ਉੱਚ ਪੱਧਰੀ ਮੀਟਿੰਗ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਲਿਆ ਵੱਡਾ ਫ਼ੈਸਲਾ
Tuesday, Jan 26, 2021 - 09:42 PM (IST)
ਨਵੀਂ ਦਿੱਲੀ— ਗਣਤੰਤਰ ਦਿਵਸ ਮੌਕੇ ਕਿਸਾਨ ਵਲੋਂ ਅੱਜ ਟਰੈਕਟਰ ਪਰੇਡ ਕੱਢੀ ਗਈ। ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪਾਂ ਵੀ ਹੋਈਆਂ। ਜਿਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਚ ਪੱਧਰੀ ਮੀਟਿੰਗ ਸੱਦੀ। ਇਸ ਮੀਟਿੰਗ ’ਚ ਗ੍ਰਹਿ ਸਕੱਤਰ ਅਤੇ ਦਿੱਲੀ ਪੁਲਸ ਦੇ ਕਮਿਸ਼ਨਰ ਵੀ ਮੌਜੂਦ ਰਹੇ। ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਦਿੱਲੀ ’ਚ ਨੀਮ ਫ਼ੌਜੀ ਬਲਾਂ ਦੀਆਂ 15 ਕੰਪਨੀਆਂ ਤਾਇਨਾਤ ਹੋਣਗੀਆਂ। ਇਸ ਦੇ ਨਾਲ ਹੀ ਸੀ. ਆਰ. ਪੀ. ਐੱਫ. ਦੀਆਂ 10 ਕੰਪਨੀਆਂ ਤਾਇਨਾਤ ਹੋਣਗੀਆਂ।
ਦਿੱਲੀ ਪੁਲਸ ਕਮਿਸ਼ਨਰ ਨੇ ਜਵਾਨਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਪੂਰੀ ਤਾਕਤ ਨਾਲ ਮੁਕਾਬਲਾ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜਵਾਨ ਪ੍ਰਦਰਸ਼ਨਕਾਰੀਆਂ ਨਾਲ ਪੂਰੀ ਸਖ਼ਤੀ ਨਾਲ ਨਜਿੱਠਣ। ਉੱਥੇ ਹੀ ਇੰਡੀਆ ਗੇਟ ਵੱਲ ਜਾਣ ਵਾਲੇ ਸਾਰੇ ਰਸਤੇ ਬੰਦ ਕਰਨ ਨੂੰ ਕਿਹਾ ਗਿਆ ਹੈ।
ਦੱਸ ਦੇਈਏ ਕਿ ਆਲਾ ਪੁਲਸ ਅਧਿਕਾਰੀਆਂ ਨਾਲ ਬੈਠਕ ’ਚ ਗ੍ਰਹਿ ਮੰਤਰਾਲਾ ਨੇ ਦਿੱਲੀ ’ਚ ਹੋਈ ਹਿੰਸਾ ਨੂੰ ਲੈ ਕੇ ਚਰਚਾ ਕੀਤੀ। ਗ੍ਰਹਿ ਮੰਤਰਾਲਾ ਨੇ ਅੰਦਰੂਨੀ ਸੁਰੱਖਿਆ ਫੋਰਸ ਨੂੰ ਅਲਰਟ ਰਹਿਣ ਨੂੰ ਕਿਹਾ ਗਿਆ ਹੈ। ਬੈਠਕ ’ਚ ਅਮਿਤ ਸ਼ਾਹ ਨੇ ਦਿੱਲੀ ਦੇ ਹਾਲਾਤ ’ਤੇ ਸਾਰੀ ਜਾਣਕਾਰੀ ਲਈ। ਉੱਥੇ ਹੀ ਲਾਲ ਕਿਲ੍ਹੇ ਵੱਲੇ ਵਾਧੂ ਫੋਰਸ ਭੇਜੀ ਗਈ ਹੈ। ਦੱਸ ਦੇਈਏ ਕਿ ਕਿਸਾਨ ਟਰੈਕਟਰ ਲੈ ਕੇ ਦਿੱਲੀ ’ਚ ਦਾਖ਼ਲ ਹੋਏ ਅਤੇ ਲਾਲ ਕਿਲ੍ਹੇ ਤੱਕ ਪਹੁੰਚ ਗਏ। ਉੱਥੇ ਹੀ ਕਿਸਾਨਾਂ ਨੇ ਗਣਤੰਤਰ ਦਿਵਸ ਮੌਕੇ ’ਤੇ ਲਾਲ ਕਿਲ੍ਹੇ ਦੀ ਫਸੀਲ ’ਤੇ ਕੇਸਰੀ ਝੰਡਾ ਲਹਿਰਾ ਦਿੱਤਾ।
ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।