀ ਵੱਖਰੀ ਕਿਸਮ ਦੇ ਸਿਆਸੀ ਇਤਿਹਾਸ ਤੇ ਸਮਾਜਿਕ ਸੰਦਰਭ ਵਾਲਾ ਸੂਬਾ ਹੈ।


author

Rakesh

Content Editor

Related News