ਵਿਆਪਮ ਘਪਲੇ ਤੋਂ ਵੀ ਵੱਡਾ ਹੈ ‘ਹਨੀ ਟ੍ਰੈਪ ਸੈਕਸ ਕਾਂਡ’, ਪੁਲਸ ਹੱਥ ਲੱਗੀਆਂ 1,000 ਤੋਂ ਵੱਧ ਵੀਡੀਓਜ਼

10/01/2019 12:24:46 AM

ਨਵੀਂ ਦਿੱਲੀ, (ਵਿਸ਼ੇਸ਼)-ਮੱਧ ਪ੍ਰਦੇਸ਼ ਦਾ ਹਨੀ ਟ੍ਰੈਪ ਸੈਕਸ ਕਾਂਡ ਛੇ ਸਾਲ ਪਹਿਲਾਂ ਉਜਾਗਰ ਹੋਏ ਵਪਾਰ ਪ੍ਰੀਖਿਆ ਮੰਡਲ (ਵਿਆਪਮ) ਘਪਲੇ ਤੋਂ ਵੀ ਵੱਡਾ ਸਕੈਂਡਲ ਬਣਦਾ ਜਾ ਰਿਹਾ ਹੈ। ਇਸ ਕਾਂਡ ਦੀ ਸੂਈ ਵੀ ਵਿਆਪਮ ਦੀ ਤਰ੍ਹਾਂ ਨੌਕਰਸ਼ਾਹਾਂ ਤੇ ਸਫੈਦਪੋਸ਼ਾਂ ਦੇ ਆਲੇ-ਦੁਆਲੇ ਹੀ ਘੁੰਮਦੀ ਨਜ਼ਰ ਆ ਰਹੀ ਹੈ। 1000 ਤੋਂ ਵੱਧ ਵੀਡੀਓ ਅਤੇ ਅਜਿਹੇ ਫੋਨ ਨੰਬਰ ਪੁਲਸ ਦੇ ਹੱਥ ਲੱਗ ਗਏ ਹਨ, ਜੋ ਵੱਡੇ ਸਿਆਸੀ ਤੂਫਾਨ ਵਲ ਇਸ਼ਾਰਾ ਕਰਦੇ ਹਨ। ਮੱਧ ਪ੍ਰਦੇਸ਼ ਤੇ ਇੰਦੌਰ ’ਚ ਹੁਣ ਤਕ ਦੀ ਜਾਂਚ ’ਚ ਚਾਰ ਟ੍ਰੈਪ ਗੈਂਗ ਦੇ ਸਾਹਮਣੇ ਆ ਚੁੱਕੇ ਹਨ। ਮਾਮਲੇ ਦੀ ਜਾਂਚ ਐੱਸ. ਆਈ. ਟੀ. (ਵਿਸ਼ੇਸ਼ ਜਾਂਚ ਟੀਮ) ਨੂੰ ਸੌਂਪ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੀਆਂ ਦੋ ਵੱਡੀਆਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦੇ ਨਾਂ ਇਸ ਹਨੀ ਟ੍ਰੈਪ ਸੈਕਸ ਕਾਂਡ ਨਾਲ ਜੁੜਨ ਲੱਗੇ ਹਨ। ਫਿਲਹਾਲ ਪੁਲਸ ਨੇ ਹੁਣ ਤਕ ਕਿਸੇ ਵੀ ਨੇਤਾ ’ਤੇ ਉਂਗਲੀ ਨਹੀਂ ਚੁੱਕੀ ਹੈ ਜੇਕਰ ਸਿਆਸੀ ਗਲਿਆਰਿਆਂ ’ਚ ਚਰਚਾ ਇਹੀ ਹੈ ਕਿ ਹਨੀ ਟ੍ਰੈਪ ਸੈਕਸ ਕਾਂਡ ਦੀਆਂ ਔਰਤਾਂ ਨਾਲ ਨੇਤਾਵਾਂ ਦੇ ਸਬੰਧ ਰਹੇ ਹਨ।

ਲਗਭਗ 10 ਦਿਨ ਪਹਿਲਾਂ ਇੰਦੌਰ ਦੀ ਪੁਲਸ ਨੇ 2 ਔਰਤਾਂ ਤੇ ਉਨ੍ਹਾਂ ਦੇ ਵਾਹਨ ਚਾਲਕ ਨੂੰ ਗ੍ਰਿਫਤਾਰ ਕੀਤਾ ਸੀ। ਇਹ ਔਰਤਾਂ ਨਗਰ ਨਿਗਮ ਦੇ ਇਕ ਇੰਜੀਨੀਅਰ ਦਾ ਵੀਡੀਓ ਬਣਾਉਣ ਦੇ ਬਾਅਦ ਉਸ ਨੂੰ ਬਲੈਕਮੇਲ ਕਰ ਕੇ ਉਸ ਤੋਂ 3 ਕਰੋੜ ਰੁਪਏ ਮੰਗ ਰਹੀਆਂ ਸਨ। ਮੰਗੀ ਗਈ ਰਕਮ ਦੀ ਪਹਿਲੀ ਕਿਸ਼ਤ ਦੇ ਤੌਰ ’ਤੇ 50 ਲੱਖ ਰੁਪਏ ਉਹ ਲੈਣ ਆਈ ਤਾਂ ਫੜੀ ਗਈ। ਬੀਤੇ 10 ਦਿਨਾਂ ’ਚ ਇਸ ਕਾਂਡ ਨਾਲ ਜੁ਼ੜੀਆਂ ਜੋ ਫੋਟੋਆਂ ਸਾਹਮਣੇ ਆ ਰਹੀਆਂ ਹਨ, ਉਹ ਹੈਰਾਨ ਕਰਨ ਵਾਲੀਆਂ ਹਨ। ਨਾਲ ਹੀ ਇਸ ਗੱਲ ਦਾ ਅਹਿਸਾਸ ਕਰਾ ਰਹੀਆਂ ਹਨ ਕਿ ਸੂਬੇ ’ਚ ਬੀਤੇ ਕਈ ਸਾਲਾਂ ’ਚ ਕਰੋੜਾਂ ਦੇ ਠੇਕੇ ਉਨ੍ਹਾਂ ਦੇ ਹੱਥ ਲੱਗ ਗਏ, ਜਿਨ੍ਹਾਂ ਨੇ ਔਰਤਾਂ ਦਾ ਭਰਪੂਰ ਇਸਤੇਮਾਲ ਕੀਤਾ। ਮਾਮਲੇ ’ਚ ਮੁੱਖ ਸਾਜ਼ਿਸ਼ਕਰਤਾ ਤੇ ਗ੍ਰਿਫਤਾਰ ਹੋ ਚੁੱਕੀ ਸਵੇਤਾ ਸਵਪਨਲ ਜੈਨ ਦੇ ਕਈ ਨੇਤਾਵਾਂ ਨਾਲ ਮੰਚ ਸਾਂਝਾ ਕਰਨ ਦੀਆਂ ਫੋਟੋਆਂ ਵਾਇਰਲ ਹੋਈਆਂ ਹਨ। ਹਾਲਾਂਕਿ ਰਾਜ ਸਰਕਾਰ ਨੇ ਪੂਰਾ ਮਾਮਲਾ ਐੱਸ. ਆਈ. ਟੀ. ਨੂੰ ਸੌਂਪ ਦਿੱਤਾ ਹੈ ਪਰ ਭਾਜਪਾ ਨੇਤਾਵਾਂ ਨੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ।

92 ਹਾਈ ਕੁਆਲਟੀ ਦੇ ਵੀਡੀਓ ਬਰਾਮਦ

ਇਕ ਨਿਊਜ਼ ਏਜੰਸੀ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਾਲੀਵੁੱਡ ਦੀਆਂ ਕਈ ਬੀ-ਗ੍ਰੇਡ ਐਕਟ੍ਰੈਸ ਵੀ ਹਨੀ ਟ੍ਰੈਪ ਮਾਮਲੇ ’ਚ ਸ਼ਾਮਲ ਹਨ। ਮੁੱਖ ਦੋਸ਼ੀ ਦੇ ਤੌਰ ’ਤੇ ਸਵੇਤਾ ਸਵਪਨਲ ਜੈਨ ਦਾ ਨਾਂ ਸਾਹਮਣੇ ਆਇਆ ਹੈ। ਉਸ ਨਾਲ ਕੁਝ ਲੜਕੀਆਂ ਵੀ ਹੁੰਦੀਆਂ ਸਨ। ਕਲੱਬ ’ਚ ਆਉਣ ਵਾਲੇ ਨੇਤਾਵਾਂ, ਅਫਸਰਾਂ ਨਾਲ ਸ਼ਵੇਤਾ ਦੋਸਤੀ ਕਰ ਲੈਂਦੀ ਸੀ। ਫਿਰ ਫੋਨ ’ਤੇ ਗੱਲਾਂ ਹੁੰਦੀਆਂ ਸਨ ਜਿਨ੍ਹਾਂ ’ਚ ਵੱਡੇ ਲੋਕਾਂ ਨੂੰ ਸੈਕਸ ਆਫਰ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਕਿਸੇ ਵੱਡੇ ਹੋਟਲ ਦੇ ਕਮਰੇ ’ਚ ਬੁਲਾਇਆ ਜਾਂਦਾ ਸੀ। ਨਿਊਜ਼ ਏਜੰਸੀ ਦੀ ਰਿਪਰੋਟ ਮੁਤਾਬਕ ਗਿਰੋਹ ’ਚ 40 ਤੋਂ ਵੱਧ ਕਾਲ ਗਰਲਸ ਅਤੇ ਅੈਕਟ੍ਰੈੱਸ ਸਨ। ਸ਼ੁਰੂਆਤ ’ਚ ਤਿੰਨ-ਚਾਰ ਵਾਰ ਹੋਟਲ ਜਾਣ ਤੋਂ ਬਾਅਦ ਨੇਤਾਵਾਂ ਨੂੰ ਸ਼ਵੇਤਾ ’ਤੇ ਭਰੋਸਾ ਹੋ ਜਾਂਦਾ ਸੀ। ਇਨ੍ਹਾਂ ’ਚੋਂ ਕਈ ਸਵੇਤਾ ਨਾਲ ਵਟਸਐਪ ’ਤੇ ਮੈਸੇਜ ਆਡੀਓ ਚੈਟਿੰਗ ਕਰਦੇ ਸਨ। ਸੈਕਸ ਚੈਟ ਦੇ ਕਈ ਸਕ੍ਰੀਨਸ਼ਾਟ ਪੁਲਸ ਨੂੰ ਮਿਲੇ ਹਨ। ਬਰਾਮਦ ਵੀਡੀਓ ’ਚ 92 ਹਾਈ ਕੁਆਲਟੀ ਦੇ ਵੀਡੀਓ ਹਨ। ਪੁਲਸ ਨੂੰ ਜ਼ਬਤ ਕੀਤੇ ਗਏ ਲੈਪਟਾਪ, ਮੋਬਾਇਲ ਫੋਨ ’ਚ 4000 ਤੋਂ ਵੱਧ ਫਾਈਲਾਂ ਮਿਲੀਆਂ ਹਨ। ਇਨ੍ਹਾਂ ’ਚ ਕਈ ਨੇਤਾ/ਅਫਸਰਾਂ ਦੇ ਇਤਰਾਜ਼ਯੋਗ ਹਾਲਤ ’ਚ ਫੋਟੋ ਤੇ ਵੀਡੀਓ ਹਨ।

ਐੱਨ. ਜੀ. ਓ. ਨੂੰ ਕਰੋੜਾਂ ਦੇ ਸਰਕਾਰੀ ਕਾਂਟ੍ਰੈਕਟ

ਨਿਊਜ਼ ਏਜੰਸੀ ਮੁਤਾਬਕ ਕੁਝ ਮੰਤਰੀ ਤੇ ਸੈਕਟਰੀ ਸ਼ਵੇਤਾ ਤੋਂ ਇੰਨੇ ਖੁਸ਼ ਹੋਏ ਕਿ ਉਸ ਦੀ ਐੱਨ. ਜੀ. ਓ. ਨੂੰ ਕਰੋੜਾਂ ਦੇ ਸਰਕਾਰੀ ਕਾਂਟ੍ਰੈਕਟ ਦੇਣ ਲੱਗੇ। ਇਹ ਗੱਲ ਸ਼ਵੇਤਾ ਨੇ ਪੁਲਸ ਨੂੰ ਦੱਸੀ। ਉਸ ਨੇ ਇਹ ਵੀ ਕਿਹਾ ਕਿ ਮੱਧ ਪ੍ਰਦੇਸ਼ ਦੇ ਇਕ ਸਾਬਕਾ ਸੀ. ਐੱਮ. ਨੇ ਉਸ ਨੂੰ ਭੋਪਾਲ ’ਚ ਬੰਗਲਾ ਵੀ ਗਿਫਟ ਕੀਤਾ ਹੈ। ਰਿਪੋਰਟ ਮੁਤਾਬਕ ‘‘ਕੁਝ ਖਾਸ ਲੋਕਾਂ ਨੂੰ ਮੁੰਬਈ ਤੇ ਦਿੱਲੀ ’ਚ ਭੇਜ ਕੇ ਮਾਡਲਸ ਅਤੇ ਬਾਲੀਵੁੱਡ ਐਕਟ੍ਰੈੱਸ ਵੀ ਉਪਲੱਬਧ ਕਰਾਈਆਂ ਗਈਆਂ’’।

ਵਿਆਪਮ ਘੋਟਾਲੇ ’ਚ ਹੁਣ ਤਕ ਕੀ ਹੋਇਆ?

ਵਿਆਪਮ ਘੋਟਾਲੇ ’ਤੇ ਗੌਰ ਕਰੀਏ ਤਾਂ ਇਕ ਗੱਲ ਸਾਫ ਹੁੰਦੀ ਹੈ ਕਿ ਇਸ ਮਾਮਲੇ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਈ ਨੇਤਾਵਾਂ ਨੂੰ ਜੇਲ ਜਾਣਾ ਪਿਆ। ਇਹ ਅੰਤਰਰਾਜੀ ਘੋਟਾਲਾ ਸਾਬਤ ਹੋਇਆ। ਇਸ ਮਾਮਲੇ ਦੀ ਐੱਸ. ਟੀ. ਐੱਫ., ਐੱਸ. ਆਈ. ਟੀ. ਤੋਂ ਬਾਅਦ ਸੀ. ਬੀ. ਆਈ. ਜਾਂਚ ਕਰ ਰਹੀ ਹੈ। ਇਸ ਮਾਮਲੇ ਨਾਲ ਜੁੜੇ ਲਗਭਗ 50 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ’ਚ ਇਕ ਨਿਊਜ਼ ਚੈਨਲ ਦੇ ਬੁਲਾਰੇ ਅਕਸ਼ੈ ਸਿੰਘ ਦਾ ਵੀ ਨਾਂ ਸ਼ਾਮਲ ਹੈ। ਇਸ ਘਪਲੇ ’ਚ 1450 ਵਿਦਿਆਰਥੀਆਂ ਖਿਲਾਫ ਕੇਸ ਦਰਜ ਕੀਤੇ ਗਏ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਦੋਸ਼ੀ ਬਣਾਇਆ ਗਿਆ। ਲਗਭਗ 3000 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ, ਜਿਨ੍ਹਾਂ ’ਚੋਂ ਵੱਡੀ ਗਿਣਤੀ ’ਚ ਲੋਕਾਂ ਨੂੰ ਜੇਲ ਜਾਣਾ ਪਿਆ।

ਵਿਆਪਮ ਦਾ ਪਾਰਟ-2 ਹੈ ਇਹ ਘਪਲਾ

ਕਾਂਗਰਸ ਦੇ ਸੀਨੀਅਰ ਨੇਤਾ ਕੇ. ਕੇ. ਮਿਸ਼ਰਾ ਨੇ ਕਿਹਾ, ‘‘ਹਨੀ ਟ੍ਰੈਪ ਸੈਕਸ ਕਾਂਡ ਪੂਰੀ ਤਰ੍ਹਾਂ ਚਾਰਿਤਰਿਕ ਪਤਨ ਨਾਲ ਜੁੜਿਆ ਹੋਇਆ ਹੈ, ਇਹ ਘਪਲਾ ਵਿਆਪਮ ਦਾ ਪਾਰਟ-2 ਹੈ, ਜਿਸ ’ਚ ਵੱਡੇ ਕਾਰੋਬਾਰੀ, ਨੌਕਰਸ਼ਾਹ, ਰਾਜਨੇਤਾ, ਮੀਡੀਆ ਜਗਤ ਦੇ ਲੋਕ ਜੁੜੇ ਹੋਏ ਹਨ। ਮੁੱਖ ਮੰਤਰੀ ਕਮਲਨਾਥ ਨੇ ਇਹ ਜਾਂਚ ਪੁਲਸ ਮਹਾਨਿਦੇਸ਼ਕ ਸੰਜੀਵ ਸ਼ੰਮੀ ਨੂੰ ਸੌਂਪੀ ਹੈ। ਉਸ ਦੀ ਜਾਂਚ ਦੇ ਬਾਅਦ ਦੂਜੀ ਕਿਸੇ ਜਾਂਚ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਸਾਰੇ ਚਿਹਰੇ ਬੇਨਕਾਬ ਹੋ ਜਾਣਗੇ। ਉਥੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਸਾਬਕਾ ਮੰਤਰੀ ਨਰੋਤਮ ਮਿਸ਼ਰਾ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਾਉਣ ਦੀ ਮੰਗ ਕਰ ਚੁੱਕੇ ਹਨ। ਭਾਜਪਾ ਦੇ ਮੁੱਖ ਬੁਲਾਰੇ ਡਾ. ਦੀਪਕ ਵਿਜੇਵਰਗੀ ਨੇ ਕਿਹਾ ਕਿ ਜਾਂਚ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਰਪੱਖ ਹੋਣੀ ਚਾਹੀਦੀ ਹੈ ਪਰ ਸਰਕਾਰ ਜਾਂਚ ਨੂੰ ਆਪਣੀ ਮਰਜ਼ੀ ਅਨੁਸਾਰ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਭਾਜਪਾ ਦੀ ਸੀ. ਬੀ. ਆਈ. ਜਾਂਚ ਦੀ ਮੰਗ ’ਤੇ ਇਹ ਕਹਿ ਕੇ ਵਿਅੰਗ ਕਸ ਰਹੇ ਹਨ ਕਿ ਭਾਜਪਾ ਦੇ ਲੋਕ ਵਿਆਪਮ ਦੀ ਤਰ੍ਹਾਂ ਸੀ. ਬੀ. ਆਈ. ਜ਼ਰੀਏ ਇਸ ਮਾਮਲੇ ਦੀ ਜਾਂਚ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ।

ਕਾਫੀ ਡੂੰਘੀਆਂ ਫੈਲੀਆਂ ਹਨ ਗਿਰੋਹ ਦੀਆਂ ਜੜ੍ਹਾਂ

ਪੁਲਸ ਦੇ ਹੱਥ, ਜੋ ਸੁਰਾਗ ਲੱਗੇ ਹਨ, ਉਹ ਇਸ ਗੱਲ ਦਾ ਖੁਲਾਸਾ ਕਰਦੇ ਹਨ ਕਿ ਹਨੀ ਟ੍ਰੈਪ ਸੈਕਸ ਕਾਂਡ ’ਚ ਸਿਰਫ 5 ਔਰਤਾਂ ਨਹੀਂ ਹਨ ਸਗੋਂ ਉਨ੍ਹਾਂ ਦੇ ਗਿਰੋਹ ਦੇ ਮੈਂਬਰ ਛੋਟੇ ਜ਼ਿਲਿਆਂ ਤਕ ਫੈਲੇ ਹੋਏ ਹਨ, ਜਿਨ੍ਹਾਂ ਦਾ ਸਮੇਂ-ਸਮੇਂ ’ਤੇ ਆਪਣੀ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾਂਦਾ ਸੀ। ਪਹਿਲਾਂ ਸਬੰਧਤ ਨੇਤਾ ਜਾਂ ਅਫਸਰ ਨੂੰ ਖੁਸ਼ ਕਰ ਕੇ ਠੇਕਾ ਜਾਂ ਦੂਜੇ ਕੰਮ ਮਨਜ਼ੂਰ ਕਰਾਏ ਜਾਂਦੇ ਸਨ ਅਤੇ ਜਿਸ ਨਾਲ ਇਹ ਕੰਮ ਨਹੀਂ ਹੁੰਦਾ ਸੀ, ਉਸ ਨੂੰ ਬਲੈਕਮੇਲ ਕਰਨ ਦੀ ਧਮਕੀ ਦੇ ਕੇ ਰਕਮ ਵਸੂਲੀ ਜਾਂਦੀ ਸੀ। ਇੰਨਾ ਹੀ ਨਹੀਂ ਵੱਡੇ ਅਫਸਰਾਂ ਦੀ ਪੋਸਟਿੰਗ ’ਚ ਵੀ ਇਹ ਔਰਤਾਂ ਵੱਡੀ ਭੂਮਿਕਾ ਨਿਭਾਉਂਦੀਆਂ ਸਨ। ਸੂਤਰਾਂ ਦਾ ਦਾਅਵਾ ਹੈ ਕਿ ਜੇਕਰ ਜਾਂਚ ਸਹੀ ਹੋਈ ਅਤੇ ਰਾਜਨੀਤਕ ਦਖਲ ਨਹੀਂ ਰਿਹਾ ਤਾਂ ਕਈ ਅਜਿਹੇ ਨੇਤਾਵਾਂ ਤੇ ਅਫਸਰਾਂ ਦੇ ਚਿਹਰੇ ਬੇਨਕਾਬ ਹੋਣਗੇ ਜਿਨ੍ਹਾਂ ਦਾ ਆਪਣੇ-ਆਪਣੇ ਖੇਤਰ ’ਚ ਕਰੀਅਰ ਅਜੇ ਬਹੁਤ ਲੰਬਾ ਹੈ ਅਤੇ ਉਹ ਮੁੱਖ ਅਹੁਦਿਆਂ ’ਤੇ ਹਨ।। ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਹਨ, ਉਨ੍ਹਾਂ ’ਚ ਕਾਂਗਰਸ ਤੇ ਭਾਜਪਾ ਦੋਵੇਂ ਦਲਾਂ ਨਾਲ ਜੁੜੇ ਨੇਤਾ ਵੱਡੀ ਗਿਣਤੀ ’ਚ ਹਨ।

ਹਨੀ ਟ੍ਰੈਪ ਗੈਂਗ ਪਾਰਟ-1

ਇੰਦੌਰ ’ਚ 18 ਸਤੰਬਰ ਨੂੰ ਇੰਦੌਰ ਪੁਲਸ ਨੇ 2 ਔਰਤਾਂ, ਇਕ ਪੁਰਸ਼ ਤੇ ਭੋਪਾਲ ਤੋਂ 3 ਔਰਤਾਂ ਨਾਲ ਇਕ ਪੁਰਸ਼ ਨੂੰ ਗ੍ਰਿਫਤਾਰ ਕੀਤਾ ਸੀ। ਗੈਂਗ ਨੇ ਕਈ ਵੱਡੇ ਰਾਜਨੇਤਾਵਾਂ ਤੇ ਨੌਕਰਸ਼ਾਹਾਂ ਨੂੰ ਹਨੀ ਟ੍ਰੈਪ ’ਚ ਫਸਾ ਕੇ ਬਲੇਕਮੈਲ ਕੀਤਾ ਸੀ।

ਹਨੀ ਟ੍ਰੈਪ ਗੈਂਗ ਪਾਰਟ-2

24 ਸਤੰਬਰ ਨੂੰ ਦੂਜੇ ਹਨੀ ਟ੍ਰੈਪ ਗੈਂਗ ਦਾ ਪਰਦਾਫਾਸ਼ ਭੋਪਾਲ ਦੀ ਨਿਸ਼ਾਤਪੁਰਾ ਥਾਣਾ ਪੁਲਸ ਨੇ ਕੀਤਾ ਸੀ। ਇਲਾਕੇ ਦੇ ਕਰੋਂਦ ’ਚ ਫੜੇ ਗਏ ਗੈਂਗ ’ਚ 2 ਕਾਲ ਗਰਲਜ਼ ਤੇ 2 ਦਲਾਲ ਸ਼ਾਮਲ ਸਨ।

ਹਨੀ ਟ੍ਰੈਪ ਗੈਂਗ ਪਾਰਟ-3

25 ਸਤੰਬਰ ਨੂੰ ਤੀਜੇ ਗੈਂਗ ਦਾ ਖੁਲਾਸਾ ਭੋਪਾਲ ਦੇ ਹੀ ਕੋਲਾਰ ਇਲਾਕੇ ’ਚ ਹੋਇਆ ਸੀ। ਕੋਲਾਰ ਇਲਾਕੇ ਤੋਂ ਫੜੇ ਗਏ ਗੈਂਗ ਦਾ ਕੁਨੈਕਸਨ ਨਿਸ਼ਾਤਪੁਰਾ ਤੇ ਕਰੋਂਦ ਗੈਂਗ ਤੋਂ ਸੀ।

ਹਨੀ ਟ੍ਰੈਪ ਗੈਂਗ ਪਾਰਟ-4

26 ਸਤੰਬਰ ਨੂੰ ਚੌਥੇ ਹਨੀ ਟ੍ਰੈਪ ਗੈਂਗ ਪਾਰਟ-4 ਦਾ ਖੁਲਾਸਾ ਭੋਪਾਲ ਦੇ ਨਿਸ਼ਾਤਪੁਰਾ ਥਾਣਾ ਖੇਤਰ ’ਚ ਹੋਇਆ ਹੈ। ਰਾਜਵੰਸ਼ ਕਾਲੋਨੀ ’ਚ ਕਿਰਾਏ ਦੇ ਇਕ ਮਕਾਨ ’ਚ ਸੈਕਸ ਰੈਕੇਟ ਦਾ ਖੁਲਾਸਾ ਹੋਇਆ। 7 ਔਰਤਾਂ ਤੇ 5 ਪੁਰਸ਼ ਅਸੁਵਿਧਾਜਨਕ ਹਾਲਤ ’ਚ ਗ੍ਰਿਫਤਾਰ ਕੀਤੇ ਗਏ। 13 ਮੋਬਾਇਲ ਫੋਨ ਜ਼ਬਤ ਹੋਏ। ਸਾਰੀਆਂ ਔਰਤਾਂ ਭੋਪਾਲ ਦੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਦੇ ਤਾਰ ਨਿਸ਼ਾਤਪੁਰਾ ਦੇ ਕਰੋਂਦ ਤੇ ਕੋਲਾਰ ਦੇ ਦਾਨਿਸ਼ ਕੁੰਜ ਤੋਂ ਫੜੇ ਗਏ ਗੈਂਗ ਨਾਲ ਜੁੜੇ ਹਨ।

ਜਾਂਚ ਦੇ ਨਿਕਲ ਸਕਦੇ ਹਨ ਗੰਭੀਰ ਨਤੀਜੇ

ਏ. ਡੀ. ਜੀ. ਪੀ. ਮੱਧ ਪ੍ਰਦੇਸ਼ ਸੰਜੀਵ ਸ਼ਰਮਾਂ ਨੇ ਇਸ ਸੰਬੰਧੀ ਕਿਹਾ ਕਿ ਜਾਂਚ ਜਾਰੀ ਹੈ। ਜਾਂਚ ’ਚ ਗੰਭੀਰ ਨਤੀਜੇ ਨਿਕਲ ਸਕਦੇ ਹਨ। 5 ਔਰਤਾਂ ਗ੍ਰਿਫਤਾਰ ਕੀਤੀਆਂ ਗਈਆਂ ਹਨ। ਟ੍ਰੈਪ ’ਚ ਫਸਣ ਵਾਲਿਆਂ ਦੀ ਲਿਸਟ ਬਹੁਤ ਲੰਬੀ ਹੈ।


Arun chopra

Content Editor

Related News