ਭਾਜਪਾ ’ਚ ਸ਼ਾਮਲ ਹੋਏ ਬਿਸ਼ਨੋਈ ਨੇ ਭੁਪਿੰਦਰ ਹੁੱਡਾ ’ਤੇ ਕੀਤੇ ਤਿੱਖੇ ਸ਼ਬਦੀ ਵਾਰ
Sunday, Oct 23, 2022 - 03:51 PM (IST)
ਸਿਰਸਾ- ਆਦਮਪੁਰ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਕੁਲਦੀਪ ਬਿਸ਼ਨੋਈ ਨੇ ਕਿਹਾ ਹੈ ਕਿ ਮੇਰੇ ’ਤੇ ਅਨੁਸੂਚਿਤ ਜਾਤੀ ਵਿਰੋਧੀ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ, ਜਦਕਿ ਹਕੀਕਤ ਇਹ ਹੈ ਕਿ ਇਸ ਦਾ ਵਿਰੋਧੀ ਮੈਂ ਨਹੀਂ ਸਗੋਂ ਭੁਪਿੰਦਰ ਸਿੰਘ ਹੁੱਡਾ ਹਨ। ਬਿਸ਼ਨੋਈ ਨੇ ਜਨਸੰਪਰਕ ਮੁਹਿੰਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁੱਡਾ ਨੇ ਜਿੱਥੇ ਪਾਰਟੀ ਦੇ ਉਸ ਵੇਲੇ ਦੇ ਪ੍ਰਧਾਨ ਅਸ਼ੋਕ ਤੰਵਰ ’ਤੇ ਜਾਨਲੇਵਾ ਹਮਲਾ ਕਰਵਾਇਆ, ਉੱਥੇ ਹੀ ਪਾਰਟੀ ਦੇ ਸੀਨੀਅਰ ਨੇਤਾ ਕੁਮਾਰੀ ਸ਼ੈਲਜਾ ਨੂੰ ਪ੍ਰਧਾਨ ਅਹੁਦਾ ਛੱਡਣ ਲਈ ਮਜ਼ਬੂਰ ਕੀਤਾ।
ਬਿਸ਼ਨੋਈ ਨੇ ਦੋਸ਼ ਲਾਇਆ ਕਿ ਹੁੱਡਾ ਦੀ ਅਗਵਾਈ ’ਚ ਪ੍ਰਦੇਸ਼ ’ਚ ਕਾਂਗਰਸ ਸ਼ਾਸਨ ਦੇ ਚੱਲਦੇ ਆਦਮਪੁਰ ਵਿਧਾਨ ਸਭਾ ਖੇਤਰ ਦੀ ਅਣਦੇਖੀ ਹੋਈ। ਖੇਤਰ ਦੀ ਅਣਦੇਖੀ ਨੂੰ ਲੈ ਕੇ ਜਦੋਂ ਉਨ੍ਹਾਂ ਦੀ ਅਗਵਾਈ ’ਚ ਸਰਕਾਰ ਦੀ ਅੱਖ ਖੋਲ੍ਹਣ ਲਈ ਚੰਡੀਗੜ੍ਹ ’ਚ ਇਸ ਖੇਤਰ ਦੇ ਲੋਕ ਪ੍ਰਦਰਸ਼ਨ ਕਰਨ ਗਏ ਤਾਂ ਉਨ੍ਹਾਂ ’ਤੇ ਡੰਡੇ ਵਰ੍ਹਾਏ ਗਏ ਅਤੇ ਉਨ੍ਹਾਂ ਦੇ ਵਾਹਨ ਤੋੜ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਅੱਜ ਹੁੱਡਾ ਕਿਸ ਮੂੰਹ ਨਾਲ ਆਦਮਪੁਰ ਦੀ ਜਨਤਾ ਤੋਂ ਕਾਂਗਰਸ ਲਈ ਵੋਟਾਂ ਮੰਗਣਗੇ।
ਬਿਸ਼ਨੋਈ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਅਜੇ ਭਾਜਪਾ ’ਚ ਆਏ ਸਿਰਫ ਸਵਾ ਮਹੀਨਾ ਹੀ ਹੋਇਆ ਹੈ, ਇੰਨੇ ਸਮੇਂ ਵਿਚ ਉਨ੍ਹਾਂ ਨੇ ਕਰੋੜਾਂ ਰੁਪਏ ਦੇ ਪ੍ਰਾਜੈਕਟ ਆਦਮਪੁਰ ਵਿਧਾਨ ਸਭਾ ਖੇਤਰ ਲਈ ਸਰਕਾਰ ਤੋਂ ਲਏ ਹਨ। ਉਨ੍ਹਾਂ ਕਿਹਾ ਕਿ ਆਦਮਪੁਰ ਵਿਧਾਨ ਸਭਾ ਹਲਕਾ ਉਨ੍ਹਾਂ ਦਾ ਸਿਆਸੀ ਇਲਾਕਾ ਨਹੀਂ ਸਗੋਂ ਘਰ ਹੈ, ਇਸ ਇਲਾਕੇ ਦੇ ਲੋਕਾਂ ਨੇ ਚੌਧਰੀ ਭਜਨ ਲਾਲ ਤੋਂ ਲੈ ਕੇ ਬਿਸ਼ਨੋਈ ਤੱਕ ਸਾਨੂੰ ਸਮਰਥਨ ਦੇਣ ਦਾ ਮਨ ਬਣਾ ਲਿਆ ਹੈ। ਜਿਸ ਤੋਂ ਸਪੱਸ਼ਟ ਹੈ ਕਿ ਲੋਕਾਂ ਦਾ ਜੋ ਪਿਆਰ ਮਿਲ ਰਿਹਾ ਹੈ, ਬਿਸ਼ਨੋਈ ਦੀ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ।