ਭਾਰਤ ''ਚ ਵੱਧਣ ਲੱਗੀ ਟੈਨਸ਼ਨ; ਤੇਜ਼ੀ ਨਾਲ ਫੈਲ ਰਿਹਾ HMPV ਵਾਇਰਸ
Tuesday, Jan 07, 2025 - 11:21 AM (IST)
ਨਵੀਂ ਦਿੱਲੀ- ਚੀਨ ਵਿਚ ਫੈਲਿਆ HMPV ਵਾਇਰਸ ਨੇ ਹੁਣ ਭਾਰਤ 'ਚ ਵੀ ਟੈਨਸ਼ਨ ਵਧਾ ਦਿੱਤੀ ਹੈ। ਬੈਂਗਲੁਰੂ ਅਤੇ ਗੁਜਰਾਤ ਵਿਚ HMPV ਵਾਇਰਸ ਦੇ ਮਾਮਲੇ ਰਿਪੋਰਟ ਕੀਤੇ ਜਾਣ ਮਗਰੋਂ ਹੁਣ ਮਹਾਰਾਸ਼ਟਰ ਦੇ ਨਾਗਪੁਰ ਵਿਚ ਇਸ ਵਾਇਰਸ ਦੀ ਐਂਟਰੀ ਹੋ ਗਈ ਹੈ। ਨਾਗਪੁਰ ਵਿਚ ਦੋ ਬੱਚਿਆਂ ਦੀ HMPV ਵਾਇਰਸ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਬੱਚਿਆਂ ਨੂੰ ਖੰਘ ਅਤੇ ਬੁਖਾਰ ਚੱਲਦੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਨਾਗਪੁਰ ਵਿਚ 7 ਸਾਲ ਦੇ ਬੱਚੇ ਅਤੇ 14 ਸਾਲ ਦੀ ਬੱਚੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਦੋਹਾਂ ਬੱਚਿਆਂ ਨੂੰ ਖੰਘ ਅਤੇ ਬੁਖਾਰ ਸੀ। ਹੁਣ ਦੇਸ਼ ਭਰ ਵਿਚ HMPV ਵਾਇਰਸ ਦੇ ਕੁੱਲ 8 ਮਾਮਲੇ ਹੋ ਚੁੱਕੇ ਹਨ।
ਮਹਾਰਾਸ਼ਟਰ ਸਰਕਾਰ ਦੀ ਸਿਹਤ ਵਿਭਾਗ ਦੀ ਟੀਮ ਵਾਇਰਸ ਨੂੰ ਲੈ ਕੇ ਅਲਰਟ ਮੋਡ 'ਤੇ ਹੈ। ਖੰਘ, ਬੁਖਾਰ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ। ਸਰਕਾਰ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ। ਸਿਹਤ ਵਿਭਾਗ ਵੱਲੋਂ ਇਸ ਵਾਇਰਸ ਸਬੰਧੀ ਦਿਸ਼ਾ-ਨਿਰਦੇਸ਼ ਜਲਦੀ ਹੀ ਜਾਰੀ ਕੀਤੇ ਜਾ ਰਹੇ ਹਨ।
ਇਸ ਵਾਇਰਸ ਦੇ ਲੱਛਣ ਕੀ ਹਨ?
ਇਸ ਵਾਇਰਸ ਨੂੰ ਹਿਊਮਨ ਮੈਟਾਪਨੀਓਮੋਵਾਇਰਸ ਜਾਂ HMPV ਵਾਇਰਸ ਕਿਹਾ ਜਾਂਦਾ ਹੈ, ਜਿਸ ਦੇ ਲੱਛਣ ਆਮ ਸਰਦੀ- ਜ਼ੁਕਾਮ ਵਰਗੇ ਹੀ ਹੁੰਦੇ ਹਨ। ਆਮ ਮਾਮਲਿਆਂ ਵਿਚ ਇਹ ਖੰਘ, ਵਗਦਾ ਨੱਕ ਜਾਂ ਗਲੇ ਵਿਚ ਖਰਾਸ਼ ਦਾ ਕਾਰਨ ਬਣਦਾ ਹੈ। HMPV ਦੀ ਲਾਗ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਵਿਚ ਗੰਭੀਰ ਹੋ ਸਕਦੀ ਹੈ। ਇਹ ਵਾਇਰਸ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਵਿਚ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ।
HMPV ਵਾਇਰਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?
ਇਹ ਕਰੋ:
● ਖੰਘਦੇ ਜਾਂ ਛਿੱਕਦੇ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਢੱਕੋ।
● ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਜਾਂ ਅਲਕੋਹਲ-ਅਧਾਰਤ ਸੈਨੀਟਾਈਜ਼ਰ ਨਾਲ ਵਾਰ-ਵਾਰ ਧੋਵੋ।
● ਜੇਕਰ ਤੁਹਾਨੂੰ ਬੁਖਾਰ, ਖੰਘ ਅਤੇ ਛਿੱਕ ਆਉਂਦੀ ਹੈ, ਤਾਂ ਜਨਤਕ ਥਾਵਾਂ ਤੋਂ ਦੂਰ ਰਹੋ।
● ਬਹੁਤ ਸਾਰਾ ਪਾਣੀ ਪੀਓ ਅਤੇ ਪੌਸ਼ਟਿਕ ਭੋਜਨ ਖਾਓ।
● ਲਾਗ ਨੂੰ ਘਟਾਉਣ ਲਈ ਸਾਰੇ ਖੇਤਰਾਂ ਵਿੱਚ ਲੋੜੀਂਦੀ ਹਵਾਦਾਰੀ ਨੂੰ ਯਕੀਨੀ ਬਣਾਓ।
ਅਜਿਹਾ ਨਾ ਕਰੋ:
● ਹੱਥ ਮਿਲਾਉਣ ਤੋਂ ਬਚੋ।
● ਟਿਸ਼ੂ ਪੇਪਰ ਅਤੇ ਨੈਪਕਿਨ ਦੀ ਮੁੜ ਵਰਤੋਂ ਨਾ ਕਰੋ।
● ਬੀਮਾਰ ਲੋਕਾਂ ਨਾਲ ਨਜ਼ਦੀਕੀ ਸੰਪਰਕ ਤੋਂ ਬਚੋ।
● ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਵਾਰ-ਵਾਰ ਛੂਹਣ ਤੋਂ ਬਚੋ।
● ਜਨਤਕ ਥਾਵਾਂ 'ਤੇ ਥੁੱਕਣ ਤੋਂ ਬਚੋ।
● ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਲੈਣ ਤੋਂ ਪਰਹੇਜ਼ ਕਰੋ।