2012 ਪਿੱਛੋਂ ਕਿਵੇਂ ਹਾਸ਼ੀਏ ’ਤੇ ਚਲੀ ਗਈ ਬਸਪਾ, ਕੀ ਕੇਂਦਰੀ ਏਜੰਸੀਆਂ ਨੇ ਡੁਬੋਈ ਮਾਇਆਵਤੀ ਦੀ ਬੇੜੀ!
Sunday, Apr 14, 2024 - 11:43 AM (IST)
ਜਲੰਧਰ/ਉੱਤਰ ਪ੍ਰਦੇਸ਼- ਸਾਲ 2012 ’ਚ ਉੱਤਰ ਪ੍ਰਦੇਸ਼ ਵਿਚ ਸੱਤਾ ਗੁਆਉਣ ਅਤੇ 2014 ’ਚ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਵਾਲੀ ਭਾਜਪਾ ਦੇ ਉਦੈ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਲਗਾਤਾਰ ਹਾਸ਼ੀਏ ’ਤੇ ਚੱਲ ਰਹੀ ਹੈ। ਜਾਣਕਾਰਾਂ ਮੁਤਾਬਕ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਬਸਪਾ ਕਾਫੀ ਕਮਜ਼ੋਰ ਹੋ ਚੁੱਕੀ ਹੈ। ਇਨ੍ਹਾਂ ਚੋਣਾਂ ਵਿਚ ਵੀ ਜੇ ਬਸਪਾ ਵੋਟ ਸ਼ੇਅਰ ਦੀ ਗਿਰਾਵਟ ਦੇ ਨਾਲ ਹਾਰ ਦਾ ਸਾਹਮਣਾ ਕਰਦੀ ਹੈ ਤਾਂ ਪਾਰਟੀ ਲਈ ਮੁੜ ਉਭਰ ਸਕਣਾ ਮੁਸ਼ਕਲ ਹੋਵੇਗਾ। ਇਕ ਰਿਪੋਰਟ ਮੁਤਾਬਕ ਬਸਪਾ ਦੇ ਸਮਰਥਕਾਂ ਨੂੰ ਹੁਣ ਲੱਗਣ ਲੱਗਾ ਹੈ ਕਿ ਉੱਤਰ ਪ੍ਰਦੇਸ਼ ’ਚ ਬਸਪਾ 80 ਸੀਟਾਂ ਦੇ ਮੁਕਾਬਲੇ ’ਚ ਨਹੀਂ ਹੈ। ਬਸਪਾ ਦੀ ਪ੍ਰਧਾਨ ਮਾਇਆਵਤੀ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਚਰਚਾ ਹੈ ਕਿ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਤੇ ਹੋਰ ਕੇਂਦਰੀ ਸਰਕਾਰੀ ਏਜੰਸੀਆਂ ਦੇ ਡਰ ਨੇ ਉਨ੍ਹਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਮਾਮਲੇ ਨਾਲ ਜੁੜੇ ਜਾਣਕਾਰ ਪਰਿਵਾਰਵਾਦ ਦੀ ਸਿਆਸਤ ਅਤੇ ਦੂਜੀ ਕਤਾਰ ਦੀ ਲੀਡਰਸ਼ਿਪ ਦੀ ਘਾਟ ਨੂੰ ਵੀ ਬਸਪਾ ਦੇ ਪਤਨ ਲਈ ਜ਼ਿੰਮੇਵਾਰ ਮੰਨਦੇ ਹਨ।
ਸਪਾ ਨੇ ਕਿਉਂ ਨਹੀਂ ਕੀਤੇ ਗੱਠਜੋੜ ਦੇ ਯਤਨ
ਬਸਪਾ ਨੂੰ 2014 ਦੀਆਂ ਲੋਕ ਸਭਾ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ’ਚ 20 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਸਨ ਪਰ 2019 ਦੀਆਂ ਚੋਣਾਂ ਵਿਚ 19 ਫੀਸਦੀ ਵੋਟਾਂ ਦੇ ਨਾਲ 10 ਸੀਟਾਂ ਹਾਸਲ ਕਰਨ ਤੋਂ ਬਾਅਦ ਸਪਸ਼ਟ ਹੋ ਚੁੱਕਾ ਹੈ ਕਿ ਉਹ ਆਪਣੇ ਸਹਿਯੋਗੀਆਂ ਨੂੰ ਵੋਟ ਟਰਾਂਸਫਰ ਕਰਨ ਦੇ ਮਾਮਲੇ ’ਚ ਸੀਮਿਤ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਸਮਾਜਵਾਦੀ ਪਾਰਟੀ ਨੇ ਵੀ ਇਸ ਵਾਰ ਬਸਪਾ ਨਾਲ ਗੱਠਜੋੜ ਕਰਨ ਦਾ ਕੋਈ ਯਤਨ ਨਹੀਂ ਕੀਤਾ। ਮਾਇਆਵਤੀ ਦੇ ਸਮਰਥਕ ਤੇ ਵਿਰੋਧੀ ਦੋਵੇਂ ਇਹ ਦਲੀਲ ਦਿੰਦੇ ਹੋਏ ਨਜ਼ਰ ਆਉਂਦੇ ਹਨ ਕਿ ਮਾਇਆਵਤੀ ’ਤੇ ਜੇਲ ਜਾਣ ਤੋਂ ਬਚਣ ਅਤੇ ਸਿਆਸੀ ਤੌਰ ’ਤੇ ਸਰਗਰਮ ਨਾ ਹੋਣ ਦਾ ਭਾਰੀ ਦਬਾਅ ਹੈ। ਉਹ ਵਿਰੋਧੀ ਰੈਂਕ ਦੇ ਕਈ ਆਗੂਆਂ ਜਿਵੇਂ ਹੇਮੰਤ ਸੋਰੇਨ, ਕੇ. ਕਵਿਤਾ, ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀਆਂ ਉਦਾਹਰਣਾਂ ਵੀ ਦਿੰਦੇ ਹਨ। ਬਸਪਾ ਦਾ ਆਧਾਰ 2022 ’ਚ ਉਸ ਵੇਲੇ ਜ਼ਮੀਨ ’ਤੇ ਡਿੱਗਦਾ ਹੋਇਆ ਨਜ਼ਰ ਆਇਆ ਜਦੋਂ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ 13 ਫੀਸਦੀ ਵੋਟ ਸ਼ੇਅਰ ਦੇ ਨਾਲ ਇਕੋ ਸੀਟ ’ਤੇ ਜਿੱਤ ਮਿਲੀ।
ਪਰਿਵਾਰ ਦੇ ਮੈਂਬਰਾਂ ਤੋਂ ਕਿੰਨਾ ਨੁਕਸਾਨ?
ਬਸਪਾ ਸੁਪਰੀਮੋ ਦੇ ਸਮਰਥਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਕਾਰਨ ਵੀ ਪਾਰਟੀ ਨੂੰ ਨੁਕਸਾਨ ਉਠਾਉਣਾ ਪਿਆ ਹੈ। ਉਨ੍ਹਾਂ ਦੇ ਕੁਝ ਵਿਰੋਧੀਆਂ ਤੇ ਸਮਰਥਕਾਂ ’ਚ ਇਹ ਚਰਚਾ ਵੀ ਰਹਿੰਦੀ ਹੈ ਕਿ ਮਾਇਆਵਤੀ ਨੇ ਸਰਗਰਮ ਤੌਰ ’ਤੇ ਪ੍ਰਚਾਰ ਨਾ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਏਜੰਸੀਆਂ ਉਨ੍ਹਾਂ ਦੇ ਭਰਾ ਆਨੰਦ ਕੁਮਾਰ ਅਤੇ ਭਤੀਜੇ ਤੇ ਸਿਆਸੀ ਉੱਤਰਾਧਿਕਾਰੀ ਆਕਾਸ਼ ਆਨੰਦ ਨੂੰ ਨਿਸ਼ਾਨਾ ਬਣਾਉਣਗੀਆਂ। ਇਹ ਵੀ ਇਕ ਕਾਰਨ ਦੱਸਿਆ ਜਾ ਰਿਹਾ ਹੈ ਕਿ ਮਾਇਆਵਤੀ ਨੇ ਵਿਰੋਧੀ ਭਾਰਤੀ ਧੜੇ ’ਚ ਸ਼ਾਮਲ ਹੋਣ ਦਾ ਕੋਈ ਯਤਨ ਨਹੀਂ ਕੀਤਾ। ਮਾਮਲੇ ਨਾਲ ਸਬੰਧਤ ਜਾਣਕਾਰ ਬਸਪਾ ਦੇ ਪਤਨ ਦੇ ਇਤਿਹਾਸਕ ਕਾਰਨ ਦੱਸਦੇ ਹੋਏ ਇਹ ਵੀ ਕਹਿੰਦੇ ਹਨ ਕਿ 2007 ਦੀਆਂ ਯੂ. ਪੀ. ਵਿਧਾਨ ਸਭਾ ਚੋਣਾਂ ’ਚ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ਤੋਂ ਬਾਅਦ 2009 ਦੀਆਂ ਲੋਕ ਸਭਾ ਚੋਣਾਂ ਵਿਚ ਖੁਦ ਨੂੰ ਇਕ ਕੌਮੀ ਪਾਰਟੀ ਦੇ ਤੌਰ ’ਤੇ ਉਭਾਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਸੀ। ਇਸ ਦੌਰਾਨ ਦੂਜੀ ਕਤਾਰ ਤੋਂ ਬਿਨਾਂ ਹੀ ਮਾਇਆਵਤੀ ਨੇ ਪਾਰਟੀ ਸੁਪਰੀਮੋ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ। ਬਸਪਾ ਇਸ ਦੌਰ ’ਚ ਸਮਾਜਿਕ ਅੰਦੋਲਨ ਨਾਲ ਚੋਣ ਮਸ਼ੀਨ ਵਾਲੀ ਪਾਰਟੀ ਦੇ ਤੌਰ ’ਤੇ ਬਦਲਦੀ ਚਲੀ ਗਈ ਅਤੇ ਕਾਂਸ਼ੀ ਰਾਮ ਵੱਲੋਂ ਕਲਪਨਾ ਕੀਤੀ ਗਈ ਤੇ ਬਣਾਈ ਗਈ ਬਸਪਾ ਦਾ ਅੰਤ ਹੋ ਗਿਆ।
ਕੀ ਕਹਿੰਦੇ ਹਨ ਮਾਮਲੇ ਨਾਲ ਜੁੜੇ ਜਾਣਕਾਰ
ਇਸ ਮਾਮਲੇ ’ਚ ਅਧਿਐਨ ਕਰ ਰਹੇ ਸੈਂਟਰ ਫਾਰ ਪਾਲਿਸੀ ਰਿਸਰਚ ਦੇ ਫੈਲੋ ਰਾਹੁਲ ਵਰਮਾ ਕਹਿੰਦੇ ਹਨ ਕਿ ਯੂ. ਪੀ. ਦੀ ਵਧਦੀ ਦੋ-ਧਰੁਵੀ ਸਿਆਸਤ ’ਚ ਬਸਪਾ ਹੁਣ ਪੂਰੀ ਤਰ੍ਹਾਂ ਹਾਸ਼ੀਏ ’ਤੇ ਆ ਗਈ ਹੈ। ਇਸ ਦੀ ਗਿਰਾਵਟ ਸਾਰੀਆਂ ਸਿਆਸੀ ਪਾਰਟੀਆਂ ਲਈ ਸਬਕ ਹੈ, ਖਾਸ ਤੌਰ ’ਤੇ ਉਨ੍ਹਾਂ ਪਾਰਟੀਆਂ ਲਈ ਜੋ ਇਕੋ ਮੁੱਦੇ ’ਤੇ ਸੰਗਠਿਤ ਹਨ ਜਾਂ ਪਰਿਵਾਰ ਵੱਲੋਂ ਚਲਾਈਆਂ ਜਾਂਦੀਆਂ ਹਨ ਅਤੇ ਸੀਮਿਤ ਸਮਾਜਿਕ ਅਧਾਰ ’ਤੇ ਭਰੋਸਾ ਕਰਦੀਆਂ ਹਨ। ਇਕ ਵਾਰ ਜਦੋਂ ਸਿਆਸਤ ਦਾ ਧਰੁਵੀਕਰਨ ਹੋ ਜਾਂਦਾ ਹੈ ਤਾਂ ਵਿਵਸਥਾ ’ਚ ਤੀਜੀਆਂ ਤੇ ਚੌਥੀਆਂ ਧਿਰਾਂ ਹੋਰ ਵੀ ਦੱਬੀਆਂ ਜਾਂਦੀਆਂ ਹਨ। 2022 ’ਚ ਬਸਪਾ ਤੇ ਕਾਂਗਰਸ ਦੇ ਨਾਲ ਇਹੀ ਹੋਇਆ ਸੀ। ਉਸ ਵੇਲੇ ਬਸਪਾ 13 ਫੀਸਦੀ ਤੋਂ ਘੱਟ ਵੋਟਾਂ ’ਤੇ ਅਤੇ ਕਾਂਗਰਸ 5 ਫੀਸਦੀ ਤੋਂ ਘੱਟ ਵੋਟਾਂ ’ਤੇ ਸਿਮਟ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e