ਭਾਗਵਤ ਦਾ ਵੱਡਾ ਬਿਆਨ, ਰਾਸ਼ਟਰਵਾਦ ਸ਼ਬਦ ''ਚੋਂ ਮਿਲਦੀ ਹੈ ਹਿਟਲਰ ਤੇ ਨਾਜ਼ੀ ਦੀ ਝਲਕ
Thursday, Feb 20, 2020 - 10:21 PM (IST)

ਰਾਂਚੀ – ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਨੇ ਰਾਸ਼ਟਰਵਾਦ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਵੀਰਵਾਰ ਕਿਹਾ ਕਿ ਰਾਸ਼ਟਰਵਾਦ ਦੀ ਥਾਂ ਰਾਸ਼ਟਰ ਜਾਂ ਰਾਸ਼ਟਰੀ ਸ਼ਬਦ ਦੀ ਵਰਤੋਂ ਹੋਣੀ ਚਾਹੀਦੀ ਹੈ। ਇਥੇ ਸੰਘ ਦੇ ਇਕ ਸਮਾਗਮ ਵਿਚ ਹਿੱਸਾ ਲੈਂਦਿਆਂ ਭਾਗਵਤ ਨੇ ਕਿਹਾ ਕਿ ਰਾਸ਼ਟਰਵਾਦ ਸ਼ਬਦ ਵਿਚੋਂ ਨਾਜ਼ੀ ਅਤੇ ਹਿਟਲਰ ਦੀ ਝਲਕ ਮਿਲਦੀ ਹੈ। ਆਰ. ਐੱਸ. ਐੱਸ. ਦਾ ਪਸਾਰ ਦੇਸ਼ ਲਈ ਹੈ। ਸਾਡਾ ਨਿਸ਼ਾਨਾ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਹੈ। ਸਾਨੂੰ ਰਾਸ਼ਟਰ ਜਾਂ ਰਾਸ਼ਟਰੀ ਸ਼ਬਦ ਦੀ ਪ੍ਰਮੁੱਖਤਾ ਨਾਲ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਬਣਾਉਣ ਵਿਚ ਹਿੰਦੂਆਂ ਦੀ ਜਵਾਬਦੇਹੀ ਸਭ ਤੋਂ ਵੱਧ ਹੈ। ਹਿੰਦੂ ਆਪਣੇ ਰਾਸ਼ਟਰ ਪ੍ਰਤੀ ਹੋਰ ਜ਼ਿੰਮੇਵਾਰ ਬਣਨ। ਹਿੰਦੂ ਭਾਰਤ ਦੇ ਸਭ ਧਰਮਾਂ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਨੂੰ ਇਕ ਸੂਤਰ ਵਿਚ ਜੋੜਦੇ ਹਨ। ਉਨ੍ਹਾਂ ਕਿਹਾ ਕਿ ਟਿਕਟ ਹਾਸਲ ਕਰਨ ਦੇ ਇੱਛੁਕ ਲੋਕ ਸ਼ਾਖਾ ਵਿਚ ਆਉਣ ਤੋਂ ਬਚਣ। ਇਥੇ ਲਾਲਚ ਕੰਮ ਨਹੀਂ ਆਏਗਾ। ਕਿਸੇ ਅਹੁਦੇ ਦੀ ਇੱਛਾ ਨਾਲ ਆਰ. ਐੱਸ. ਐੱਸ. ਵਿਚ ਆਉਣ ਵਾਲਿਆਂ ਨੂੰ ਕੁਝ ਨਹੀਂ ਮਿਲੇਗਾ। ਸੰਘ ਵਿਚ ਜੇ ਆਉਣਾ ਹੈ ਤਾਂ ਕੁਝ ਲੈਣ ਲਈ ਨਹੀਂ, ਦੇਣ ਲਈ ਆਓ। ਉਨ੍ਹਾਂ ਕਿਹਾ ਕਿ ਕੁਦਰਤ ਨੂੰ ਆਪਣਾ ਗੁਲਾਮ ਨਹੀਂ ਸਮਝਣਾ ਚਾਹੀਦਾ। ਮਨੁੱਖ ਨੇ ਕੁਦਰਤ ਦਾ ਬਹੁਤ ਨੁਕਸਾਨ ਕੀਤਾ ਹੈ। ਸਾਡੀ ਸੰਸਕ੍ਰਿਤੀ ਸਾਨੂੰ ਸਿਖਾਉਂਦੀ ਹੈ ਕਿ ਕੁਦਰਤ ਨੇ ਸਾਨੂੰ ਬਣਾਇਆ ਹੈ। ਅਸੀਂ ਕੁਦਰਤ ਨੂੰ ਵੀ ਕੁਝ ਵਾਪਸ ਕਰੀਏ।